February 24, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਹਰਿਆਣਾ ਅੰਦਰ ਜਾਟਾਂ ਵੱਲੋਂ ਰਾਖਵੇਂ ਕੋਟੇ ਦੀ ਮੰਗ ਕਰਦਿਆ ਜੋ ਹਿੰਸਕ ਅੰਦੋਲਨ ਕੀਤਾ ਗਿਆ ਹੈ ਉਸ ਵਿੱਚ ਸਭ ਤੋਂ ਜਿਆਦਾ ਨੁਕਸਾਨ ਪੰਜਾਬੀਆ ਦਾ ਹੋਇਆ ਹੈ ਤੇ ਇਸ ਹਿੰਸਕ ਅੰਦੋਲਨ ਦੀ ਜਾਚ ਕੇਂਦਰ ਸਰਕਾਰ ਵੱਲੋਂ ਸੀ.ਬੀ.ਆਈ ਤੋ ਕਰਵਾਈ ਜਾਵੇ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਮੰਗ ਕਰਦਿਆਂ ਕਿਹਾ ਕਿ ਹਰਿਆਣਾ ਦੇ ਰੋਹਤਕ, ਜੀਂਦ, ਪਾਨੀਪਤ, ਸੋਨੀਪਤ, ਕਰਨਾਲ, ਝੱਜਰ ਸਮੇਤ ਕਈ ਵੱਡੇ ਸ਼ਹਿਰਾਂ ਅੰਦਰ ਸਿਰਫ਼ ਪੰਜਾਬੀਆਂ ਦੀਆ ਜਾਇਦਾਦਾਂ ਨੂੰ ਨਿਸ਼ਾਨਾ ਬਣਾਕੇ ਜਲਾਇਆ ਗਿਆ ਹੈ।
ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਵਿੱਚ ਹੋਈ ਹਿੰਸਾ ਨਵੰਬਰ 1984 ਦੀਆ ਹਿੰਸਕ ਘਟਨਾਵਾ ਵਰਗੀ ਹੀ ਸੀ। ਇਸ ਵਾਰ ਜਾਇਦਾਦਾ ਨੂੰ ਨਿਸ਼ਾਨਾ ਬਣਾਕੇ ਪੂਰੀ ਤਰਾ ਤਬਾਹੀ ਕੀਤੀ ਗਈ ਹੈ। ਜਿੰਨ੍ਹਾ ਲੋਕਾ ਦੀਆ ਜਾਇਦਾਦਾ ਤਬਾਹ ਕੀਤੀਆ ਗਈਆ ਹਨ ਉਹਨਾਂ ਦਾ ਜਿਊਦੇ ਜੀਅ ਮਰਨਾ ਕਰ ਦਿਤਾ ਗਿਆ ਹੈ।
ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਹਰਿਆਣਾ ਅੰਦਰ ਹੋ ਰਹੀ ਹਿੰਸਾ ਸਮੇਂ ਕਾਨੂੰਨ ਨਾਮ ਦੀ ਕੋਈ ਚੀਜ ਨਜਰ ਨਹੀ ਆਈ ਹਰ ਪਾਸੇ ਸਿਰਫ਼ ਅੰਦਲੋਨ ਕਰਨ ਵਾਲੇ ਅੰਦਲੋਨਕਾਰੀਆ ਦੇ ਰਹਿਮੋ ਕਰਮ ਤੇ ਹੀ ਸਭ ਕੁਝ ਚਲਦਾ ਰਿਹਾ ਹੈ। ਹਰਿਆਣਾ ਪੁਲੀਸ, ਪੈਰਾਮਿਲਟਰੀ ਫੋਰਸਾ, ਆਰਮੀ ਸਭ ਦੇ ਸਾਹਮਣੇ ਲੋਕਾ ਦੀਆ ਜਾਇਦਾਦਾ ਨੂੰ ਲੁੱਟਿਆ ਤੇ ਸਾੜਿਆ ਗਿਆ ਹੈ।
ਉਹਨਾਂ ਬੀ.ਜੇ.ਪੀ ਦੀ ਸਰਕਾਰ ਉਪਰ ਗੰਭੀਰ ਦੋਸ਼ ਮੜਦਿਆ ਕਿਹਾ ਕਿ ਹੁਣ ਭਾਰਤ ਅੰਦਰ ਘੱਟ ਗਿਣਤੀ ਕੌਮਾਂ ਦਾ ਜਿਉਣਾ ਮੁਸ਼ਕਲ ਹੋ ਚੁੱਕਾ ਹੈ। ਹਰਿਆਣੇ ਅੰਦਰ ਹੁਣ ਪੰਜਾਬੀ ਭਾਈਚਾਰਾ ਵੱਡੀ ਪੱਧਰ ਤੇ ਘਰ, ਕਾਰੋਬਾਰ ਛੱਡਕੇ ਸੁਰੱਖਿਅਤ ਥਾਵਾਂ ਤੇ ਜਾਣ ਨੂੰ ਤਰਜੀਹ ਦੇ ਰਿਹਾ ਹੈ। ਇਸ ਗੰਭੀਰ ਘਟਨਾ ਕ੍ਰਮ ਦੀ ਉੱਚ ਪੱਧਰੀ ਜਾਚ ਸੀ.ਬੀ.ਆਈ ਤੋਂ ਬਹੁਤ ਜਰੂਰੀ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਇੱਕ ਉੱਚ ਪੱਧਰੀ ਵਫ਼ਦ ਹਰਿਆਣਾ ਭੇਜਣ ਜੋ ਕਿ ਪੰਜਾਬੀ ਭਾਈਚਾਰੇ ਨੂੰ ਮਿਲਕੇ ਉਹਨਾਂ ਨਾਲ ਵਾਪਰੇ ਸਮੁੱਚੇ ਘਟਨਾ ਕਰਮ ਦੀ ਰਿਪੋਰਟ ਤਿਆਰ ਕਰੇ ਅਤੇ ਪੰਜਾਬੀਆਂ ਦੀ ਮਦਦ ਲਈ ਹਰ ਸੰਭਵ ਆਰਥਿਕ ਸਹਾਇਤਾ ਕੀਤੀ ਜਾਵੇ।
Related Topics: All India Sikh Students Federation (AISSF), Jaat Reservation, Karnail Singh Peer Mohammad