April 10, 2015 | By ਸਿੱਖ ਸਿਆਸਤ ਬਿਊਰੋ
ਸਰੀ: ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਆਧਾਰਿਤ ‘ਫ਼ਤਿਹ ਸਪੋਰਟਸ ਕਲੱਬ ਵੱਲੋਂ ਰਾਜ ਕਾਕੜਾ, ਸ਼ਵਿੰਦਰ ਮਾਹਲ ਆਦਿ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 17 ਅਪ੍ਰੈਲ ਨੂੰ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਇੱਕੋ ਵੇਲੇ ਰਿਲੀਜ਼ ਹੋਵੇਗੀ।
‘ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.’ ਨਾਲ ਉਲੀਕੇ ਇੱਕ ਪੱਤਰਕਾਰ ਸੰਮੇਲਨ ਮੌਕੇ ‘ਫ਼ਤਿਹ ਸਪੋਰਟਸ ਕਲੱਬ’ ਦੇ ਅਹੁਦੇਦਾਰਾਂ ਹਰਸਿਮਰਨ ਸਿੰਘ, ਸੰਦੀਪ ਸਿੰਘ ਅਤੇ ਕੈਨੇਡਾ ਵਿਚ ਇਸ ਫ਼ਿਲਮ ਨੂੰ ਜਾਰੀ ਕਰਨ ਜਾ ਰਹੇ ‘ਰੋਡ ਸਾਈਡ ਪਿਕਚਰਜ਼’ ਦੇ ਦਵਿੰਦਰ ਸਿੰਘ ਨੇ ਦੱਸਿਆ ਕਿ 1984 ਤੋਂ ਬਾਅਦ ਪੰਜਾਬ ਵਿਚ ਪੈਦਾ ਹੋਏ ਹਾਲਾਤ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਨ ਦੀ ਇਹ ਇੱਕ ਨਿਵੇਕਲੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਦੇ ਸਮੇਂ ਬਾਰੇ ਹਾਲ ਹੀ ਵਿਚ ਬੇਸ਼ੱਕ ਬਹੁਤ ਸਾਰੀਆਂ ਫ਼ਿਲਮਾਂ ਬਣੀਆਂ ਪਰ ਇਨ੍ਹਾਂ ਵਿਚ ਸਿੱਖ ਸੰਘਰਸ਼ ਦੀ ਸਹੀ ਤਸਵੀਰ ਨਹੀਂ ਪੇਸ਼ ਕੀਤੀ ਗਈ। ਬਹੁਤ ਸਾਰੇ ਅਹਿਮ ਪੱਖ ਸਨ, ਜੋ ਛੋਹੇ ਹੀ ਨਹੀਂ ਗਏ, ਜਿਸ ਕਾਰਨ ਪੰਜਾਬੀਆਂ ਦੀ ਨਵੀਂ ਪੀੜ੍ਹੀ ਅੰਦਾਜ਼ਾ ਹੀ ਨਹੀਂ ਲਗਾ ਸਕਦੀ ਕਿ ਉਸ ਵੇਲੇ ਦੇ ਪੰਜਾਬੀ ਕਿਹੋ ਜਿਹੇ ਦੌਰ ‘ਚੋਂ ਗੁਜ਼ਰੇ ਹੋਣਗੇ। ਇਹੀ ਕਾਰਨ ਸੀ ਕਿ ਫ਼ਿਲਮੀ ਖੇਤਰ ਤੋਂ ਅਣਜਾਣ ਅਮਰੀਕਾ ਦੇ ਇਨ੍ਹਾਂ ਨੌਜਵਾਨਾਂ ਨੇ ਪੰਜਾਬ ਦੇ ਹੰਢੇ ਹੋਏ ਕਲਾਕਾਰਾਂ ਨੂੰ ਲੈ ਕੇ ਫ਼ਿਲਮ ਬਣਾਉਣ ਦੀ ਸੋਚੀ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਪਹਿਲਾਂ ਪਾਸ ਨਹੀਂ ਸੀ ਕੀਤਾ ਗਿਆ ਪਰ ਜਦੋਂ ਉਨ੍ਹਾਂ ਨੂੰ ਸਬੂਤਾਂ ਸਹਿਤ ਸਮਝਾਇਆ ਗਿਆ ਕਿ ਫ਼ਿਲਮ ਵਿਚ ਜੋ ਦਿਖਾਇਆ ਗਿਆ ਹੈ, ਅਜਿਹਾ ਵਾਕਿਆ ਹੀ ਪੰਜਾਬ ‘ਚ ਹੋਇਆ ਹੈ ਤਾਂ ਉਨ੍ਹਾਂ ਬਹੁਤ ਹੀ ਮਾਮੂਲੀ ਜਿਹੀ ਕਾਂਟ-ਛਾਂਟ ਕਰਨ ਤੋਂ ਬਾਅਦ ਫ਼ਿਲਮ ਪਾਸ ਕਰ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਉਸ ਨਾਜ਼ੁਕ ਸਮੇਂ ਨੂੰ ਪਰਦੇ ‘ਤੇ ਰੂਪਮਾਨ ਕਰਨ ਦੀ ਕੀਤੀ ਗਈ ਇਹ ਕੋਸ਼ਿਸ਼ ਦੁਨੀਆ ਭਰ ਦੇ ਪੰਜਾਬੀਆਂ ਨੂੰ ਪਸੰਦ ਆਵੇਗੀ।
Related Topics: Patta Patta Singha Da Vairi Movie, Punjabi movie ‘Patta Patta Singhan Da Vairi, Punjabi Movies, Raj Kakra