October 9, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (10 ਅਕਤੂਬਰ, 2015): ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਿਹਿਬ ਤੋਂ ਸੰਨ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਸਿੱਖ ਰਵਾਇਤਾਂ ਦਾ ਘਾਣ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਰਸੇ ਦੇ ਸੌਦਾ ਸਾਧ ਨੂੰ ਬਿਨ੍ਹਾਂ ਮੰਗਿਆਂ ਮਾਫੀ ਦੇਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਜੱਥੇਦਾਰਾਂ ਦੇ ਬਾਈਕਾਟ ਦੀ ਇਸ਼ਤਿਹਾਰੀ ਮੁਹਿੰਮ ਚਲਾਉਣ ਵੱਲੇ ਸਿੱਖ ਨੌਜਵਾਨਾਂ ਅਤੇ ਆਗੂਆਂ ਦੀ ਪੰਜਾਬ ਪੁਲਿਸ ਫੜੋ-ਫੜੀ ਜੋਰਾਂ ‘ਤੇ ਹੈ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿਘ ਟਾਂਡਾ ਨੂੰ ਕੱਲ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਉਨ੍ਹਾਂ ਨੂੰ ਅੰਮ੍ਰਿਤਸਰ ਲਿਆਦਾ ਗਿਆ । ਅੰਮ੍ਰਿਤਸਰ ਤੋਂ ਹੀ ਇਸ ਜੱਥੇਬੰਦੀ ਦੇ ਕਾਰਕੂਨ ਗਗਨਦੀਪ ਸਿੰਘ ਅਤੇ ਹੋਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਉਕਤ ਨੌਜਵਾਨਾਂ ਦੀ ਗ੍ਰਿਫਤਾਰੀ ਸਬੰਧੀ ਅੱਜ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਕੰਵਰਪਾਲ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਉਨ੍ਹਾਂ ਦੇ ਦਫਤਰ ਮਿਲ ਕੇ ਗੱਲਬਾਤ ਕੀਤੀ।
ਗੱਲਬਾਤ ਤੋਂ ਬਾਅਦ ਜਦ ਭਾਈ ਕੰਵਰਪਾਲ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਦਲ ਖਾਲਸਾ ਦੇ ਦਫਤਰ ਮੀਟਿੰਗ ਕਰਕੇ ਬਾਹਰ ਨਿਕਲੇ ਤਾਂ ਪੁਲਿਸ ਨੇ ਉਨ੍ਹਾਂ ਦੀ ਘੇਰਾਬੰਦੀ ਕਰਕੇ ਗ੍ਰਿਫਤਾਰ ਕਰ ਲ਼ਿਆ।
ਸਿੱਖ ਸਿਆਸਤ ਨੂੰ ਪ੍ਰਪਾਤ ਜਾਣਕਾਰੀ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਅਤੇ ਆਗੂਆਂ ‘ਤੇ ਜੱਥੇਦਾਰਾਂ ਖਿਲਾਫ ਇਸ਼ਤਿਹਾਰ ਲਾਉਣ ‘ਤੇ ਥਾਣਾ ਸਿਵਲ ਲਾਇਨਜ਼ ਅੰਮ੍ਰਿਤਸਰ ਵਿੱਚ 107/151 ਦਾ ਪਰਚਾ ਦਰਜ਼ ਕੀਤਾ ਗਿਆ ਹੈ।ਜਿੰਨਾਂ ਵਿਅਕਤੀਆਂ ‘ਤੇ ਪਰਚਾ ਦਰਜ਼ ਕੀਤਾ ਗਿਆ ਹੈ ਉਨ੍ਹਾਂ ਵਿੱਚ ਇਸ਼ਤਿਹਾਰ ਦਾ ਨਮੂਨਾ ਕਰਨ ਅਤੇ ਛਾਪਣ ਵਾਲਾ ਵੀ ਸ਼ਾਮਲ ਹੈ।
ਭਾਈ ਹਰਪਾਲ ਸਿੰਘ ਚੀਮਾ ਨੂੰ ਪੁਲਿਸ ਨੇ ਇਹ ਕਹਿੰਦਿਆਂ ਰਿਹਾਅ ਕਰ ਦਿੱਤਾ ਕਿ ਪੁਲਿਸ ਵੱਲੋਂ ਇਸ਼ਤਿਹਾਰਾਂ ਸਬੰਧੀ ਕੀਤੀ ਜਾਂਚ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਈ ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਗ੍ਰਿਫਤਾਰ ਕੀਤੇ ਸਿੱਖ ਨੌਜਾਵਨਾਂ ਅਤੇ ਆਗੂਆਂ ਨੂੰ ਪੁਲਿਸ ਜੇਲ ਭੇਜਣ ਦੀ ਤਿਆਰੀ ਵਿੱਚ ਲੱਗੀ ਹੋਈ ਸੀ।
ਜ਼ਿਕਰਯੋਗ ਹੈ ਕਿ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਣ ਦੇ ਕੌਮ ਘਾਤੀ ਫੈਸਲੇ ਖਿਲਾਫ ਸਮੁੱਚੀ ਸਿੱਖ ਕੌਮ ਵਿੱਚ ਜੱਥੇਦਾਰਾਂ ਖਿਲਾਫ ਅੰਤਾਂ ਦਾ ਰਹ ਫੈਲਿਆ ਹੋਇਆ ਹੈ। ਹਰ ਜਗਾਂ ਸਿੱਖ ਕੌਮ ਵੱਖ-ਵੱਖ ਤਰੀਕਿਆਂ ਰਾਹੀਂ ਇਸ ਫੈਸਲੇ ਵਿਰੁੱਧ ਰੋਸ ਪ੍ਰਗਟ ਕਰ ਹੀ ਹੈ। ਸਿੱਖ ਜੱਥੇਬੰਦੀਆਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਰੋਸ ਦਾ ਨਿਵੇਕਲਾ ਰਾਹ ਅਖਤਿਆਰ ਕਰਦਿਆਂ ਜੱਥੇਦਾਰਾਂ ਦੇ ਇਸ ਫੈਸਲੇ ਖਿਲਾਫ ਇਸ਼ਤਿਹਾਰੀ ਮੁਹਿੰਮ ਚਲਾਈ ਸੀ।
Related Topics: Akali Dal Panch Pardhani, Bhai Harpal Singh Cheema (Dal Khalsa), Bhai Kanwarpal Singh, Dal Khalsa International, Dera Sauda Sirsa, Giani Gurbachan Singh, Paramjeet Singh Tanda, Punjab Police