February 18, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 1990 ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਹੁਣ 26 ਸਾਲ ਬੀਤ ਜਾਣ ਤੇ ਭਾਈ ਵਰਿਆਮ ਸਿੰਘ ਜੀ ਦੀ ਪੱਕੀ ਰਿਹਾਈ ਸੰਭਵ ਹੋ ਸਕੀ ਹੈ। ਭਾਈ ਵਰਿਆਮ ਸਿੰਘ ਜੋ ਕਿ ਯੂ ਪੀ ਦੀ ਬਾਂਸ ਬਰੇਲੀ ਜੇਲ ਵਿੱਚ 17-04-1990 ਤੋਂ ਟਾਡਾ ਕਾਨੂੰਨ ਅਧੀਨ ਨਜਰਬੰਦ ਕਰਕੇ ਰੱਖੇ ਗਏ ਸਨ ਉਹ ਬੀਤੇ ਵਰ੍ਹੇ 17 ਦਸੰਬਰ ਨੂੰ 25 ਸਾਲ ਜੇਲ ਵਿੱਚ ਨਜਰਬੰਦੀ ਤੋਂ ਬਾਅਦ ਪਹਿਲੀ ਵਾਰ ਪੈਰੋਲ ‘ਤੇ ਰਿਹਾਅ ਹੋ ਕੇ ਆਏ ਸਨ।
ਯੂ.ਪੀ ਦੇ ਜਿਲ੍ਹੇ ਸਹਾਰਨਪੁਰ ਅਧੀਨ ਪੈਂਦੇ ਪਿੰਡ ਬਾਰੀਬਾਰਾ ਦੇ ਵਾਸੀ ਭਾਈ ਵਰਿਆਮ ਸਿੰਘ ਪੁੱਤਰ ਸ. ਆਤਮਾ ਸਿੰਘ, ਨੂੰ ਮੁਕੱਦਮਾ ਨੰ. 80/1990 ਵਿੱਚ ਟਾਡਾ ਕਾਨੂੰਨ ਦੀ ਧਾਰਾ 3, 4 ਅਤੇ 120ਬੀ ਆਈ.ਪੀ.ਸੀ ਅਧੀਨ ਪੀਲੀਭੀਤ ਦੀ ਟਾਡਾ ਅਦਾਲਤ ਵਲੋਂ 10-01-1995 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਾਈ ਵਰਿਆਮ ਸਿੰਘ ਦਾ ਕੇਸ ਵੀ ਉਨ੍ਹਾਂ ਅਨੇਕ ਬੰਦੀ ਸਿੰਘਾਂ ਵਾਂਗ ਹੀ ਹੈ ਜੋ ਕਿ ਭਾਰਤ ਦੀਆਂ ਵੱਖੋ ਵੱਖ ਜੇਲਾਂ ਵਿੱਚ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਇਸ ਲੰਬੀ ਜੇਲ ਦੌਰਾਨ ਪਹਿਲਾਂ ਕਦੇ ਵੀ ਪੈਰੋਲ ਨਹੀਂ ਮਿਲੀ ਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਪ੍ਰਚੱਲਤ ਉਮਰ ਕੈਦ ਤੋਂ ਕਈ ਵਰ੍ਹੇ ਵੱਧ ਕੈਦ ਕੱਟਣੀ ਪਈ ਹੈ।
ਬੀਤੇ ਵਰ੍ਹੇ ਅਕਤੂਬਰ ਵਿੱਚ ਭਾਰਤ ਦੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਈ ਵਰਿਆਮ ਸਿੰਘ ਨੂੰ ਰਿਹਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਉਸ ਤੋਂ ਬਾਅਦ ਭਾਈ ਵਰਿਆਮ ਸਿੰਘ ਨੂੰ ਪੈਰੋਲ ਤੇ ਰਿਹਾਅ ਕਰ ਦਿੱਤਾ ਗਿਆ ਸੀ ਤੇ ਹੁਣ ਉਨ੍ਹਾਂ ਦੀ ਪੱਕੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
Related Topics: Bhai Waryam SIngh