June 3, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ- ਜਥੇਦਾਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਮੰਜੀ ਸਾਹਿਬ ਨਵਾਂ ਸ਼ਹਿਰ ਵਿਖੇ ਪੰਥ ਸੇਵਕ ਜਥਾ ਦੁਆਬਾ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਮੌਕੇ ਭਾਈ ਮਨਧੀਰ ਸਿੰਘ ਨੇ ਅਖਿਆ ਕਿ ਜੂਨ 1984 ਵਿੱਚ ਵਾਪਰੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਇਸ ਹਫਤੇ ਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹ ਕੇ ਮਨਾਇਆ ਜਾਵੇ। ਉਨਾਂ ਕਿਹਾ ਕਿ ਪੰਥ ਸੇਵਕ ਜਥੇ ਵੱਲੋਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੀਜੇ ਘੱਲੂਘਾਰੇ ਦੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਸਮੂਹ ਸ਼ਹੀਦਾਂ ਦੇ ਨਮਿੱਤ ਵੱਧ ਤੋਂ ਵੱਧ ਗੁਰਬਾਣੀ ਪੜਨੀ ਚਾਹੀਦੀ ਹੈ, ਜੋ ਕਿ ਸ਼ਹੀਦ ਸਿੰਘਾਂ ਦੇ ਆਸ਼ੇ ਅਨੁਸਾਰ ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਬੇਗਮਪੁਰੇ ਦੇ ਨਿਆਈ ਹਲੀਮੀ ਰਾਜ ਦੀ ਸਿਰਜਣਾ ਹੋ ਸਕੇ।
ਇਸ ਇਕੱਤਰਤਾ ਦੌਰਾਨ ਉਹਨਾਂ ਕਿਹਾ ਕਿ ਗੁਰਬਾਣੀ ਗੁਰਸਿੱਖ ਦੇ ਅੰਦਰ ਨੂੰ ਰੋਸ਼ਨ ਕਰਨ ਵਾਲੀ ਅਖੰਡ ਨਿਰੰਤਰ ਜੋਤ ਹੈ ਜੋ ਸੁਕਰਮ ਕਰਨ ਦਾ ਮਾਰਗ ਵਿਖਾਉਂਦੀ ਹੈ ਤੇ ਇਸ ਮਾਰਗ ਤੇ ਅੱਗੇ ਤੋਰਦੀ ਹੈ। ਤੀਜੇ ਘੱਲੂਘਾਰੇ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਸਮੂਹ ਸ਼ਹੀਦਾਂ ਦੇ ਨਮਿੱਤ ਪੰਥ ਸੇਵਕ ਜਥਾ ਦੋਆਬਾ ਅਤੇ ਇਲਾਕੇ ਦੀ ਸਿੱਖ ਸੰਗਤ ਵੱਲੋਂ ਦੋ ਸਹਿਜ ਪਾਠ ਅਤੇ 40,000 ਚੋਪਈ ਸਾਹਿਬ ਦੇ ਪਾਠ ਅਰੰਭ ਹਨ ਜਿਨ੍ਹਾਂ ਦਾ ਭੋਗ 9 ਜੂਨ ਨੂੰ ਗੁਰਦੁਆਰਾ ਮੰਜੀ ਸਾਹਿਬ ਨਵਾਂ ਸ਼ਹਿਰ ਵਿਖੇ ਪੈਣਗੇ।
ਇਸ ਮੌਕੇ ਜਥੇਦਾਰ ਦਲਜੀਤ ਸਿੰਘ ਮੋਲਾ, ਛਿੰਦਰਪਾਲ ਸਿੰਘ,ਮਾਸਟਰ ਬਖਸ਼ੀਸ਼ ਸਿੰਘ, ਮਾਸਟਰ ਬੇਅੰਤ ਸਿੰਘ ਨੀਲੋਂਵਾਲ, ਸੁਖਵਿੰਦਰ ਸਿੰਘ ਛੀਨਾ,ਸਤਨਾਮ ਸਿੰਘ ਭਾਰਾ ਪੁਰ, ਸੁਰਿੰਦਰ ਸਿੰਘ ਰਾਣੇਵਾਲ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ ਸ਼ਹਾਬਪੁਰ, ਪ੍ਰਭਜੋਤ ਸਿੰਘ, ਅਵਤਾਰ ਸਿੰਘ,ਮੋਹਣ ਸਿੰਘ ਮੀਰਪੁਰ, ਸਰਬਜੀਤ ਸਿੰਘ, ਜਸਵੀਰ ਸਿੰਘ ਸ਼ਹਾਬਪੁਰ, ਕੁਲਦੀਪ ਸਿੰਘ ਸਲੇਮਪੁਰ,ਸਰਵਣ ਸਿੰਘ ਉਸਮਾਨ ਪੁਰ, ਪ੍ਰਦੀਪ ਸਿੰਘ ਰਾਹੋਂ ਅਤੇ ਤਿਲਕਰਾਜ ਸਿੰਘ ਚਾਹਲ ਕਲਾਂ ਹਾਜ਼ਰ ਸਨ।
ਹੋਰ ਸਬੰਧਤ ਖਬਰਾਂ ਪੜ੍ਹੋ –
Related Topics: Bhai Mandhir Singh, Ghallughara June 1984, Panth Sewak Jatha Doaba, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)