Site icon Sikh Siyasat News

ਅਵਤਾਰ ਸਿੰਘ ਮੱਕੜ ਦੀ ਜਾਇਦਾਦ ਦੀ ਸੀਬੀਆਈ ਜਾਂਚ ਲਈ ਹਾਈਕੋਰਟ ਵਿੱਚ ਦਿੱਤੀ ਜਾਵੇਗੀ ਅਰਜ਼ੀ

ਅਵਤਾਰ ਸਿੰਘ ਮੱਕੜ

ਚੰਡੀਗੜ੍ਹ (8 ਨਵੰਬਰ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸਾਧਨਾ ਤੋਂ ਵੱਧ ਬਣਾਈ ਗਈ ਜਾਇਦਾਦ ਦੀ ਸੀਬੀਆਈ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ‘ਚ ਚੀਫ਼ ਸੈਕਟਰੀ ਦੀ ਨਿਯੁਕਤੀ ਨੂੰ ਹਾਈਕੋਰਟ ‘ਚ ਚੁਣੌਤੀ ਦੇਣ ਵਾਲੇ ਪੰਜਾਬ ਦੇ ਸਿੱਖ ਸਦਭਾਵਨਾ ਦਲ ਨੇ ਹੁਣ ਕਮੇਟੀ ਪ੍ਰਧਾਨ ਅਵਤਾਰ ਸਿੰਘ ਦੀ ਆਮਦਨੀ ਨੂੰ ਸ੍ਰੋਤਾਂ ਤੋਂ ਵੱਧ ਦੱਸਦਿਆਂ ਇਸਦੀ ਸੀ.ਬੀ.ਆਈ. ਜਾਂਚ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਦੀ ਗੱਲ ਆਖੀ ਹੈ ।

ਚੇਤੇ ਰਹੇ ਕਿ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਰੰਜ਼ਸ਼ ਤਹਿਤ ਅੰਮ੍ਰਿਤਸਰ ਤੋਂ ਜੀਂਦ ਬਦਲੀ ਕੀਤੇ ਗਏ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਇਸ ਦਲ ਦੇ ਮੁਖੀ ਹਨ ।ਦਲ ਦੇ ਸੇਵਾਦਾਰ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਆਪਣੇ ਪ੍ਰਧਾਨਗੀ ਕਾਰਜਕਾਲ ‘ਚ ਜੋ ਵੀ ਜਾਇਜ਼ ਅਤੇ ਨਜਾਇਜ਼ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਦੀ ਮੁਕੰਮਲ ਸੂਚੀ ਤਿਆਰ ਕਰ ਲਈ ਗਈ ਹੈ ।

ਉਨ੍ਹਾਂ ਕਿਹਾ ਬੜੀ ਹੈਰਾਨਗੀ ਦੀ ਗ਼ੱਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਉਕਤ ਜਾਇਦਾਦਾਂ ਸਿਰਫ਼ ਪੰਜਾਬ ‘ਚ ਹੀ ਨਹੀਂ ਬਲਕਿ ਭਾਰਤ ਦੇ ਕਈ ਸੂਬਿਆਂ ‘ਚ ਵੀ ਹਨ, ਜਿੰਨ੍ਹਾਂ ਦੀ ਕੀਮਤ ਅੱਜ ਦੇ ਸਮੇਂ ‘ਚ ਤਰਕੀਬਨ 85 ਤੋਂ 90 ਕਰੋੜ ਰੁਪਏ ਬਣਦੀ ਹੈ, ਇਸ ਲਈ ਉਹ ਜੱਥੇਦਾਰ ਅਵਤਾਰ ਸਿੰਘ ਦੀਆਂ ਉਪਰੋਕਤ ਸਾਰੀਆਂ ਜਾਇਦਾਦਾਂ ਅਤੇ ਸ੍ਰੋਤਾਂ ਦੀ ਵੱਧ ਆਮਦਨ ਦੀ ਨਿਰਪੱਖ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਬੂਹਾ ਖੜਕਾਉਣ ਜਾ ਰਹੇ ਹਨ ।

ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਦੇਖ ਰੇਖ ਕਰਨ ਵਾਲੀ ਸ਼੍ਰੋਮਣੀ ਕਮੇਟੀ ਨੂੰ ਬਜਟ ‘ਚ ਘਾਟਾ ਪੈ ਜਾਂਦਾ ਹੈ, ਉਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਮਦਨ ‘ਚ ਦਿਨੋਂ ਦਿਨ ਹੋ ਰਿਹਾ ਵਾਧਾ ਸ਼ੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version