February 15, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ : ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾਂ ਰਹੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਸਾਂਝੇ ਬਿਆਨ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਵੱਲੋਂ ਕਿਹਾ ਗਿਆ ਹੈ ਕਿ ਕਿਸਾਨਾਂ, ਮਜਦੂਰਾਂ ਅਤੇ ਮਜਲੂਮਾਂ ਦੇ ਹੱਕਾਂ ਲਈ ਕੀਤਾ ਜਾ ਰਿਹਾ ਸੰਘਰਸ਼ ਲੋਕਾਈ ਦੇ ਭਲੇ ਲਈ ਕੀਤਾ ਜਾ ਰਿਹਾ ਸੁਹਿਰਦ ਯਤਨ ਹੈ।
ਉਹਨਾ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਜਿਸ ਤਰੀਕੇ ਨਾਲ ਉਹਨਾ ਉੱਤੇ ਜ਼ਬਰ ਕਰਨ ਦਾ ਰਸਤਾ ਅਪਨਾਇਆ ਜਾ ਰਿਹਾ ਹੈ ਉਸ ਨਾਲ ਇੰਡੀਅਨ ਸਟੇਟ ਦੀ ਬਿਪਰਵਾਦੀ ਤਸੀਰ ਹੀ ਮੁੜ ਉਜਾਗਰ ਹੋਈ ਹੈ।
ਪੰਥ ਸੇਵਕਾਂ ਨੇ ਕਿਹਾ ਕਿ ਜਦੋਂ ਇੰਡੀਅਨ ਸਟੇਟ ਬਿਪਰਵਾਦ ਦੀ ਲੋਕਾਈ ਨੂੰ ਗੁਲਾਮ ਬਣਾਉਣ ਦੀ ਨੀਤੀ ਲਾਗੂ ਕਰਨ ਲਈ ਵੱਡੇ ਸਿਰਮਾਏਦਾਰਾਂ ਨਾਲ ਰਲ ਕੇ ‘ਕਰੋਨੀ ਕੈਪਿਟਲਇਜ਼ਮ’ ਦੇ ਰਾਹ ਉੱਤੇ ਅੱਗੇ ਵਧ ਰਹੀ ਹੈ ਤਾਂ ਕਿਰਸਾਨ-ਮਜਦੂਰ ਤੇ ਮਜਲੂਮ ਆਪਣੇ ਹੱਕਾਂ ਦੀ ਰਾਖੀ ਲਈ ਵਾਜਿਬ ਸੰਘਰਸ਼ ਕਰ ਰਹੇ ਹਨ। ਪਹਿਲੇ ਕਿਸਾਨੀ ਸੰਘਰਸ਼ ਨੇ ਦਰਸਾਇਆ ਹੈ ਕਿ ਲੋਕਾਈ ਕੋਲ ਹੁਣ ਸੰਘਰਸ਼ ਦਾ ਹੀ ਕਾਰਗਰ ਰਸਤਾ ਬਾਕੀ ਬਚਿਆ ਹੈ।
ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ‘ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ’ ਦਾ ਬਿਰਧ ਬਖਸ਼ਿਸ਼ ਕੀਤਾ ਹੈ। ਕਿਸਾਨਾਂ, ਮਜਦੂਰਾਂ ਤੇ ਮਜਲੂਮਾਂ ਦੇ ਇਸ ਸੰਘਰਸ਼ ਦੀ ਅਸੀਂ ਹਿਮਾਇਤ ਕਰਦੇ ਹਾਂ।
ਉਹਨਾ ਕਿਹਾ ਕਿ ਇਸ ਵੇਲੇ ਇਹ ਜਰੂਰੀ ਹੈ ਕਿ ਪਹਿਲੇ ਕਿਸਾਨੀ ਸੰਘਰਸ਼ ਤੋਂ ਸੇਧ ਲੈਂਦਿਆਂ ਸੰਘਰਸ਼ ਕਰ ਰਹੇ ਹਿੱਸੇ ਆਪਸ ਵਿਚ ਇਕਜੁਟਤਾ ਅਤੇ ਇਤਫਾਕ ਕਾਇਮ ਕਰਨ।
ਪੰਥ ਸੇਵਕਾਂ ਨੇ ਸਿੱਖ ਸੰਸਥਾਵਾਂ ਤੇ ਪੰਜਾਬ ਪੱਖੀ ਲੋਕਾਂ ਵੱਲੋਂ ਇਸ ਮੋਰਚੇ ਦੀ ਕੀਤੀ ਜਾ ਰਹੀ ਹਿਮਾਇਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਈ ਦੀ ਬਿਹਤਰੀ ਚਾਹੁਣ ਵਾਲੇ ਸਾਰੇ ਹਿੱਸਿਆਂ ਨੂੰ ਇਸ ਮੋਰਚੇ ਦਾ ਸਹਿਯੋਗ ਕਰਨਾ ਚਾਹੀਦਾ ਹੈ।
Related Topics: Bhai Amrik Singh Isru, Bhai Daljit Singh Bittu, Bhai Hardeep Singh Mehraj, Bhai Lal Singh Akalgarh, Bhai Manjeet Singh Phagwara, Bhai Narain Singh, Bhai Rajinder Singh Mughalwal, Bhai Satnam Singh Jhanjian, Bhai Satnam Singh Khandewal, Bhai Sukhdev Singh Dod, Farmers Protest 2024, Panth Sewak, Bhai Bhupinder Singh Bhalwan