Site icon Sikh Siyasat News

ਵਿਵਾਦਿਤ ਫਿਲਮ ਮਾਮਲੇ ਵਿਚ ਬਾਦਲ ਪਿਉ-ਪੁੱਤ-ਨੂੰਹ ਤੇ ਤਿੰਨ ਕਮੇਟੀ ਪ੍ਰਧਾਨਾਂ ਸਮੇਤ 23 ਲੋਕਾਂ ਖਿਲਾਫ ਪੁਲਿਸ ਸ਼ਿਕਾਇਤ

ਅੰਮ੍ਰਿਤਸਰ, (ਨਰਿੰਦਰਪਾਲ ਸਿੰਘ): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਫਲਸਫੇ ਤੇ ਅਧਾਰਿਤ ਘਟਨਾਵਾਂ ਉਪਰ ਬਣਾਈ ਗਈ ਫਿਲਮ ਨਾਨਕਸ਼ਾਹ ਫਕੀਰ ਦੀ ਤਿਆਰੀ ਤੋਂ ਲੈਕੇ ਰਲੀਜ ਤੀਕ ਕਾਰਜਸ਼ੀਲ ਲੋਕਾਂ ਨੂੰ ਸਖਤ ਸਜਾ ਦਿਵਾਉਣ ਹਿੱਤ ਦਲ ਖਾਲਸਾ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਾਸ ਬਕਾਇਦਾ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਸਜਾ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਵਿੱਚ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ, ਫਿਲਮ ਦੇ ਸੰਗੀਤ ਕਾਰ ਉਤਮ ਸਿੰਘ, ਫਿਲਮ ਨੂੰ ਹਰੀ ਝੰਡੀ ਦੇਣ ਵਾਲੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸੁਖਦੇਵ ਸਿੰਘ ਢੀਂਡਸਾ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪਰਧਾਨ ਅਵਤਾਰ ਸਿੰਘ ਮੱਕੜ, ਬੀਬੀ ਜਗੀਰ ਕੌਰ, ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੋਂਗਵਾਲ, ਕਮੇਟੀ ਦੇ ਸਾਬਕਾ ਮੁਖ ਸਕੱਤਰ ਹਰਚਰਨ ਸਿੰਘ ਅਤੇ ਮੌਜੂਦਾ ਮੁਖ ਸਕੱਤਰ ਡਾ. ਰੂਪ ਸਿੰਘ ਸਮੇਤ ਕੁਲ 23 ਲੋਕ ਸ਼ਾਮਿਲ ਹਨ।

ਪੁਲਿਸ ਸ਼ਿਕਾਇਤ ਦਰਜ ਕਰਾਉਣ ਮੌਕੇ ਸਿੱਖ ਆਗੂ

ਸ੍ਰ.ਬਲਦੇਵ ਸਿੰਘ ਸਿਰਸਾ, ਸ੍ਰ.ਨੋਬਲਜੀਤ ਸਿੰਘ, ਸ੍ਰ.ਅਜੀਤ ਸਿੰਘ ਬਾਠ ਆਦਿ ਦੇ ਦਸਤਖਤਾਂ ਹੇਠ ਕਮਿਸ਼ਨਰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪਾਸ ਮਤਾ ਨੰਬਰ 5566 ਮਿਤੀ 30/5/2003 ਜਿਸਦੀ ਪ੍ਰੋੜਤਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਮਿਤੀ 10/7/2003 ਨੇ ਮਤਾ ਨੰਬਰ 887 ਰਾਹੀਂ ਕੀਤੀ ਹੈ ਵਿੱਚ ਸਾਫ ਦੱਸਿਆ ਗਿਆ ਹੈ ਕਿ ‘ਸਿੱਖ ਗੁਰੂ ਸਾਹਿਬਾਨ, ਗੁਰੂ ਪਰਿਵਾਰ, ਉਨ੍ਹਾਂ ਦੇ ਨੇੜਲੀਆਂ ਸਤਿਕਾਰਤ ਸ਼ਖਸ਼ੀਅਤਾਂ ਅਤੇ ਪੰਜ ਪਿਆਰੇ ਸਾਹਿਬਾਨ ਦੀ ਭੂਮਿਕਾ ਕਿਸੇ ਵੀ ਕਲਾਕਾਰ ਵਲੋਂ ਕਿਸੇ ਵੀ ਫਿਲਮ, ਦਸਤਾਵੇਜੀ ਫਿਲਮ ਜਾਂ ਨਾਟਕ ਵਿੱਚ ਨਹੀ ਨਿਭਾਈ ਜਾ ਸਕਦੀ।

ਦੱਸਿਆ ਗਿਆ ਹੈ ਕਿ ਉਪਰੋਕਤ ਲੋਕਾਂ ਨੇ ਸਮੇਂ-ਸਮੇਂ ਵਿਵਾਦਤ ਫਿਲਮ ਦੀ ਤਿਆਰੀ , ਕਲੀਨ ਚਿੱਟ ਦੇਣ ਤੋਂ ਲੈਕੇ ਰਲੀਜ ਦੇ ਮੁਕਾਮ ਤੀਕ ਪਹੁੰਚਾਣ ਤੇ ਫਿਲਮ ਦੇ ਪ੍ਰਚਾਰ ਪ੍ਰਸਾਰ ਦੀ ਭੂਮਿਕਾ ਨਿਭਾਈ। ਜਦੋਂ ਸਮੁਚੇ ਸਿੱਖ ਜਗਤ ਵਲੋਂ ਫਿਲਮ ਦਾ ਵਿਰੋਧ ਜਿਤਾਇਆ ਗਿਆ ਤਾਂ ਫਿਲਮ ਦੀ ਰਲੀਜ ਤੇ ਪਾਬੰਦੀ ਦੀ ਮੰਗ ਉਠਾ
ਦਿੱਤੀ ਗਈ। ਸ਼੍ਰੋਮਣੀ ਕਮੇਟੀ ਵਲੋਂ ਚੁਣੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਫਿਲਮ ਨਿਰਮਾਤਾ ਨੁੰ ਪੰਥ ‘ਚੋਂ ਛੇਕ ਦਿੱਤਾ ਗਿਆ। ਆਗੂਆਂ ਨੇ ਦੱਸਿਆ ਹੈ ਕਿ ਫਿਲਮ ਤੇ ਪਾਬੰਦੀ ਦੀ ਮੰਗ ਕਰਕੇ ਅਤੇ ਨਿਰਮਾਤਾ ਨੂੰ ਪੰਥ ‘ਚੋਂ ਛੇਕ ਕੇ ਸਬੰਧਤਾਂ ਨੇ ਖੁੱਦ ਹੀ ਆਪਣੀ ਗਲਤੀ ਸਵੀਕਾਰ ਲਈ ਹੈ।

ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਗੈਰ ਸਿਧਾਂਤਕ ਕਾਰਵਾਈ ਕਰਕੇ ਸਮੁਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਇਸ ਲਈ ਇਨ੍ਹਾਂ ਸਾਰਿਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਸਖਤ ਸਜਾ ਦਿਵਾਈ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version