ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦਿਆਂਗੇ: ਦਲ ਖਾਲਸਾ, ਪੰਚ ਪ੍ਰਧਾਨੀ

November 2, 2015 | By

ਅੰਮ੍ਰਿਤਸਰ (2 ਨਵੰਬਰ, 2015): ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਭਾਰਤ ਦੇ ਸ਼ਾਸਕਾਂ ਨੇ ਨਵੰਬਰ  1984 ਦੇ ਕਤਲੇਆਮ ਲਈ ਜ਼ਿਮੇਵਾਰਾਂ ਨੂੰ ਸਜ਼ਾ ਨਾ ਦੇਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਨਸਲਕੁਸ਼ੀ ਦੇ ਪਿੱਛੇ ਕੇਵਲ ਕਿਸੇ ਇੱਕ ਪਾਰਟੀ (ਕਾਂਗਰਸ) ਦੀ ਭੂਮਿਕਾ ਹੀ ਨਹੀਂ ਸਗੋਂ ਸਮੁੱਚੇ ਸਰਕਾਰੀ ਤੰਤਰ ਦਾ ਹੱਥ ਅਤੇ ਸ਼ਮੂਲੀਅਤ ਸੀ। ਜਥੇਬੰਦੀਆਂ ਦਾ ਮੰਨਣਾ ਹੈ ਕਿ ਅਜਿਹੇ ਘਿਨਾਉਣੇ ਕਤਲੇਆਮ ਭਵਿੱਖ ਵਿੱਚ ਰੋਕਣ ਦਾ ਇੱਕੋ ਇੱਕ ਹੱਲ ਹੈ ਕਿ ਸਿੱਖ ਕੌਮ ਨੂੰ ਸਵੈ-ਨਿਰਣੇ ਦਾ ਹੱਕ ਦਿਤਾ ਜਾਵੇ ਅਤੇ ਪੰਜਾਬ ਅੰਦਰ ਯੂ.ਐਨ.ਓ ਦੀ ਦੇਖ-ਰੇਖ ਹੇਠ ਰਾਏਸ਼ੁਮਾਰੀ ਕਰਵਾਈ ਜਾਵੇ।

ਸਿੱਖ ਯੂਥ ਆਫ ਪੰਜਾਬ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ 31ਵੀ ਵਰੇਗੰਢ ਮੌਕੇ ਸ਼ਹਿਰ ਦੇ ਭੰਡਾਰੀ ਪੁੱਲ ਉਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਨੌਜਵਾਨਾਂ ਨੇ ਭੰਡਾਰੀ ਪੁਲ ਤੋਂ ਦਰਬਾਰ ਸਾਹਿਬ ਤੱਕ ਮਾਰਚ ਕੀਤਾ ਉਪਰੰਤ ਨਵੰਬਰ 84 ਦੇ ਨਰ-ਸਿੰਗਾਰ ਦੀ ਸ਼ਿਕਾਰ ਔਰਤਾਂ, ਮਰਦਾਂ ਅਤੇ ਬੱਚੇ-ਬੁਜ਼ਰਗਾਂ ਨੂੰ ਸ਼ਰਧਾਂਜਲੀ ਦੇਣ ਲਈ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ।

ਨੌਜਵਾਨਾਂ ਵਲੋਂ ਕੀਤੇ ਗਏ ਮੁਜ਼ਾਹਰੇ ਅਤੇ ਮਾਰਚ ਵਿੱਚ ਉਚੇਚੇ ਤੌਰ ਉਤੇ ਦਲ ਖਾਲਸਾ ਦੇ ਹਰਚਰਨਜੀਤ ਸਿੰਘ ਧਾਮੀ ਤੇ ਕੰਵਰਪਾਲ ਸਿੰਘ ਅਤੇ ਪੰਚ ਪ੍ਰਧਾਨੀ ਤੋਂ ਕੁਲਬੀਰ ਸਿੰਘ ਬੜਾਪਿੰਡ ਅਤੇ ਹਰਪਾਲ ਸਿੰਘ ਚੀਮਾ ਨੇ ਸ਼ਮੂਲੀਅਤ ਕੀਤੀ।

image

ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ਦੇ ਆਗੂ ਨੌਜਵਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ

ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣ ਦੇਣਗੇ। ਉਹਨਾਂ ਕਿਹਾ ਕਿ ਕੋਈ ਵੀ ਸੱਚਾ ਤੇ ਸ਼ਰਧਾਵਾਨ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਜਿਹੜਾ ਵਿਅਕਤੀ ਕੌਮ ਦਾ ਵਿਸ਼ਵਾਸ ਗੁਆ ਚੁੱਕ ਹੋਵੇ, ਜਿਸ ਦੇ ਗਲਤ ਫੈਸਲਿਆਂ ਨੇ ਕੌਮ ਨੂੰ ਸ਼ਰਮਸਾਰ ਕੀਤਾ ਹੋਵੇ, ਕੌਮ ਅੰਦਰ ਪਾਟੋ-ਧਾੜ ਪਾਈ ਹੋਵੇ ਅਤੇ ਅਕਾਲ ਤਖਤ ਸਾਹਿਬ ਦੀ ਮਰਯਾਦਾ ਅਤੇ ਸ਼ਾਨ ਨੂੰ ਢਾਹ ਲਾਈ ਹੋਵੇ, ਉਹ ਅਕਾਲ ਤਖਤ ਸਾਹਿਬ ਵਰਗੇ ਪਾਵਨ ਸਥਾਨ ਉਤੇ ਖੜਕੇ ਕੌਮ ਨੂੰ ਸੰਦੇਸ਼ ਦੇਵੇ।

ਸ. ਧਾਮੀ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਹੁਕਮਾਂ ਉਤੇ ਪੁਲਿਸ ਨੂੰ ਉਹਨਾਂ ਨੂੰ ਬੰਦੀ ਛੋੜ ਦਿਵਸ ਤੋਂ ਪਹਿਲਾਂ ਬੰਦੀ ਬਣਾ ਲਿਆ ਤਾਂ ਹਰ ਨੌਜਵਾਨ ਆਪਣਾ ਪੰਥਕ ਫਰਜ਼ ਸਮਝੇ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਤੋਂ ਬੋਲਣ ਤੋਂ ਰੋਕੇ। ਉਹਨਾਂ ਨੌਜਵਾਨਾਂ ਨੂੰ ਨਾਲ ਹੀ ਖਬਰਦਾਰ ਕਰਦਿਆਂ ਕਿਹਾ ਕਿ ਉਹਨਾਂ ਦੀ ਹਰ ਸਰਗਰਮੀ ਸ਼ਾਂਤਮਈ ਅਤੇ ਪੰਥਕ ਜ਼ਾਬਤੇ ਦੇ ਅੰਦਰ ਰਹਿੰਦੇ ਹੋਣੀ ਚਾਹੀਦੀ ਹੈ। ਉਹਨਾਂ ਨੌਜਵਾਨਾਂ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਦੀ ਨਸੀਹਤ ਦਿੱਤੀ। ਉਹਨਾਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਆਗੂਆਂ ਨੇ ਬੋਲਦਿਆਂ ਕਿਹਾ ਕਿ 1978 ਤੋਂ ਅੱਜ ਤੱਕ ਗੁਰੂ ਪੰਥ ਅਤੇ ਗੁਰੂ ਗ੍ਰੰਥ ਦੇ ਸਤਿਕਾਰ ਤੇ ਸਵੈਮਾਨ ਲਈ ਸ਼ਹਾਦਤਾਂ ਦਾ ਸਿਲਸਿਲਾ ਜਾਰੀ ਹੈ। ਉਹਨਾਂ ਬਹਿਬਲ ਕਲਾਂ ਵਿਖੇ ਹੋਈ ਪੁਲਿਸ ਫਾਈਰਿੰਗ ਜਿਸ ਵਿੱਚ 2 ਸਿੱਖ ਪ੍ਰਦਰਸ਼ਕਾਰੀਆਂ ਦੀ ਮੌਤ ਹੋਈ ਸੀ, ਦੇ ਜ਼ਿਮੇਵਾਰ ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨ ਅਤੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਪ੍ਰਦਰਸ਼ਕਾਰੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਰੋਸ ਕਰ ਰਹੀਆਂ ਸਿੱਖ ਸੰਗਤਾਂ ਉਤੇ ਫਰੀਦਕੋਟ ਜਿਲੇ ਅੰਦਰ ਪੁਲਿਸ ਕਹਿਰ ਲਈ ਉਸ ਸਮੇ ਦੇ ਡੀਜੀਪੀ ਵੀ ਅਸਿਧੇ ਤੌਰ ਉਤੇ ਜ਼ਿਮੇਵਾਰ ਹਨ, ਉਹਨਾਂ ਦੀ ਕੇਵਲ ਬਦਲੀ ਹੀ ਕਾਫੀ ਨਹੀਂ ਸਗੋਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵਲੋਂ ਬੇਅਦਬੀ ਦੇ ਕੇਸਾਂ ਦੀ ਜਾਂਚ ਸੀ ਬੀ ਆਈ ਹਾਵਲੇ ਕਰਨ ਉਤੇ ਤਿਖੀ ਟਿਪਣੀ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਸੀ ਬੀ ਆਈ ਦੀ ਨਿਰਪੱਖਤਾ ਉਤੇ ਕੋਈ ਵਿਸ਼ਵਾਸ ਨਹੀਂ ਹੈ ਕਿਉਕਿ ਭਾਰਤੀ ਏਜੰਸੀਆਂ ਨੇ ਪਿਛਲੇ 40 ਸਾਲਾਂ ਵਿੱਚ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜ਼ਰੂਰ ਹੈ ਪਰ ਕਦੇ ਇਨਸਾਫ ਨਹੀਂ ਦਿੱਤਾ। ਉਹਨਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਉਤੇ ਵਰਦਿਆ ਕਿਹਾ ਕਿ ਉਹਨਾਂ ਨੇ ਅਤੇ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਬੇਅਦਬੀ ਮਾਮਲਾ ਹੱਲ ਕਰ ਲਿਆ ਗਿਆ ਹੈ ਅਤੇ ਇਸ ਦੀਆ ਤਾਰਾਂ ਵਿਦੇਸ਼ਾਂ ਨਾਲ ਜੁੜਣ ਦੇ ਦਾਅਵੇ ਵੀ ਕੀਤੇ ਗਏ ਸਨ। ਉਹਨਾਂ ਸੁਖਬੀਰ ਬਾਦਲ ਉਤੇ ਝੂਠ ਬੋਲਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਸਿਖਾਂ ਨੂੰ ਬਦਨਾਮ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹਨਾਂ ਦੇ ਸਾਰੇ ਦਾਅਵੇ ਖੋਖਲੇ ਨਿਕਲੇ ਹਨ।
ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਹੱਥਾ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਸ ਉਤੇ ਲਿਖਿਆ ਸੀ ਕਿ ‘ਸਿਧਾਂਤਕ ਗੁਨਾਹ ਕਰਨ ਵਾਲੇ ਜਥੇਦਾਰਾਂ ਨੂੰ ਹਟਾਇਆ ਜਾਵੇ ਕਿਉਂਕਿ ਕੌਮ ਨੂੰ ਗੁਨਾਹਗਾਰ ‘ਜਥੇਦਾਰ’ ਪ੍ਰਵਾਨ ਨਹੀਂ ਹਨ।
ਇੱਕ ਹੋਰ ਤਖਤੀ ਉਤੇ ਲਿਖਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਨਾ ਸਹਿਣਯੋਗ ਅਤੇ ਨਾ ਹੀ ਬਖਸ਼ਣਣੋਗ ਹੈ। ਪੰਜਾਬ ਸਰਕਾਰ ਉਤੇ ਤਿੱਖਾ ਵਿਅੰਗ ਕਸਦਿਆਂ ਇੱਕ ਬੈਨਰ ਉਤੇ ਲਿਖਿਆ ਸੀ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਅਫਸਰਾਂ  ‘ਤੇ ਅਕਾਲੀ ਸਰਕਾਰ ਮੇਹਰਬਾਨ ਕਿਉਂ? ਮੁਜ਼ਾਹਰਾ ਅਤੇ ਮਾਰਚ ਮੌਕੇ ਸ਼ਾਮਿਲ ਸੈਂਕੜੇ ਨੌਜਵਾਨਾਂ ਨੇ ਨਵੰਬਰ 1978 ਦੇ ਕਤਲੇਆਮ ਅਤੇ ਮੌਜੂਦਾ ਚੱਲ ਰਹੇ ਸੰਕਟ ਨਾਲ ਸਬੰਧਤਿ ਨਾਹਰਿਆਂ ਅਤੇ ਸੁਨੇਹਿਆਂ ਵਾਲੀਆਂ ਤਖਤੀਆਂ ਅਤੇ ਬੈਨਰ ਫੜੇ ਹੋਏ ਸਨ।
ਦਲ ਖਾਲਸਾ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਨੌਜਵਾਨ ਵਰਕਰਾਂ ਨੇ ਹੱਥਾਂ ਵਿੱਚ ਤਖਤੀਆਂ ਅਤੇ ਖਾਲਸਾਈ ਝੰਡੇ ਲੈਕੇ ਵਿਖਾਵਾ ਕੀਤਾ।
ਪਰਮਜੀਤ ਸਿੰਘ ਨੇ ਕਿਹਾ ਕਿ ਕੌਮ ਇਹ ਸਮਝ ਚੁੱਕੀ ਹੈ ਕਿ ਭਾਰਤੀ ਜਸਟਿਸ ਸਿਸਟਮ ਤੋਂ ਇਨਸਾਫ ਨਹੀਂ ਮਿਲਣ ਵਾਲਾ। ਉਹਨਾਂ ਕਿਹਾ ਕਿ ਸਮੇ-ਸਮੇ ਦੀਆਂ ਸਰਕਾਰਾਂ ਨੇ ਇਸ ਕਤਲੇਆਮ ਲਈ ਦੋਸ਼ੀ ਸਮਝੇ ਜਾਂਦੇ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੁਸ਼ਤਪਨਾਹੀ ਕਰਕੇ ਸਿੱਖਾਂ ਅੰਦਰ ਗੁਲਾਮੀ ਦੇ ਅਹਿਸਾਸ ਨੂੰ ਪੱਕਾ ਕੀਤਾ ਹੈ।
ਇਸ ਮੌਕੇ ਸੀਨੀਅਰ ਆਗੂ ਭਾਈ ਮਨਧੀਰ ਸਿੰਘ, ਪਰਮਜੀਤ ਸਿੰਘ ਗਾਜੀ, ਪ੍ਰਭਜੋਤ ਸਿੰਘ ਨਵਾਂਸ਼ਹਿਰ ਅਤੇ ਸੁਖਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ।
ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਖਾਲਿਸਤਾਨੀ, ਅਵਤਾਰ ਸਿੰਘ, ਜਗਜੀਤ ਸਿੰਘ ਖੋਸਾ, ਨੋਬਲਜੀਤ ਸਿੰਘ, ਮੋਹਕਮ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਗਗਨਦੀਪ ਸਿੰਘ, ਪਰਮਜੀਤ ਸਿੰਘ ਮੰਡ, ਬਰਿੰਦਰਜੀਤ ਸਿੰਘ, ਪ੍ਰਭਜੀਤ ਸਿੰਘ ਹਸਨਪੁਰ, ਅਮਨਦੀਪ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੋਤ ਸਿੰਘ, ਕੁਲਵਿੰਦਰ ਸਿੰਘ, ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,