November 21, 2016 | By ਸਿੱਖ ਸਿਆਸਤ ਬਿਊਰੋ
ਸਾਊਥਾਲ: ਪੰਚ ਪਰਧਾਨੀ ਯੂ.ਕੇ. ਵੱਲੋਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਸਿੰਘ ਸਭਾ ਗੁਰਦੁਆਰਾ ਪਾਰਕ ਐਵੇਨਿਓ ਸਾਊਥਾਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪੰਥਕ ਬੁਲਾਰਿਆਂ ਨੇ 32 ਸਾਲ ਪਹਿਲਾਂ ਸਰਕਾਰ ਦੀ ਸ਼ਹਿ ਨਾਲ ਬੇਕਿਰਕੀ ਨਾਲ ਸ਼ਹੀਦ ਕਰ ਦਿੱਤੇ ਗਏ ਹਜ਼ਾਰਾਂ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਸ਼ਰਧਾਂਜਲੀ ਸਮਾਗਮ 13 ਨਵੰਬਰ ਐਤਵਾਰ ਨੂੰ ਕਰਵਾਇਆ ਗਿਆ। ਸ਼ਰਧਾਂਜਲੀ ਸਮਾਗਮ ਦੇ ਅਰੰਭ ਵਿੱਚ ਰਾਗੀ ਜਥੇ ਵੱਲੋਂ ਰਸਭਿਨਾ ਕੀਰਤਨ ਕੀਤਾ ਗਿਆ, ਉਪਰੰਤ ਭਾਈ ਗੁਰਦੀਪ ਸਿੰਘ ਟੋਰਾਂਟੋ ਵਾਲਿਆਂ ਵੱਲੋਂ ਸ਼ਬਦ ਵਿਚਾਰ ਦੌਰਾਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਯਾਂਜਲੀ ਭੇਟ ਕੀਤੀ ਗਈ। ਉਨ੍ਹਾਂ ਆਖਿਆ ਕਿ 1984 ਵਿੱਚ ਜੋ ਸਿੱਖ ਕਤਲੇਆਮ ਹੋਇਆ ਉਹ ਸਿੱਖਾਂ ਦੇ ਸਿੱਖ ਹੋਣ ਕਰਕੇ ਹੀ ਵਾਪਰਿਆ। ਸਿੱਖਾਂ ਦੇ ਨਿਆਰੇਪਣ ਤੋਂ ਭਾਰਤ ਦੀ ਬਹੁਗਿਣਤੀ ਨੂੰ ਖਤਰਾ ਹੈ ਇਸੇ ਲਈ ਉਹ ਹਰ ਸਮੇਂ ਸਿੱਖਾਂ ਦਾ ਕਤਲੇਆਮ ਕਰਨ ਦੇ ਇਰਾਦੇ ਪਾਲਦੇ ਰਹਿੰਦੇ ਹਨ। ਇਸ ਕਤਲੇਆਮ ਵਿੱਚ ਸਰਕਾਰ ਦੀ ਪੂਰੀ ਸ਼ਹਿ ਸੀ ਇਸੇ ਲਈ ਹਾਲੇ ਤੱਕ ਵੀ ਕਿਸੇ ਮੁੱਖ ਦੋਸ਼ੀ ਨੂੰ ਸਜ਼ਾ ਨਹੀਂ ਹੋਣ ਦਿੱਤੀ ਗਈ।
ਇਸ ਤੋਂ ਉਪਰੰਤ ਭਾਈ ਪਰਮਿੰਦਰ ਸਿੰਘ ਬੱਲ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਦੌਰ ਅੱਜ ਵੀ ਜਾਰੀ ਹੈ। ਇਹ ਬੰਦ ਨਹੀਂ ਹੋਇਆ। ਸਿੱਖਾਂ ਦੇ ਪਾਣੀਆਂ ਨੂੰ ਕਾਨੂੰਨੀ ਡਾਕੇ ਰਾਹੀਂ ਖੋਹ ਕੇ ਲੈਜਾਣ ਦੇ ਯਤਨ ਨਸਲਕੁਸ਼ੀ ਦਾ ਅਗਲਾ ਪੜਾਅ ਹਨ। ਇਸ ਲਈ ਸਾਨੂੰ ਆਪਣੇ ਵਿਰਸੇ ਅਤੇ ਇਤਿਹਾਸ ਦੀ ਰਾਖੀ ਲਈ ਸਿੱਖ ਜਜ਼ਬੇ ਤਹਿਤ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਵਿੱਚ ਰਵਾਇਤੀ ਲੀਡਰਸ਼ਿੱਪ ਦਾ ਵੀ ਕਾਫੀ ਵੱਡਾ ਹੱਥ ਹੈ ਜੋ ਆਪਣੇ ਨਿੱਜੀ ਫਾਇਦਿਆਂ ਲਈ ਪੰਜਾਬ ਦੇ ਹਿੱਤਾਂ ਨਾਲ ਵਾਰ-ਵਾਰ ਸਮਝੌਤਾ ਕਰ ਰਹੇ ਹਨ। ਭਾਈ ਪਰਮਿੰਦਰ ਸਿੰਘ ਬੱਲ ਨੇ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਕੌਮ ਦੀ ਅਜ਼ਮਤ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਇਸ ਲਈ ਸਾਨੂੰ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਮਿੱਥ ਕੇ ਕੀਤੇ ਗਏ ਕਤਲੇਆਮਾਂ ਦਾ ਇਨਸਾਫ ਨਾ ਕਦੇ ਮਿਲਿਆ ਹੈ ਅਤੇ ਨਾ ਮਿਲਣਾ ਹੈ। ਸਿਰਫ ਸੰਘਰਸ਼ ਹੀ ਆਸ ਦੀ ਕਿਰਨ ਜਗਾ ਸਕਦਾ ਹੈ।
ਭਾਈ ਕਮਲਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਲੰਬੇ ਸਮੇਂ ਦੇ ਸ਼ੰਘਰਸ਼ ਤੋਂ ਬਾਅਦ ਹੁਣ ਸਿੱਖ ਕੌਮ ਦੇ ਇੱਕ ਹਿੱਸੇ ਵਿੱਚੋਂ ਵੀ ਸ਼ਹੀਦਾਂ ਦੀ ਯਾਦ ਧੁੰਦਲੀ ਪੈ ਰਹੀ ਹੈ ਜੋ ਠੀਕ ਨਹੀ ਹੈ। ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਲੱਖਾਂ ਅਦਾਲਤਾਂ ਹੋਣ ਦੇ ਬਾਵਜੂਦ ਵੀ ਜੇ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰਾਂ ਦੇ ਇਰਾਦੇ ਕੀ ਹਨ।
ਪੱਤਰਕਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਨਸਲਕੁਸ਼ੀਆਂ ਬਾਰੇ ਸੰਸਾਰ ਵਿਆਪੀ ਪਰਿਭਾਸ਼ਾਵਾਂ ਦੇ ਨਾਲ-ਨਾਲ ਇਨ੍ਹਾਂ ਦੇ ਕਾਰਨਾਂ ਬਾਰੇ ਵਿਚਾਰ ਕੀਤੀ ਗਈ। ਉਨ੍ਹਾਂ ਪ੍ਰੋਫੈਸਰ ਅਰਜੁਨ ਅੱਪਾਦੁਰਾਈ ਅਤੇ ਏਲਾਨ ਪਾਪੇ ਦੇ ਕਥਨਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਬਹੁਗਿਣਤੀ ਨੂੰ ਜਦੋਂ ਇਹ ਡਰ ਸਤਾਉਣ ਲੱਗ ਜਾਵੇ ਕਿ ਉਸ ਦੇਸ਼ ਵਿੱਚ ਵਸਣ ਵਾਲੀਆਂ ਘੱਟ-ਗਿਣਤੀਆਂ ਕਿਸੇ ਦਿਨ ਬਹੁ-ਗਿਣਤੀ ਦਾ ਸਰਬਨਾਸ਼ ਕਰ ਸਕਦੀਆਂ ਹਨ ਤਾਂ ਉਸ ਵਿੱਚ ਕਾਤਲੀ ਬਿਰਤੀ ਪੈਦਾ ਹੋ ਜਾਂਦੀ ਹੈ। ਫਿਰ ਬਹੁ-ਗਿਣਤੀ ਇੱਕ ਮਾਰਖੋਰੀ ਕੌਮ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਮਾਰਖੋਰੀ ਕੌਮ ਵਿੱਚ ਅਪੂਰਨਤਾ ਦੀ ਭਾਵਨਾ ਘਰ ਕਰ ਜਾਂਦੀ ਹੈ। ਵੱਡੇ ਰਾਜਭਾਗ ਦੀ ਮਾਲਕ ਹੋਣ ਦੇ ਬਾਵਜੂਦ ਵੀ ਬਹੁ-ਗਿਣਤੀ ਵਿੱਚ ਸੰਪੂਰਨਤਾ ਦੀ ਘਾਟ ਰਹਿੰਦੀ ਹੈ ਇਸੇ ਲਈ ਉਹ ਆਪਣੇ ਤੋਂ ਵੱਖਰੇ ਦਿਸਣ ਵਾਲੇ ਲੋਕਾਂ ਦੇ ਲਹੂ ਵਿੱਚ ਆਪਣੇ ਹੱਥ ਰੰਗਦੀ ਹੈ।
ਉਨ੍ਹਾਂ ਏਲਾਨ ਪਾਪੇ ਦੇ ਹਵਾਲੇ ਨਾਲ ਦੱਸਿਆ ਕਿ ਨਸਲਕੁਸ਼ੀ ਮਹਿਜ਼ ਕਤਲੇਆਮਾਂ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਇਹ ਤਾਂ ਹਮਲੇ ਦੀ ਮਾਰ ਹੇਠ ਆਈ ਕੌਮ ਦੇ ਸਮੁੱਚੇ ਵਜੂਦ ਨੂੰ ਇਤਿਹਾਸ ਦੀ ਯਾਦ ਵਿੱਚੋਂ ਖਤਮ ਕਰ ਦੇਣ ਦੇ ਮਨਸ਼ੇ ਪਾਲ ਕੇ ਚਲਦੀ ਹੈ। ਇਸ ਲਈ ਪੁਲਿਸ, ਫੌਜ ਜਾਂ ਜੱਜਾਂ ਨੂੰ ਕਿਸੇ ਰਸਮੀ ਹੁਕਮ ਦੀ ਲੋੜ ਨਹੀਂ ਹੁੰਦੀ ਉਹ ਆਪ ਹੀ ਜਾਣਦੇ ਹੁੰਦੇ ਹਨ ਕਿ ਸਰਕਾਰ ਸਾਡੇ ਤੋਂ ਕੀ ਉਮੀਦ ਰੱਖ ਰਹੀ ਹੈ। ਇਸ ਲਈ ਉਹ ਸਮਾਜ ਅਤੇ ਸਰਕਾਰ ਦੀ ਮਰਜ਼ੀ ‘ਤੇ ਫੁੱਲ ਚੜ੍ਹਾਉਣ ਲਈ ਆਪ ਹੀ ਕਾਰਵਾਈਆਂ ਕਰਦੇ ਰਹਿੰਦੇ ਹਨ।
ਅਜਿਹੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਉਨ੍ਹਾਂ ਵੱਡੀਆਂ ਸਲਤਨਤਾਂ ਨੂੰ ਛੋਟੇ ਮੁਲਕਾਂ ਵਿੱਚ ਤੋੜ ਦੇਣ ਦੀ ਸਿਆਸੀ ਵਿਚਾਰਧਾਰਾ ਦੀ ਪ੍ਰੋੜਤਾ ਕੀਤੀ।
Related Topics: Panch Pardhani UK, Sikhs In UK, ਸਿੱਖ ਨਸਲਕੁਸ਼ੀ 1984 (Sikh Genocide 1984)