December 27, 2015 | By ਸਿੱਖ ਸਿਆਸਤ ਬਿਊਰੋ
ਲੰਡਨ (26 ਦਸੰਬਰ, 2015): ਭਾਰਤ ਸਰਕਾਰ ਦੀ ਬਿਨ੍ਹਾ ‘ਤੇ ਇੰਟਰਪੋਲ ਵੱਲੋਂ ਪੁਰਤਗਾਲ ਤੋਂ ਗਿ੍ਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾ ਨੂੰ ਵਾਪਸ ਬਰਤਾਨੀਆ ਲਿਆਉਣ ਅਤੇ ਭਾਰਤ ਹਵਾਲਗੀ ਰੋਕਣ ਲਈ ਭਾਈ ਪੰਮਾ ਦੇ ਪਰਿਵਾਰ ਨੇ ਬਰਤਾਨੀਆ ਸਰਕਾਰ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਹੈ।
ਭਾਈ ਪੰਮਾ ਦੀ ਪਤਨੀ ਪਿੰਕੀ ਕੌਰ ਮਾਰਵਾ, ਬੇਟੀਆਂ ਪ੍ਰਮਿੰਦਰ ਕੌਰ, ਗੁਰਬਾਣੀ ਕੌਰ, ਬੇਟੇ ਪ੍ਰਭਸਿਮਰਨ ਸਿੰਘ ਅਤੇ ਸਾਹਿਬ ਸਿੰਘ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਸਮੁੱਚੀ ਬਰਤਾਨਵੀ ਸਰਕਾਰ ਨੂੰ ਭਾਈ ਪੰਮਾ ਦੀ ਭਾਰਤ ਹਵਾਲਗੀ ਤੋਂ ਰੋਕਣ ਲਈ ਪੁਰਤਗਾਲ ਸਰਕਾਰ ‘ਤੇ ਦਬਾਅ ਪਾਉਣ ਦੀ ਅਪੀਲ ਕੀਤੀ ।
ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਡਰ ਹੈ ਕਿ ਜੇ ਭਾਈ ਪੰਮਾ ਨੂੰ ਭਾਰਤ ਭੇਜਿਆ ਗਿਆ ਤਾਂ ਉਸ ‘ਤੇ ਨਾਜਾਇਜ਼ ਕੇਸ ਪਾ ਕੇ ਤਸ਼ੱਦਦ ਕੀਤਾ ਜਾਵੇਗਾ ਜਾਂ ਉਸ ਦੇ ਭਰਾ ਰਾਜਾ ਲੌਸ ਵਾਂਗ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ ।
ਵਕੀਲ ਅਮਰਜੀਤ ਸਿੰਘ ਭਚੂ ਨੇ ਕਿਹਾ ਕਿ ਬਰਤਾਨੀਆ ਸਰਕਾਰ ਪਹਿਲਾਂ ਵੀ ਭਾਈ ਪੰਮਾ ਦੀ ਛਾਣਬੀਣ ਕਰ ਚੁੱਕੀ ਹੈ, ਜਿਸ ਵਿਚੋਂ ਬਰਤਾਨਵੀ ਪੁਲਿਸ ਨੂੰ ਭਾਈ ਪੰਮਾ ਖਿਲਾਫ਼ ਕੋਈ ਅਜਿਹਾ ਸਬੂਤ ਨਹੀਂ ਮਿਲਿਆ, ਜਿਸ ਤੋਂ ਉਹ ਗ਼ਲਤ ਸਾਬਿਤ ਹੁੰਦਾ ਹੋਵੇ ।
ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਭਾਈ ਪੰਮਾ ਦੀ ਰਿਹਾਈ ਲਈ 150 ਸੰਸਦ ਮੈਂਬਰਾਂ ਤੱਕ 4 ਜਨਵਰੀ ਤੋਂ ਪਹਿਲਾਂ-ਪਹਿਲਾਂ ਪਹੁੰਚ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਜਦਕਿ ਹੁਣ ਤੱਕ 80 ਤੋਂ ਵੱਧ ਸੰਸਦ ਮੈਂਬਰਾਂ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ । ਭਾਈ ਪੰਮਾ ਦੇ ਹੱਕ ਵਿਚ ਸੰਸਦ ਮੈਂਬਰ ਜੌਹਨ ਸਪੈਲਰ ਵੱਲੋਂ ਪੂਰੀ ਗਰਮਜੋਸ਼ੀ ਨਾਲ ਮਾਮਲਾ ਉਠਾਇਆ ਜਾ ਰਿਹਾ ਹੈ । ਉਨ੍ਹਾਂ ਵਿਦੇਸ਼ ਮੰਤਰਾਲੇ ਕੋਲ ਵੀ ਇਹ ਮੁੱਦਾ ਉਠਾਇਆ ਹੈ । ਐੱਮ.ਪੀ. ਕੀਥ ਵਾਜ਼ ਨੇ ਵੀ ਜੌਹਨ ਸਪੈਲਰ ਦੀ ਹਮਾਇਤ ਕੀਤੀ ਹੈ ।
ਸਿੱਖ ਕੌਾਸਲ ਯੂ.ਕੇ., ਸਿੱਖ ਰਿਲੀਫ਼ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਕੇਸ ਦੀ ਸਰੀ ਢੰਗ ਨਾਲ ਪੈਰਵੀ ਕਰਨ ਲਈ ਲੋੜੀਂਦੀ ਮਾਇਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ । ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ 27 ਦਸੰਬਰ ਨੂੰ ਭਾਈ ਪੰਮਾ ਦੀ ਗਿ੍ਫ਼ਤਾਰੀ ਸਬੰਧੀ ਅਸਲੀ ਰੂਪ ਰੇਖਾ ਉਲੀਕਣ ਲਈ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਹੋ ਰਹੀ ਹੈ ।
ਪੁਰਤਗਾਲ ਸਰਕਾਰ ਨੂੰ ਭਾਈ ਪੰਮਾ ਦੀ ਰਿਹਾਈ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਭਾਈ ਪੰਮਾ ਬਾਰੇ ਜਾਣਕਾਰੀ ਦਿੰਦਿਆਂ, ਸਿੱਖ ਕਤਲੇਆਮ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਪਟੀਸ਼ਨ ‘ਤੇ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਹਨ ।
Related Topics: Indian Satae, Paramjit Singh Pamma (UK), Sikhs In UK