November 7, 2015 | By ਸਿੱਖ ਸਿਆਸਤ ਬਿਊਰੋ
ਸਾਊਥਾਲ- ਨਵੰਬਰ ੧੯੮੪ ਵਿੱਚ ਸਿੱਖਾਂ ਦੇ ਕਤਲੇਆਮ ਨੂੰ ੩੧ ਸਾਲ ਬੀਤ ਚੁੱਕੇ ਹਨ ਪਰ ਇਸਦੇ ਬਾਵਜੂਦ ਵੀ ਅਜ਼ਾਦ ਅਤੇ ਜਮਹੂਰੀ ਭਾਰਤ ਵਿੱਚ ਉਸ ਬੇਕਿਰਕ ਕਤਲੇਆਮ ਦੇ ਕਿਸੇ ਇੱਕ ਵੀ ਮੁਲਜਮ ਨੂੰ ਸਜ਼ਾ ਨਹੀ ਦਿੱਤੀ ਗਈ। ਦਰਜਨਾ ਕਮਿਸ਼ਨ ਅਤੇ ਕਮੇਟੀਆਂ ਬਣਨ ਦੇ ਬਾਵਜੂਦ ਵੀ ਕਿਸੇ ਇੱਕ ਵੀ ਅਦਾਲਤ ਜਾਂ ਕਮੇਟੀ ਨੇ ਸਿੱਖਾਂ ਨੂੰ ਇਨਸਾਫ ਨਹੀ ਦਿੱਤਾ ਅਤੇ ਨਾ ਹੀ ਹੁਣ ਕਿਸੇ ਕਿਸਮ ਦਾ ਇਨਸਾਫ ਮਿਲਣ ਦੀ ਆਸ ਹੈ। ਪਰ ਕਿਉਂਕਿ ੩੧ ਸਾਲ ਪਹਿਲਾਂ ਸਿੱਖ ਕੌਮ ਤੇ ਜੁਲਮਾਂ ਦਾ ਇੱਕ ਝੱਖੜ ਝੱਲਿਆ ਸੀ ਇਸ ਲਈ ਇਸ ਲਈ ਕੌਮ ਦਾ ਹਿੱਸਾ ਹੋਣ ਦੇ ਨਾਤੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਪੰਚ ਪਰਧਾਨੀ ਯੂ.ਕੇ. ਵੱਲੋਂ ਪਿਛਲੇ ਦਿਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਇੱਕ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਜਿੱਥੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਉਥੇ ਭਾਰਤ ਸਰਕਾਰ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਪਰਦਾਫਾਸ਼ ਕੀਤਾ।
ਇਟਲੀ ਤੋਂ ਆਏ ਭਾਈ ਸਰਬਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸਿੱਖਾਂ ਨੂੰ ਗਿਣ ਮਿਥ ਕੇ ਕਤਲ ਕੀਤਾ ਗਿਆ। ਉਹ ਕੋਈ ਆਪ ਮੁਹਾਰਾ ਰੋਹ ਨਹੀ ਸੀ ਬਲਕਿ ਸਰਕਾਰੀ ਪੁੱਧਰ ਤੇ ਗਿਣਮਿਥ ਕੇ ਕੀਤੇ ਗਏ ਯੋਜਨਾਬੰਦ ਕਤਲ ਸਨ ਇਸੇ ਲਈ ਸਰਕਾਰਾਂ ਭਾਵੇਂ ਕੋਈ ਵੀ ਹੋਣ ਉਹ ਅੱਜ ਤੱਕ ਕਾਤਲਾਂ ਨੂੰ ਬਚਾਉਂਦੀਆਂ ਹੀ ਆ ਰਹੀਆਂ ਹਨ। ਭਾਈ ਸਰਬਜੀਤ ਸਿੰਘ ਨੇ ਆਖਿਆ ਕਿ ਹੁਣ ਸਾਨੂੰ ਇਨਸਾਫ ਦੀ ਆਸ ਛੱਡ ਦੇਣੀ ਚਾਹੀਦੀ ਹੈ ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖ ਕੇ ਆਪਣੇ ਕੌਮੀ ਗੌਰਵ ਨੂੰ ਸੰਭਾਲਣ ਲਈ ਯਤਨਸ਼ੀਲ ਹੋਣਾਂ ਚਾਹੀਦਾ ਹੈ।
ਭਾਈ ਕਮਲਜੀਤ ਸਿੰਘ ਵੱਲੋਂ ਇਤਿਹਾਸਕ ਹਵਾਲੇ ਦੇ ਕੇ ਜੋਸ਼ ਅਤੇ ਹੋਸ਼ ਨੂੰ ਕਾਇਮ ਰੱਖਦਿਆਂ ਹੋਇਆ ਸੰਗਤਾਂ ਨੂੰ ਝੰਜੋੜਾ ਦਿੱਤਾ ਗਿਆ। ਆਪ ਨੇ ਦੱਸਿਆ ਕਿ ਜਿੱਥੇ ੫ ਹਜਾਰ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਹੋਇਆ ਉਥੇ ੨੫ ਹਜ਼ਾਰ ਸਿੱਖ ਜ਼ਖਮੀ ਵੀ ਹੋਏ। ਏਨੇ ਲੋਕਾਂ ਦਾ ਕਤਲੇਆਮ ਕਰਨ ਲਈ ਅਤੇ ਏਨੀ ਵੱਡੀ ਪੱਧਰ ਤੇ ਲੁਟਮਾਰ ਕਰਵਾਉਣ ਲਈ ਸਰਕਾਰ ਨੂੰ ਕਿੰਨੇ ਲੋਕਾਂ ਨੂੰ ਲਾਮਬੰਦ ਕਰਨਾ ਪਿਆ ਹੋਵੇਗਾ ਅਤੇ ਕਿੰਨੇ ਸਾਧਨ ਵਰਤਣੇ ਪਏ ਹੋਣਗੇ ਇਸਦਾ ਅੰਦਾਜ਼ਾ ਲਾਉਣਾਂ ਔਖਾ ਨਹੀ ਹੈ। ਉਨ੍ਹਾਂ ਆਖਿਆ ਕਿ ਕਤਲ ਹੋਏ ਅਤੇ ਜ਼ਖਮੀ ਸਿੱਖਾਂ ਦੇ ਸਰੀਰ ਕੌਂਸਲ ਦੀਆਂ ਗੱਡੀਆਂ ਵਿੱਚ ਚੁੱਕਕੇ ਦਿੱਲੀ ਦੇ ਬਾਹਰਵਾਰ ਇੱਕ ਵੱਡੇ ਟੋਏ ਵਿੱਚ ਸੁੱਟਕੇ ਉਸ ਤੇ ਕੈਮੀਕਲ ਪਾ ਦਿੱਤਾ ਗਿਆ ਅਤੇ ਮਿੱਟੀ ਨਾਲ ਉਸ ਖੱਡੇ ਨੂੰ ਪੂਰ ਦਿੱਤਾ ਗਿਆ।
ਉਨ੍ਹਾਂ ਆਖਿਆ ਕਿ ਇਹ ਸਭ ਕੁਝ ਅਜ਼ਾਦ ਕਹੇ ਜਾਂਦੇ ਭਾਰਤ ਵਿੱਚ ਹੋਇਆ ਅਤੇ ਚਅਰ ਦਿਨਾਂ ਤੱਕ ਦਿੱਲੀ ਦੀਆਂ ਚਾਰੇ ਅਦਾਲਤਾਂ ਬੰਦ ਰੱਖੀਆਂ ਗਈਆਂ ਤਾਂ ਕਿ ਕਾਤਲਾਂ ਨੂੰ ਕੋਈ ਰੋਕ ਨਾ ਸਕੇ। ਭਾਈ ਕਮਲਜੀਤ ਸਿੰਘ ਨੇ ਆਖਿਆ ਕਿ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੂੰ ਅਜਿਹੇ ਘਿਨਾਉਣੇ ਕਾਂਡ ਦਾ ਆਪਣੇ ਆਪ ਨੋਟਿਸ ਲੈਣ ਦਾ ਹੱਕ ਪ੍ਰਾਪਤ ਹੈ ਪਰ ਚਅਰ ਦਿਨ ਭਾਰਤ ਦੀ ਕੋਈ ਵੀ ਅਦਾਲਤ ਸਿੱਖਾਂ ਦੇ ਕਤਲੇਆਮ ਬਾਰੇ ਨਾ ਬੋਲੀ। ਉਨ੍ਹਾਂ ਦੱਸਿਆ ਕਿ ਇਨਸਾਫ ਮੰਗਿਆਂ ਨਹੀ ਮਿਲਦੇ ਬਲਕਿ ਆਪ ਲੈਣੇ ਪੈਂਦੇ ਹਨ।
ਇਸਤੋਂ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਭਾਈ ਗੁਰਪਰੀਤ ਸਿੰਘ ਜੀ ਜੋ ਵਿਸ਼ੇਸ਼ ਤੌਰ ਤੇ ਹਾਜਰੀ ਭਰਨ ਆਏ ਸਨ ਨੇ ਸ਼ਹੀਦਾਂ ਦੀ ਯਾਦ ਵਿੱਚ ਰਸਭਿੰਨਾ ਕੀਰਤਨ ਕੀਤਾ। ਆਪ ਨੇ ਦੱਸਿਆ ਕਿ ਇਸ ਕਤਲੇਆਮ ਮੌਕੇ ਉਹ ਕਾਨਪੁਰ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਕੋਈ ਚਿੱਤ ਚੇਤਾ ਵੀ ਨਹੀ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋ ਜਾਵੇਗਾ। ਸਾਨੂੰ ਤਾਂ ਇਹੋ ਹੀ ਸਿਖਾਇਆ ਗਿਆ ਸੀ ਕਿ, ਮਜ਼ਹਬ ਨਹੀ ਸਿਖਾਤਾ ਆਪਸ ਮੇ ਬੈਰ ਰੱਖਨਾ। ਪਰ ਜਿਵੇਂ ਦੂਜੇ ਮਜ਼ਹਬ ਵਾਲਿਆਂ ਨੇ ਜਿਸ ਜਾਲਮਾਨਾ ਢੰਗ ਨਾਲ ਕਤਲੇਆਮ ਕੀਤਾ ਉਸਦੀ ਕੋਈ ਮਿਸਾਲ ਨਹੀ ਮਿਲਦੀ।
ਪੰਚ ਪਰਧਾਨੀ ਵੱਲੋਂ ਭਾਈ ਪਰਮਿੰਦਰ ਸਿੰਘ ਬੱਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ੧੯੮੪ ਨੇ ਕੌਮ ਨੂੰ ਅਜਿਹੇ ਗਹਿਰੇ ਜ਼ਖਮ ਦਿੱਤੇ ਹਨ ਜਿਨ੍ਹਾਂ ਨੂੰ ਭੁੱਲਿਆ ਨਹੀ ਜਾ ਸਕਦਾ। ਇਹ ਸਾਡੇ ਇਤਿਹਾਸ ਦਾ ਪੰਨਾ ਬਣ ਗਏ ਹਨ ਅਤੇ ਇਨ੍ਹਾਂ ਜ਼ਖਮਾਂ ਨੇ ਸਿੱਖ ਕੌਮ ਦੇ ਆਪਣੇ ਗਵਾਂਢੀਆਂ ਨਾਲ ਰਿਸ਼ਤੇ ਸਦਾ ਸਦਾ ਲਈ ਨਿਸ਼ਿਚਤ ਕਰ ਦਿੱਤੇ ਹਨ। ਇਸ ਲਈ ਸਾਨੂੰ ਆਪਣੀ ਹਰ ਸਰਗਰਮੀ ਵਿੱਚ ਇਨ੍ਹਾਂ ਜ਼ਖਮਾਂ ਦੀ ਪੀੜ ਨੂੰ ਯਾਦ ਰੱਖਣਾਂ ਚਾਹੀਦਾ ਹੈ। ਭਾਈ ਪਰਮਿੰਦਰ ਸਿੰਘ ਬੱਲ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਬੋਲਦਿਆਂ ਆਖਿਆ ਕਿ ਸਟੇਟ ਨੇ ਕੌਮ ਲਈ ਨਵੇਂ ਕਿਸਮ ਦਾ ਇਮਤਿਹਾਨ ਪਾਇਆ ਹੈ। ਸਟੇਟ ਇਹ ਦੇਖਣਾਂ ਚਾਹੁੰਦੀ ਹੈ ਕਿ ਸਿੱਖਾਂ ਵਿੱਚ ਪੀੜ ਬਾਕੀ ਹੈ ਜਾਂ ਨਹੀ ਅਤੇ ਸਿੱਖ ਕੌਮ ਨੇ ਭਾਰਤੀ ਸਟੇਟ ਨੂੰ ਪਿਛਲੇ ਦਿਨੀ ਇੱਕ ਵਾਰ ਫਿਰ ਆਪਣੇ ਦਿਲ ਦੀ ਗੱਲ ਖੋਲ਼੍ਹ ਕੇ ਦੱਸ ਦਿੱਤੀ ਹੈ। ਉਨ੍ਹਾਂ ਆਖਿਆ ਕਿ ਸਿੱਖਾਂ ਨੂੰ ਹਿੰਦੂ ਦੱਸਣ ਵਾਲੇਲੋਕਾਂ ਨਾਲ ਕੌਮ ਕੋਈ ਵੀ ਗੱਲਬਾਤ ਨਹੀ ਕਰ ਸਕਦੀ। ਸਾਨੂੰ ਮੁਆਫੀ ਨਹੀ ਚਾਹੀਦੀ ਬਲਕਿ ਇਨਸਾਫ਼ ਚਾਹੀਦਾ ਹੈ।
ਪੰਜਾਬ ਵਿੱਚ ਹੁਣੇ ਜਿਹੇ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਰੋਸ ਵਿੱਚ ਸਮਰਾਲਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਏ ਭਅਈ ਹਰਬੰਸ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ੧੯੮੪ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਸੰਗਤਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਰਵਾਇਤਾਂ ਦੇ ਖਿਲਾਫ ਫੈਸਲੇਲਏ ਜਾ ਰਹੇ ਹਨ ਜਿਸਦੇ ਰੋਹ ਵੱਜੋਂ ਉਨ੍ਹਾਂ ਅਸਤੀਫਾ
ਦੇ ਦਿੱਤਾ ਹੈ। ਆਪ ਨੇ ਸੰਗਤਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਵੀ ਜਾਣੂੰ ਕਰਵਾਇਆ।
ਪੱਤਰਕਾਰ ਅਵਤਾਰ ਸਿੰਘ ਨੇ ਸਿੱਖ ਸੰਗਤਾਂ ਨੂੰ ਦੁਨੀਆਂ ਦੇ ਇਤਿਹਾਸ ਵਿੱਚੋਂ ਹਵਾਲੇ ਦੇ ਕੇ ਦੱਸਿਆ ਕਿ ਕੋਈ ਵੀ ਕੌਮ ਵੱਡੇ ਕਤਲੇਆਮਾਂ ਨਾਲ ਖਤਮ ਨਹੀ ਹੋਇਆ ਕਰਦੀ ਬਲਕਿ ਕੌਮਾਂ ਉਦੋਂ ਖਤਮ ਹੁੰਦੀਆਂ ਹਨ ਜਦੋਂ ਉਹ ਆਪਣੇ ਵਿਰਸੇ, ਆਪਣੇ ਇਤਿਹਾਸ, ਆਪਣੀਆਂ ਰਵਾਇਤਾਂ ਅਤੇ ਆਪਣੇ ਸ਼ਹੀਦਾਂ ਦੇ ਰਅਹ ਨੂੰ ਭੁੱਲ ਜਾਇਆ ਕਰਦੀਆਂ ਹਨ। ਜਿਹੜੀ ਕੌਮ ਵਿੱਚੋਂ ਦੂਜੀ ਕੌਮ ਨਾਲੋਂ ਫਰਕ ਮਿਟ ਜਾਵੇ ਉਹ ਕੌਮ ਹਮੇਸ਼ਾ ਲਈ ਮਿਟ ਜਾਇਆ ਕਰਦੀ ਹੈ। ਉਨ੍ਹਾਂ ਅਸੀਰੀਅਨ, ਬੇਬੀਲੋਨੀਅਨ, ਅਰਮੀਨੀਅਨ ਅਤੇ ਪੋਲਿਸ਼ ਕੌਮਾਂ ਦੀਆਂ ਉਦਾਹਰਨਾ ਦੇ ਕੇ ਦੱਸਿਆ ਕਿ ਉਹ ਕੌਮਾਂ ਵੱਡੇ ਕਤਲੇਆਮਾਂ ਦੇ ਬਾਵਜੂਦ ਬਚ ਸਕੀਆਂ ਹਨ ਜੋ ਆਪਣੇ ਨਾਇਕਾਂ, ਸ਼ਹੀਦਾਂ ਅਤੇ ਗਰੰਥਾਂ ਨਾਲ ਜੁੜੀਆਂ ਰਹੀਆਂ ਹਨ।
੧੯੮੪ ਦੇ ਕਤਲੇਆਮ ਦਾ ਇਨਸਾਫ ਨਾ ਮਿਲਣ ਸਬੰਧੀ ਉਠ ਰਹੇ ਰੋਹ ਬਾਰੇ ਅਵਤਾਰ ਸਿੰਘ ਨੇ ਸਿੱਖ ਵਿਦਵਾਨ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦੀ ਇੱਕ ਕਵਿਤਾ ਦਾ ਬੰਦ ਸੁਣੁਉਂਦਿਆਂ ਆਖਿਆ ਕਿ ਇਨਸਾਫ ਹਮੇਸ਼ਾ ਜਿੱਤੀਆਂ ਹੋਈਆਂ ਕੌਮਾਂ ਦੀ ਹੀ ਜਾਗੀਰ ਹੁੰਦਾ ਹੈ ਹਾਰੀਆਂ ਕੌਮਾਂ ਦੀ ਨਹੀ।
ਹੱਕ ਸੱਚ ਤੇ ਫਲਸਫਾ, ਜਿੱਤਿਆਂ ਨੂੰ ਦਰਕਾਰ
ਹਾਰੀ ਹੋਈ ਕੌਮ ਦੇ ਰੱਬ ਵੀ ਜਾਂਦੇ ਹਾਰ।
ਗੁਰੂਘਰ ਦੇ ਵਾਈਸ ਪਰਧਾਨ ਭਾਈ ਹਰਜੀਤ ਸਿੰਘ ਸਰਪੰਚ ਨੇ ਪੰਚ ਪਰਧਾਨੀ ਯੂ.ਕੇ. ਵੱਲੋਂ ਕਰਵਾਈ ਗਈ ਇਸ ਕਾਨਫਰੰਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਬੁਲਾਰਿਆਂ ਵੱਲੋਂ ਪਰਗਟ ਕੀਤੇ ਗਏ ਵਿਚਾਰਾਂ ਨਾਲ ਸਹਿਮਤੀ ਪਰਗਾਟਾਉਂਦਿਆਂ ਆਖਿਆ ਕਿ ਜੇ ਸਿੱਖ ਕੌਮ ਸਾਰੀਆਂ ਧੜੇਬੰਦੀਆਂ ਛੱਡ ਕੇ, ਤਿਆਗ ਦਾ ਮੁਜਾਹਰਾ ਕਰਕੇ ਇੱਕ ਕੌਮ ਦੇ ਤੌਰ ਤੇ ਸੋਚਣ ਅਤੇ ਵਿਚਰਨ ਲੱਗ ਜਾਵੇ ਤਾਂ ਫਿਰ ਕੋਈ ਤਾਕਤ ਇਸ ਦਾ ਰਾਹ ਨਹੀ ਰੋਕ ਸਕਦੀ।
ਭਾਈ ਕੁਲਵੰਤ ਸਿੰਘ ਭਿੰਡਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
Related Topics: Attack on Darbar Sahib, Indian Satae, Panch Pardhnai, Sikhs In UK, ਸਿੱਖ ਨਸਲਕੁਸ਼ੀ 1984 (Sikh Genocide 1984)