May 7, 2014 | By ਸਿੱਖ ਸਿਆਸਤ ਬਿਊਰੋ
-ਮੇਜਰ ਸਿੰਘ
“ਪਿਛਲੇ ਸਮੇਂ ਦੌਰਾਨ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਅਕਾਲੀ ਲੀਡਰਸ਼ਿਪ ਆਪਣੇ ਦਮ ਉੱਪਰ ਚੋਣ ਮੈਦਾਨ ਵਿਚ ਉਤਰਦੀ ਰਹੀ ਹੈ ਤੇ ਭਾਈਵਾਲ ਪਾਰਟੀ ਸਹਾਇਕ ਬਣਦੀ ਰਹੀ ਹੈ, ਪਰ ਇਸ ਵਾਰ ਹਾਲਾਤ ਬਦਲ ਗਏ। ਲੋਕਾਂ ਦੇ ਅੰਦਰਲੇ ਸਖ਼ਤ ਰੋਸ ਨੇ ਲੀਡਰਸ਼ਿਪ ਨੂੰ ਏਨਾ ਨਿਹੱਥਾ ਕਰ ਦਿੱਤਾ ਕਿ ਪੰਜਾਬ ਦੀ ਗੱਲ ਹੀ ਛੱਡ ਦਿੱਤੀ ਅਤੇ ਸਾਰੇ ਪ੍ਰਚਾਰ ਦਾ ਕੇਂਦਰੀ ਧੁਰਾ ਮੋਦੀ ਦੇ ਪ੍ਰਧਾਨ ਮੰਤਰੀ ਤੇ ਜੇਤਲੀ ਦੇ ਖਜ਼ਾਨਾ ਮੰਤਰੀ ਬਣਨ ਨਾਲ ਪੰਜਾਬ ਦੀਆਂ ਪੌਂ ਬਾਰਾਂ ਹੋਣਾ ਬਣ ਗਿਆ। ਕੱਦਾਵਰ ਅਕਾਲੀ ਲੀਡਰਸ਼ਿਪ ਮੋਦੀ ਦੇ ਵਿਰਾਟ ਰੂਪ ਪਿੱਛੇ ਖੜ੍ਹੀ ਲੋਕਾਂ ਦੇ ਸਨਮੁੱਖ ਹੁੰਦੀ ਦਿਖਾਈ ਦਿੱਤੀ। ਅਜਿਹੀ ਸਥਿਤੀ ਅਕਾਲੀ ਲੀਡਰਸ਼ਿਪ ਦੀ ਸਮਰੱਥਾ ਤੇ ਸੂਝ ਸਿਆਣਪ ਬਾਰੇ ਸਵਾਲੀਆ ਚਿੰਨ੍ਹ ਖੜ੍ਹੇ ਕਰਨ ਲੱਗ ਪਈ ਹੈ।”
ਲੰਘੀਆਂ ਲੋਕ ਸਭਾ ਚੋਣਾਂ ਦਾ ਵਰਤਾਰਾ ਉਪਰੀ ਤੌਰ ‘ਤੇ ਵੇਖਿਆਂ ਭਾਵੇਂ ਕੋਈ ਬਹੁਤਾ ਬਦਲਿਆ ਨਜ਼ਰ ਨਹੀਂ ਆਉਂਦਾ ਪਰ ਇਸ ਚੋਣ ਅਮਲ ‘ਚ ਕਈ ਕੁਝ ਅਜਿਹਾ ਵਾਪਰਿਆ ਤੇ ਪਨਪਿਆ ਹੈ, ਜਿਸ ਨੇ ਪੰਜਾਬ ਦੀ ਸਿਆਸੀ ਫਿਜ਼ਾ ਨੂੰ ਆਉਣ ਵਾਲੇ ਦਿਨਾਂ ਵਿਚ ਡੂੰਘੇ ਰੂਪ ਵਿਚ ਪ੍ਰਭਾਵਿਤ ਕਰਨਾ ਹੈ ਅਤੇ ਨਵੇਂ ਸਿਆਸੀ ਸਮੀਕਰਨ ਪੈਦਾ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਪੰਜਾਬ ਦੇ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਹੈ ਕਿ ਦੋ ਪ੍ਰਮੁੱਖ ਪਾਰਟੀਆਂ ਅੰਦਰ ‘ਉਤਰ ਕਾਟੋ ਮੇਰੀ ਵਾਰੀ’ ਦੀ ਚਲੀ ਆ ਰਹੀ ਰਵਾਇਤ ਨੂੰ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੂੰ ਮਿਲਿਆ ਹੁੰਗਾਰਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ‘ਆਪ’ ਪੰਜਾਬ ਅੰਦਰ ਤੀਜੀ ਧਿਰ ਬਣ ਕੇ ਖੜ੍ਹ ਗਈ ਹੈ। ‘ਆਪ’ ਦੇ ਪੰਜਾਬ ਅੰਦਰ ਉਮੀਦਵਾਰ ਕਿੰਨੇ ਜਿੱਤਦੇ ਹਨ, ਅਹਿਮ ਗੱਲ ਇਹ ਨਹੀਂ, ਸਗੋਂ ਸਿਆਸੀ ਮਹੱਤਤਾ ਵਾਲੀ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ‘ਚ ਦਸਤਕ ਦੇਣ ਵਾਲੀ ਆਮ ਆਦਮੀ ਪਾਰਟੀ ਬਾਰੇ ਬੜੀ ਕੰਜੂਸੀ ਨਾਲ ਗਿਣਤੀ-ਮਿਣਤੀ ਕਰਨ ਵਾਲੇ ਵੀ 20 ਫੀਸਦੀ ਤੋਂ ਵੱਧ ਵੋਟਾਂ ‘ਆਪ’ ਨੂੰ ਪਈਆਂ ਮੰਨ ਕੇ ਚਲਦੇ ਹਨ।
ਪੰਜਾਬ ਅੰਦਰ ਕਦੇ ਵੀ ਪਿਛਲੇ ਛੇ ਦਹਾਕਿਆਂ ਦੌਰਾਨ ਤੀਜੇ ਬਦਲ ਵਜੋਂ ਉੱਭਰ ਰਹੀ ਪਾਰਟੀ ਨੂੰ ਅਜਿਹਾ ਹੁੰਗਾਰਾ ਨਹੀਂ ਮਿਲਿਆ। ਪਿਛਲੇ ਦੋ ਦਹਾਕੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਅੰਦਰ ਪੈਰ ਪਸਾਰਨ ਦੇ ਬੜੇ ਯਤਨ ਕੀਤੇ। 1989 ਦੀ ਲੋਕ ਸਭਾ ਚੋਣ ਵਿਚ ਬਸਪਾ ਦੇ ਦੋ ਉਮੀਦਵਾਰ ਲੋਕ ਸਭਾ ਮੈਂਬਰ ਬਣੇ। ਫਿਰ ਅਕਾਲੀ ਦਲ ਨਾਲ ਸਮਝੌਤੇ ਅਧੀਨ ਬਸਪਾ ਦੇ 1996 ਦੀ ਲੋਕ ਸਭਾ ਚੋਣ ਵਿਚ ਤਿੰਨ ਉਮੀਦਵਾਰ ਜੇਤੂ ਰਹੇ। ਪਰ ਬਸਪਾ ਦੀ ਵੋਟ ਕਦੇ ਵੀ 8 ਫੀਸਦੀ ਤੋਂ ਨਹੀਂ ਵਧੀ। ਫਿਰ 2010 ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਹੋਂਦ ਵਿਚ ਆਈ ਤੇ ਪੂਰੇ ਪੰਜਾਬ ਵਿਚ ਉਸ ਨੇ ਤਬਦੀਲੀ ਦਾ ਡੰਕਾ ਵਜਾਇਆ, ਪਰ ਉਸ ਨੂੰ ਵੀ 6 ਕੁ ਫੀਸਦੀ ਦੇ ਕਰੀਬ ਵੋਟ 2012 ਦੀ ਵਿਧਾਨ ਸਭਾ ਚੋਣ ਵਿਚ ਮਿਲੇ। ਵਿਲੱਖਣ ਗੱਲ ਇਹ ਵੀ ਹੈ ਕਿ ਪੰਜਾਬ ਅੰਦਰ ਹੁਣ ਤੱਕ ਗ਼ੈਰ-ਪੰਜਾਬੀ ਲੀਡਰਸ਼ਿਪ ਤੇ ਪਾਰਟੀ ਨੂੰ ਕਦੇ ਵੀ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਪਰ ਆਮ ਆਦਮੀ ਪਾਰਟੀ ਪਹਿਲੀ ਹੈ, ਜਿਸ ਦੀ ਸਮੁੱਚੀ ਲੀਡਰਸ਼ਿਪ ਪੰਜਾਬੋਂ ਬਾਹਰਲੀ ਹੈ ਤੇ ਪਾਰਟੀ ਦੇ ਨਾਂਅ ਉੱਪਰ ਹੀ ਲੋਕ ਪ੍ਰਭਾਵਿਤ ਹੋਏ ਹਨ।
ਲੋਕ ਮੁੱਦੇ ਉੱਭਰੇ:
ਚੋਣਾਂ ਦੌਰਾਨ ਇਸ ਵਾਰ ਵੀ ਭਾਵੇਂ ਭਾਵੁਕ ਅਪੀਲਾਂ ਦੀ ਕੋਈ ਘਾਟ ਨਹੀਂ ਰਹੀ, ਪਰ ਲਗਦਾ ਹੈ ਕਿ ਲੋਕ ਇਸ ਵਾਰ ਅਜਿਹੀਆਂ ਗੱਲਾਂ ਤੋਂ ਉੱਪਰ ਉੱਠ ਕੇ ਸੋਚਣ ਲੱਗੇ ਹਨ। ਅਕਾਲੀ ਦਲ ਦੀ ‘ਮੋਦੀ ਨੂੰ ਲਿਆਓ ਤੇ ਪੰਜਾਬ ਨਾਲ ਵਿਤਕਰਾ ਖਤਮ ਕਰੋ’ ਦੀ ਅਪੀਲ ਦਾ ਕਿਧਰੇ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ। ਉਲਟਾ ਸਗੋਂ ਪੰਜਾਬ ਦੇ ਵਿਕਾਸ ਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਦਾ ਦਮ ਭਰਨ ਵਾਲੀ ਅਕਾਲੀ ਲੀਡਰਸ਼ਿਪ ਪੰਜਾਬ ਅੰਦਰ ਆਪਣਾ ਮੋਹਰੀ ਰੋਲ ਹੀ ਛੱਡ ਗਈ।
ਪਿਛਲੇ ਸਮੇਂ ਦੌਰਾਨ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਅਕਾਲੀ ਲੀਡਰਸ਼ਿਪ ਆਪਣੇ ਦਮ ਉੱਪਰ ਚੋਣ ਮੈਦਾਨ ਵਿਚ ਉਤਰਦੀ ਰਹੀ ਹੈ ਤੇ ਭਾਈਵਾਲ ਪਾਰਟੀ ਸਹਾਇਕ ਬਣਦੀ ਰਹੀ ਹੈ, ਪਰ ਇਸ ਵਾਰ ਹਾਲਾਤ ਬਦਲ ਗਏ। ਲੋਕਾਂ ਦੇ ਅੰਦਰਲੇ ਸਖ਼ਤ ਰੋਸ ਨੇ ਲੀਡਰਸ਼ਿਪ ਨੂੰ ਏਨਾ ਨਿਹੱਥਾ ਕਰ ਦਿੱਤਾ ਕਿ ਪੰਜਾਬ ਦੀ ਗੱਲ ਹੀ ਛੱਡ ਦਿੱਤੀ ਅਤੇ ਸਾਰੇ ਪ੍ਰਚਾਰ ਦਾ ਕੇਂਦਰੀ ਧੁਰਾ ਮੋਦੀ ਦੇ ਪ੍ਰਧਾਨ ਮੰਤਰੀ ਤੇ ਜੇਤਲੀ ਦੇ ਖਜ਼ਾਨਾ ਮੰਤਰੀ ਬਣਨ ਨਾਲ ਪੰਜਾਬ ਦੀਆਂ ਪੌਂ ਬਾਰਾਂ ਹੋਣਾ ਬਣ ਗਿਆ। ਕੱਦਾਵਰ ਅਕਾਲੀ ਲੀਡਰਸ਼ਿਪ ਮੋਦੀ ਦੇ ਵਿਰਾਟ ਰੂਪ ਪਿੱਛੇ ਖੜ੍ਹੀ ਲੋਕਾਂ ਦੇ ਸਨਮੁੱਖ ਹੁੰਦੀ ਦਿਖਾਈ ਦਿੱਤੀ। ਅਜਿਹੀ ਸਥਿਤੀ ਅਕਾਲੀ ਲੀਡਰਸ਼ਿਪ ਦੀ ਸਮਰੱਥਾ ਤੇ ਸੂਝ ਸਿਆਣਪ ਬਾਰੇ ਸਵਾਲੀਆ ਚਿੰਨ੍ਹ ਖੜ੍ਹੇ ਕਰਨ ਲੱਗ ਪਈ ਹੈ।
ਬਾਦਲ ਹੋਏ ਚੋਣ ‘ਚ ਅਣਗੌਲੇ:
ਪਿਛਲੀ ਕਰੀਬ ਅੱਧੀ ਸਦੀ ਤੋਂ ਪੰਜਾਬ ਅੰਦਰ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦਾ ਹਮੇਸ਼ਾ ਦਬਦਬਾ ਬਣਿਆ ਰਿਹਾ ਹੈ। ਓਨਾ ਹੀ ਨਹੀਂ 1995 ਤੋਂ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਕੌਮੀ ਹੀਰੋ ਵਾਲੀ ਬਣ ਗਈ। ਹਰ ਚੋਣ ਵਿਚ ਉਹ ਪਾਰਟੀ ਦੇ ਸਟਾਰ ਚੋਣ ਪ੍ਰਚਾਰਕ ਬਣ ਕੇ ਵਿਚਰਦੇ ਰਹੇ, ਪਰ ਲੋਕ ਸਭਾ ਚੋਣਾਂ ਵਿਚ ਉਹ ਰੈਲੀਆਂ ਆਦਿ ਤਾਂ ਪਹਿਲੇ ਦਿਨ ਤੋਂ ਹੀ ਕਰਦੇ ਰਹੇ, ਪਰ ਉਨ੍ਹਾਂ ਦੀ ਹਾਜ਼ਰੀ ਕਿਧਰੇ ਵੀ ਰੜਕਵੀਂ ਨਹੀਂ ਰਹੀ। ਇਥੋਂ ਤੱਕ ਕਿ ਕਿਸੇ ਸਮੇਂ ਚੋਣ ਮੁਹਿੰਮ ਦਾ ਰੁੱਖ ਬਦਲਣ ਦੀ ਸਮਰੱਥਾ ਰੱਖਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ ਵਿਚ ਇਹ ਕਹਿੰਦਿਆਂ ਆਪਣੀ ਲਾਚਾਰੀ ਜ਼ਾਹਰ ਕਰਦੇ ਵੇਖੇ ਗਏ ਕਿ ‘ਸਾਡੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਾ ਦਿਓ’।
ਸ: ਸੁਖਬੀਰ ਸਿੰਘ ਬਾਦਲ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗੇ ਚੋਣ ਪ੍ਰਬੰਧਕ ਵਜੋਂ ਉੱਭਰੇ ਸਨ ਤੇ ਉਨ੍ਹਾਂ ਦਾ ਸਿੱਕਾ ਹੀ ਇਹ ਜੰਮਿਆ ਸੀ ਕਿ ਚੋਣ ਪ੍ਰਬੰਧਕ ਦੀ ਕਲਾਕਾਰੀ ਦੇ ਸਿਰ ਉੱਪਰ ਉਹ ਚੋਣ ਜਿੱਤਣ ਦੇ ਸਮਰੱਥ ਹੁੰਦੇ ਹਨ। ਆਪਣੇ ਇਸੇ ਪ੍ਰਬੰਧਕੀ ਮੰਤਰ ਦੇ ਸਹਾਰੇ ਉਹ ਅਗਲੇ 25 ਸਾਲ ਪੰਜਾਬ ‘ਚ ਰਾਜ ਕਰਨ ਦਾ ਦਾਅਵਾ ਵੀ ਕਰਦੇ ਰਹੇ ਹਨ। ਪਰ ਇਨ੍ਹਾਂ ਚੋਣਾਂ ‘ਚ ਸੁਖਬੀਰ ਸਿੰਘ ਦਾ ਚੋਣ ਮੰਤਰ ਗੁਆਚਿਆ ਹੀ ਨਜ਼ਰ ਆਇਆ ਤੇ ਚੋਣ ਪ੍ਰਚਾਰ ਦਾ ਆਖਰੀ ਡੇਢ ਹਫ਼ਤਾ ਉਹ ਪੂਰੇ ਪੰਜਾਬ ‘ਚ ਪ੍ਰਚਾਰ ਬੰਦ ਕਰਕੇ ਆਪਣੀ ਪਤਨੀ ਦੀ ਚੋਣ ਮੁਹਿੰਮ ਨੂੰ ਲਾਮਬੰਦ ਕਰਨ ਉੱਪਰ ਹੀ ਧਿਆਨ ਕੇਂਦਰਿਤ ਕਰੀ ਬੈਠੇ ਨਜ਼ਰ ਆਏ।
Related Topics: Aam Aadmi Party, Badal Dal, Narindera Modi, Parkash Singh Badal