ਸਿਆਸੀ ਖਬਰਾਂ » ਸਿੱਖ ਖਬਰਾਂ

ਪੰਥਕ ਤਾਲਮੇਲ ਸੰਗਠਨ ਵਲੋਂ ਸਾਕਾ ਨਨਕਾਣਾ ਸਾਹਿਬ ਦੀ ਯਾਦ ਨੂੰ ਸਮਰਪਤ ਵਿਚਾਰ ਗੋਸ਼ਟੀ ਕਰਵਾਈ ਗਈ

February 22, 2017 | By

ਅੰਮ੍ਰਿਤਸਰ: ਖ਼ਾਲਸਾਈ ਸੋਚ-ਸਿਧਾਂਤ-ਸਰੂਪ ਤੇ ਮਰਯਾਦਾ ਨੂੰ ਸੰਭਾਲਣ ਵਾਲਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਸੌੜੀ ਸਿਆਸਤ ਦੀ ਜਕੜ ਵਿਚ ਹੈ। ਕੌਮ ਦੇ ਰਾਜਸੀ ਭਵਿੱਖ ਵਿਚ ਕੌਮੀ ਵਿਰਾਸਤ ਸਿਫਰ ਹੋ ਰਹੀ ਹੈ, ਕਿਉਂਕਿ ਸਿੱਖ ਰਾਜਸੀ ਸੋਚ ਤੇ ਸ਼ਕਤੀ ਦੀ ਸਹੀ ਸਥਾਪਨਾ ਨਹੀਂ ਹੋ ਸਕੀ। ਸਿੱਟੇ ਵਜੋਂ ਭਾਰਤ ਅਤੇ ਸੰਸਾਰ ਦੇ ਸਿਆਸੀ ਖੇਤਰ ਵਿਚ ਸਾਡੀ ਕੌਮੀ ਹਸਤੀ ਮਨਫੀ ਹੋ ਰਹੀ ਹੈ। ਕੀ ਹੁਣ ਡੇਰਾਵਾਦ ਅਤੇ ਰੂਹਾਨੀਅਤ ਵਾਂਝੀ ਸਿਆਸਤ ਪੰਥ ਨੂੰ ਨਿਗਲ ਜਾਣਗੇ? ਕੀ ਪੰਥ ਕਿਸੇ ਦੇ ਰਹਿਮੋ ਕਰਮ ’ਤੇ ਸਮਾਂ ਬਿਤਾਏੇਗਾ? ਅਜਿਹੇ ਸਵਾਲਾਂ ਦੇ ਢੇਰ ਲੱਗ ਰਹੇ ਹਨ।

ਪੰਥਕ ਤਾਲਮੇਲ ਸੰਗਠਨ ਚਿੰਤਾ ਦੇ ਮੱਦੇ-ਨਜ਼ਰ ਹਰ ਸਾਲ ਚਿੰਤਨ ਲਈ ਯਤਨ ਕਰਦਾ ਹੈ। ਕੌਮ ਦੀ ਲਾਮਬੰਦੀ ਅਤੇ ਕੌਮ-ਪ੍ਰਸਤੀ ਹਿਤ ਹਰ ਸਿੱਖ ਅਤੇ ਸੰਸਥਾ ਅਹਿਮ ਭੂਮਿਕਾ ਰਾਹੀਂ ਸੇਵਾ ਨਿਭਾਵੇ, ਸਮੇਂ ਦੀ ਮੰਗ ਹੈ। ਕੌਮੀ ਸਾਂਝ ਲਈ ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਿਤ ਹੁੰਦਿਆਂ 21 ਫਰਵਰੀ ਨੂੰ ਜੁੜ ਬੈਠ ਕੇ ਸੰਤ ਸਿੰਘ ਸੁੱਖਾ ਸਿੰਘ ਪਬਲਿਕ ਸਕੂਲ, ਫੋਰ ਐਸ ਚੌਂਕ, ਮਾਲ ਰੋਡ, ਅੰਮ੍ਰਿਤਸਰ ਸਵੇਰੇ 10:00 ਵਜੇ ਪੰਥ, ਡੇਰਾਵਾਦ ਅਤੇ ਸਿਆਸਤ ਵਿਸ਼ੇ ਉਪਰ ਵਿਚਾਰ ਗੋਸਟੀ ਕੀਤੀ ਗਈ ਜਿਸ ਦੀ ਆਰੰਭਤਾ ਗਿਆਨੀ ਕੇਵਲ ਸਿੰਘ ਜੀ ਨੇ ਆਏ ਹੋਏ ਸਾਰਿਆਂ ਨੂੰ ਜੀ ਆਇਆ ਕਿਹਾ ਜਿਸ ਵਿੱਚ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿੱਚ ਸ. ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਕਿ ਸੱਚੀ ਸੋਚ, ਸੱਚਾ ਕਿਰਦਾਰ, ਅਜੋਕੀਆਂ ਚੁਨੌਤੀਆਂ ਦਾ ਹੱਲ ਹੋ ਸਕਦਾ ਹੈ।

panthak taalmel program saka nankana sahib

ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹੋਏ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਅਤੇ ਹੋਰ

ਸ. ਹਰਸਿਮਰਨ ਸਿੰਘ ਜੀ ਨੇ ਕਿਹਾ ਧਰਮ ਦੇ ਨਿਸ਼ਾਨਿਆਂ ਨੂੰ ਸ਼ਕਤੀ ਦੇਣ ਵਾਲੀ ਸਿਆਸਤ ਹੋਣੀ ਚਾਹੀਦੀ ਹੈ। ਸਿੱਖਾਂ ਨੂੰ ਸਮੇਂ ਦੇ ਹਾਣੀ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋ. ਜਗਦੀਸ਼ ਸਿੰਘ ਨੇ ਆਪਣੇ ਵਿਚਾਰਾਂ ਨਾਲ ਬਹੁਤ ਨਵੇਂ ਨੁਕਤੇ ਸਾਂਝੇ ਕੀਤੇ। ਇਸ ਮੌਕੇ ‘ਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਬੋਲਦਿਆਂ ਕਿਹਾ ਧਰਮੀ ਸਿੱਖ ਜਦੋਂ ਆਪਣੀ ਚੰਗੀ ਭੂਮਿਕਾ ਨਿਭਾਉਂਦਾ ਹੈ ਤਾਂ ਉਸ ਨੂੰ ਅੱਤਵਾਦੀ ਗਰਦਾਨਿਆਂ ਜਾਂਦਾ ਹੈ।

ਜਸਵਿੰਦਰ ਸਿੰਘ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਜਸਵਿੰਦਰ ਸਿੰਘ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਇਸ ਮੌਕੇ ‘ਤੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਸਿੱਖ ਮਿਸ਼ਨਰੀ ਕਾਲਜ, ਗੁਰਨੇਕ ਸਿੰਘ, ਭਾਈ ਹਿੰਮਤ ਸਿੰਘ ਗੁਰਮਤਿ ਪ੍ਰਚਾਰ ਕੇਂਦਰ ਨਵਾਂ ਸ਼ਹਿਰ, ਸ. ਹਰਜੀਤ ਸਿੰਘ ਚੌਂਤਾ, ਮੇਜਰ ਸਿੰਘ, ਪ੍ਰੀਤਮ ਸਿੰਘ ਗੁਰਸ਼ਬਦ ਵੀਚਾਰ ਸੇਵਾ ਸੁਸਾਇਟੀ, ਸ. ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ, ਸੁਰਿੰਦਰਪਾਲ ਸਿੰਘ ਗੋਲਡੀ, ਸਿਮਰਜੋਤ ਸਿੰਘ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪ੍ਰਿੰ. ਖ਼ੁਸਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸ. ਕੁਲਜੀਤ ਸਿੰਘ, ਰਜਿੰਦਰ ਸਿੰਘ ਅਕਾਲ ਪੁਰਖ ਕੀ ਫੌਜ, ਬਲਬੀਰ ਸਿੰਘ ਭੱਠਲ ਢਾਡੀ ਜੱਥਾ, ਸੁਖਦੇਵ ਸਿੰਘ, ਨਰਿੰਦਰ ਸਿੰਘ, ਗਗਨਦੀਪ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸੁਰਬੀਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਮ੍ਰਿਤਸਰ, ਮਾਸਟਰ ਦਵਿੰਦਰ ਸਿੰਘ ਮਾਨਸਾ, ਚਰਨ ਸਿੰਘ ਮੋਹਾਲੀ ਆਦਿ ਅਨੇਕਾਂ ਜਥੇਬੰਦੀਆਂ ਤੋਂ ਪਤਵੰਤੇ ਵੱਡੀ ਗਿਣਤੀ ਵਿੱਚ ਪਹੁੰਚੇ। ਇਸ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ 2017-18 ਵੀ ਜਾਰੀ ਕੀਤਾ ਗਿਆ।

ਪੰਥਕ ਤਾਲਮੇਲ ਸੰਗਠਨ ਵੱਲੋਂ ਤਿੰਨ ਮਤੇ ਪ੍ਰਵਾਨ ਕੀਤੇ ਗਏ;

1. ਅੱਜ ਦਾ ਇਕੱਠ ਪੰਜ ਪਿਆਰਿਆਂ ਦੀ ਚੋਣ, ਗੁਰੂ ਸੰਗਤ ਵਿਚੋਂ ਕਰਕੇ ਪੰਥਕ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੋੜ੍ਹਤਾ ਕਰਦਾ ਹੈੇ ਮਗਰ ਕੁਝ ਸਿੱਖਾਂ ਨੂੰ ਪੱਕੇ ਤੌਰ ‘ਤੇ ਪੰਜ ਪਿਆਰੇ ਆਖਣਾ ਅਤੇ ਸਦੀਵੀ ਸੰਸਥਾ ਵਾਂਗ ਮਾਨਤਾ ਦੇਣ ਦੀ ਕਿਰਿਆ ਨੂੰ ਸਵੀਕਾਰ ਨਹੀਂ ਕਰਦਾ ਹੈ।

2. ਵਰਤਮਾਨ ਮੁੱਖ ਪ੍ਰਬੰਧਕੀ ਸੰਸਥਾਵਾਂ ਦਾ ਪ੍ਰਬੰਧ ਪੰਥਕ ਸੋਚ ਸਿਧਾਂਤ ਮਾਣ ਮਰਿਯਾਦਾ ਦੇ ਵਾਰਸ ਸਿੱਖਾਂ ਦੇ ਹੱਥਾਂ ਵਿੱਚ ਆਵੇ, ਇਸ ਲਈ ਮਿਲ ਕੇ ਕੰਮ ਕਰਨ ਲਈ ਸੱਦਾ ਦੇਂਦਾ ਹੈ।

3. ਅੱਜ ਡੇਰਾਵਾਦ ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰ ਪ੍ਰਭਾਵਤ ਕਰਕੇ ਕੌਮ ਦਾ ਨੁਕਸਾਨ ਕਰਦੇ ਹਨ ਅੱਜ ਦਾ ਇੱਕਠ ਕੌਮ ਨੂੰ ਸੱਦਾ ਦਿੰਦਾ ਹੈ ਕਿ ਕਿਸੇ ਵੀ ਪ੍ਰਕਾਰ ਦੇ ਖ਼ਾਲਸਾਈ ਸਰੂਪ ਸਿਧਾਂਤ ਅਤੇ ਮਰਿਯਾਦਾ ਤੋਂ ਵਾਂਝੇ ਡੇਰਿਆ ਤੇ ਸੰਪਰਦਾਵਾਂ ਨਾਲ ਨਾ ਜੁੜਿਆ ਜਾਵੇ, ਕੇਵਲ ਖ਼ਾਲਸਾ ਪੰਥ ਨਾਲ ਜੁੜੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,