ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਦੀ ਦ੍ਰਿੜਤਾ ਅੱਗੇ ਝੁਕਦਿਆਂ ਪੁਲਿਸ ਨੇ ਪਿੰਡ ਜੋਧਪੁਰ ਵਿੱਚ ਨੂਰਮਹਿਲੀਆਂ ਦਾ ਡੇਰਾ ਕਰਵਾਇਆ ਬੰਦ

December 13, 2014 | By

ਸੰਗਤ ਨੂੰ ਸੰਬੋਧਨ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਸੰਗਤ ਨੂੰ ਸੰਬੋਧਨ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਤਰਨ ਤਾਰਨ (12 ਦਸੰਬਰ, 2014): ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਕਰਨ ਦੇ ਦੋਸ਼ੀ ਡੇਰੇ ਨੂੰ ਬੰਦ ਕਰਵਾਉਣ ਦੇ ਦਿੱਤੇ ਐਲਟੀਮੇਟਮ ‘ਤੇ ਅੱਜ ਪ੍ਰਸਾਸ਼ਨ ‘ਤੇ ਸਬਾਅਦ ਬਣਾਉਦਿਆਂ ਪਿੰਡ ਜੋਧਪੁਰ ਵਿੱਚ ਸਥਿਤ ਨੂਰਮਹਿਲੀਆਂ ਦਾ ਡੇਰਾ ਬੰਦ ਕਰਵਾ ਦਿੱਤਾ ਹੈ।

ਪਹਿਲੀ ਦਸੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕਰ ਦੇਣ ਸਬੰਧੀ ਪਸ਼ਚਾਤਾਪ ਵਜੋਂ ਕਰਵਾਏ ਗਏ ਪੰਜ ਅਖੰਡ ਪਾਠਾਂ ਦੇ ਭੋਗ ਦੇ ਆਖਰੀ ਦਿਨ ਅੱਜ ਕਰਵਾਏ ਗਏ ਧਾਰਮਿਕ ਸਮਾਗਮਾਂ ‘ਚ ਗਰਮਖਿਆਲੀ ਸਿੱਖ ਜਥੇਬੰਦੀਆਂ ਇਸ ਕਾਂਡ ਦੇ ਕਥਿਤ ਦੋਸ਼ੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਆਂ) ਦਾ ਇੱਥੇ ਸਥਿਤ ਡੇਰਾ (ਆਸ਼ਰਮ) ਬੰਦ ਕਰਾਉਣ ਵਿੱਚ ਕਾਮਯਾਬ ਹੋ ਗਈਆਂ।

ਜ਼ਿਲ੍ਹਾ ਪ੍ਰਸ਼ਾਸਨ ਨੇ ਨੂਰਮਹਿਲੀਆਂ ਦੇ ਇੱਥੋਂ ਦੀ ਮੁਰਾਦਪੁਰ ਸੜਕ ਸਥਿਤ ਡੇਰੇ ਨੂੰ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਤਾਲਾ ਲਾ ਕੇ ਚਾਬੀਆਂ ਜਥੇਬੰਦੀਆਂ ਦੇ ਹਵਾਲੇ ਕਰ ਦਿੱਤੀਆਂ। ਇਸ ਤੋਂ ਪਹਿਲਾਂ ਪਿੰਡ ਵਿਖੇ ਹੋਏ ਧਾਰਮਿਕ ਸਮਾਗਮਾਂ ਵਿੱਚ ਨਰਮਖਿਆਲੀ ਅਤੇ ਗਰਮਖਿਆਲੀ ਵਿਚਾਰਾਂ ਦਾ ਕਈ ਵਾਰ ਭੇੜ ਹੋਇਆ ਸੀ।
ਅੱਜ ਜਿਵੇਂ ਹੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸੰਬੋਧਨ ਕੀਤਾ ਤਾਂ ਉਨ੍ਹਾਂ ਨੇ ਕਈ ਵਾਰ ‘ਖ਼ਾਲਿਸਤਾਨ’ ਨੂੰ ਹੀ ਸਿੱਖਾਂ ਦਾ ਨਿਸ਼ਾਨਾ ਕਿਹਾ। ਉਨ੍ਹਾਂ ਦੇ ਹਮਾਇਤੀਆਂ ਨੇ ‘ਖ਼ਾਲਿਸਤਾਨ’ ਦੇ ਹੱਕ ਵਿੱਚ ਨਾਅਰੇ ਲਾਏ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਦੋਂ ਸੰਬੋਧਨ ਕਰਨ ਲਈ ਕਿਹਾ ਗਿਆ ਤਾਂ ਕਈ ਗਰਮਖਿਆਲੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਚਾਹਿਆ ਪਰ ਉਹ ਆਪਣੇ ਵਿਚਾਰ ਰੱਖਣ ਵਿੱਚ ਕਾਮਯਾਬ ਰਹੇ।

ਉਨ੍ਹਾਂ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਸਿੱਖ ਜਥੇਬੰਦੀਆਂ ਨੂੰ ਪੰਜ ਮੈਂਬਰੀ ਟੀਮ ਕਾਇਮ ਕਰਕੇ ਮਿਲ ਬੈਠ ਕੇ ਕੋਈ ਫੈਸਲਾ ਕਰਨ ਲਈ ਕਿਹਾ। ਵੈਸੇ, ਉਨ੍ਹਾਂ ਨੇ ਸੰਗਤ ਨੂੰ ਆਪਣੇ ਵਿਚਾਰਾਂ ਨਾਲ ਕਾਇਲ ਕਰ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਜੋ ਕੁਝ ਵੀ ਸਰਕਾਰ ਕਰ ਰਹੀ ਹੈ, ਉਹ ਠੀਕ ਹੈ ਅਤੇ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

ਜਿਵੇਂ ਹੀ ਉਨ੍ਹਾਂ ਆਪਣਾ ਸੰਬੋਧਨ ਸਮਾਪਤ ਕੀਤਾ ਤਾਂ ਗਰਮਖਿਆਲੀਆਂ ਨੇ ਸਟੇਜ ‘ਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਨੂੰ ਕੰਵਲਜੀਤ ਸਿੰਘ ਵਨਝੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅੱਜ ਹੀ 10 ਮਿੰਟਾਂ ਦੇ ਅੰਦਰ-ਅੰਦਰ ਨੂਰਮਹਿਲੀਆਂ ਦਾ ਇੱਥੇ ਸਥਿਤ ਡੇਰਾ ਬੰਦ ਕਰਵਾ ਕੇ ਹੀ ਰਹਿਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਜਥੇਬੰਦੀਆਂ ਕਾਰਵਾਈ ਕਰਨਗੀਆਂ। ਸਥਿਤੀ ਨਾਜ਼ੁਕ ਹੁੰਦੀ ਦੇਖ ਪ੍ਰਸ਼ਾਸਨ ਨੇ ਸਿੱਖ ਜਥੇਬੰਦੀਆਂ ਦੇ ਆਗੂ ਕੰਵਲਜੀਤ ਸਿੰਘ ਵਨਝੜੀ ਅਤੇ ਸਤਨਾਮ ਸਿੰਘ ਮਨਾਵਾ ਨੂੰ ਨਾਲ ਲੈ ਕੇ ਇੱਥੇ ਲਿਆ ਕੇ ਨੂਰਮਹਿਲੀਆਂ ਦੇ ਡੇਰੇ ਨੂੰ ਤਾਲਾ ਲਾ ਕੇ ਚਾਬੀਆਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,