ਵਿਦੇਸ਼ » ਸਿੱਖ ਖਬਰਾਂ

ਪੰਚ ਪਰਧਾਨੀ ਯੂ.ਕੇ. ਅਤੇ ਸਹਿਯੋਗੀ ਜਥੇਬੰਦੀਆਂ ਦਾ ਸਾਲਾਨਾ ਇਜਲਾਸ ਲੰਡਨ ਵਿਖੇ ਹੋਇਆ

December 7, 2016 | By

ਲੰਡਨ: ਪੰਚ ਪਰਧਾਨੀ ਯੂ.ਕੇ. ਅਤੇ ਸਹਿਯੋਗੀ ਜਥੇਬੰਦੀਆਂ ਦਾ ਸਾਲਾਨਾ ਇਜਲਾਸ ਪਿਛਲੇ ਦਿਨੀਂ ਲੰਡਨ ਵਿੱਚ ਹੋਇਆ। ਇਲਜਾਸ ਤੋਂ ਬਾਅਦ ਪੰਥਕ ਜਥੇਬੰਦੀਆਂ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਇਸ ਵਿੱਚ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਡੈਲੀਗੇਟਸ ਯੂ.ਕੇ., ਯੂਰਪ, ਕਨੇਡਾ ਅਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਚਾਰ ਦਿਨਾਂ ਤੱਕ ਚੱਲੇ ਇਸ ਇਜਲਾਸ ਦੌਰਾਨ ਸਿੱਖ ਪੰਥ ਦੀ ਮੌਜੂਦਾ ਧਾਰਮਕ, ਸਮਾਜਕ ਅਤੇ ਸਿਆਸੀ ਹਾਲਤ ‘ਤੇ ਨਿੱਠ ਕੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਸਾਰੀਆਂ ਸੰਸਥਾਵਾਂ ਦਾ ਇੱਕ ਸਾਂਝਾ ਕੇਂਦਰ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਇਜਲਾਸ ਦੌਰਾਨ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੀਆਂ ਸੰਸਥਾਵਾਂ ਨੂੰ ਵੱਖ-ਵੱਖ ਪ੍ਰੋਜੈਕਟ ਦੇ ਕੇ ਇਨ੍ਹਾਂ ‘ਤੇ ਕੰਮ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।

ਲੰਡਨ ਵਿਖੇ ਹੋਏ ਇਲਜਾਸ ਦਾ ਇਕ ਦ੍ਰਿਸ਼

ਲੰਡਨ ਵਿਖੇ ਹੋਏ ਇਲਜਾਸ ਦਾ ਇਕ ਦ੍ਰਿਸ਼

ਇਜਲਾਸ ਦੇ ਪਹਿਲੇ ਦਿਨ ਦੇਸ਼-ਵਿਦੇਸ਼ ਤੋਂ ਆਏ ਡੈਲੀਗੇਟਸ ਦੀ ਜਾਣ ਪਹਿਚਾਣ ਕਰਵਾਈ ਗਈ ਤਾਂ ਕਿ ਖਾਲਸਾਈ ਵਿਚਾਰਧਾਰਾ ਨਾਲ ਜੁੜੇ ਸੱਜਣਾਂ ਦਾ ਨਵੀਂ ਪੀੜ੍ਹੀ ਨਾਲ ਰਾਬਤਾ ਮਜਬੂਤ ਹੋ ਸਕੇ। ਇਸੇ ਦਿਨ ਸਮੁੱਚੀਆਂ ਸੰਸਥਾਵਾਂ ਦੇ ਪਿਛਲੇ ਸਮੇਂ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਭਵਿੱਖ ਵਿੱਚ ਆਪਣੇ-ਆਪਣੇ ਕਾਰਜਾਂ ਦੀ ਸਮਰਥਾ ਬਾਰੇ ਜਾਣਕਾਰੀ ਦਿੱਤੀ ਗਈ।

ਇਜਲਾਸ ਵਿੱਚ ਇਹ ਵਿਚਾਰ ਪੇਸ਼ ਕੀਤਾ ਗਿਆ ਕਿ ਸਿੱਖ ਅਜ਼ਾਦ ਹਸਤੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜਿੱਥੇ ਸਿਆਸੀ ਖੇਤਰ ਵਿੱਚ ਕਦਮ ਵਧਾਉਣ ਦੀ ਲੋੜ ਹੈ ਉੱਥੇ ਹੀ ਧਾਰਮਕ, ਸਮਾਜਕ ਅਤੇ ਸਿੱਖ ਸੱਭਿਆਚਾਰ ਦੀ ਮਜਬੂਤੀ ਲਈ ਵੀ ਸੁਹਿਰਦ ਕਾਰਜ ਕਰਨ ਦੀ ਲੋੜ ਹੈ।

ਇਸ ਸੰਦਰਭ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਦੇ ਰੋਲ ਦੀ ਮਹੱਤਤਾ ਵੀ ਉਜਾਗਰ ਕੀਤੀ ਗਈ। ਇਹ ਸੰਸਥਾ ਜੋ ਪਿਛਲੇ 30 ਸਾਲ ਤੋਂ ਸਿੱਖ ਧਰਮ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਜਿਸਨੇ ਆਪਣਾ ਘੇਰਾ ਹੁਣ ਯੂ.ਕੇ. ਤੋਂ ਵਧਾ ਕੇ ਯੂਰਪ ਅਤੇ ਅਮਰੀਕਾ ਕਨੇਡਾ ਤੱਕ ਵੀ ਵਧਾਉਣਾ ਅਰੰਭ ਕਰ ਦਿੱਤਾ ਹੈ ਦੇ ਕਾਰਜਾਂ ਬਾਰੇ ਸੰਸਥਾ ਦੇ ਸੰਚਾਲਕ ਨੇ ਵਿਸਥਾਰ ਪੂਰਬਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਿੱਖ ਐਜੂਕੇਸ਼ਨ ਕੌਂਸਲ ਜਿੱਥੇ ਨਵੀਂ ਪੀੜ੍ਹੀ ਦੇ ਸਿੱਖ ਨੌਜਵਾਨਾਂ ਨੂੰ ਲਗਾਤਾਰ ਸਟੱਡੀ ਗਰੁੱਪਸ ਰਾਹੀਂ ਗੁਰਮਤ ਅਤੇ ਪੰਥਕ ਨਿਸ਼ਾਨੇ ਦੀ ਸੋਝੀ ਪਰਦਾਨ ਕਰ ਰਹੀ ਹੈ ਉੱਥੇ ਹੀ ਸਿੱਖ ਇਤਿਹਾਸ ਨਾਲ ਸਬੰਧਿਤ ਪੁਰਾਤਨ ਖਰੜੇ ਅਤੇ ਦੁਰਲੱਭ ਲਿਖਤਾਂ ਦੀ ਸੰਭਾਲ ਲਈ ਵੀ ਯਤਨਸ਼ੀਲ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਖ ਐਜੂਕੇਸ਼ਨ ਕੌਂਸਲ, ਸਿੱਖ ਘੱਲੂਘਾਰੇ ਨਾਲ ਸਬੰਧਿਤ ਹੁਣ ਤੱਕ 59 ਸੈਮੀਨਾਰ ਕਰ ਚੁੱਕੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਦੇਣ ਬਾਰੇ ਬ੍ਰਿਟਿਸ਼ ਵਾਰ ਰੂਮ ਵਿੱਚ ਸੈਮੀਨਾਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੌਂਸਲ ਵੱਲੋਂ ਚੋਖੀ ਰਕਮ ਖਰਚ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛੇ ਸਰੂਪਾਂ ਨੂੰ ਆਧੁਨਿਕ ਢੰਗ ਨਾਲ ਸੰਭਾਲਣ ਦਾ ਕਾਰਜ ਹੱਥ ਲਿਆ ਗਿਆ ਹੈ ਜੋ ਜਲਦੀ ਹੀ ਸੰਪੂਰਨ ਹੋ ਜਾਵੇਗਾ।

ਸਿੱਖ ਐਜੂਕੇਸ਼ਨ ਕੌਂਸਲ ਦੇ ਇੱਕ ਹੋਰ ਨੁਮਾਇੰਦੇ ਨੇ ਸਿੱਖ ਆਰਕੀਟੈਕਟ ਬਾਰੇ ਆਪਣੇ ਨਿਵੇਕਲੇ ਪ੍ਰਜੈਕਟ ਰਾਹੀਂ ਜਾਣਕਾਰੀ ਦਿੱਤੀ ਕਿ ਗੁਰੂ ਸਾਹਿਬ ਜੀ ਨੇ ਸਿੱਖ ਇਮਾਰਤ ਕਲਾ ਨੂੰ ਹਿੰਦੂ ਇਮਾਰਤ ਕਲਾ ਦੇ ਬੰਧਨਾਂ ਤੋਂ ਮੁਕਤ ਕਰਕੇ ਭਵਿਖ਼ ਦੇ ਖਾਲਸਾਈ ਇਤਿਹਾਸ ਅਤੇ ਰਾਜ ਦੀ ਨੀਂਹ ਰੱਖ ਦਿੱਤੀ ਸੀ। ਸਿੱਖਾਂ ਨੂੰ ਗੁਰੂ ਸਾਹਿਬ ਦੀਆਂ ਇਨ੍ਹਾਂ ਰੁਹਾਨੀ ਅਤੇ ਗੁਝੀਆਂ ਰਮਜ਼ਾਂ ਨੂੰ ਸਮਝਕੇ ਆਪਣੇ ਭਵਿੱਖ ਲਈ ਸੁਚੇਤ ਹੋਣ ਦੀ ਲੋੜ ਹੈ ਅਤੇ ਇਸ ਦਿਸ਼ਾ ਵਿੱਚ ਯਤਨਸ਼ੀਲ ਰਹਿਣ ਦੀ ਲੋੜ ਹੈ।

ਸਿੱਖ ਹਿਊਮਨ ਰਾਈਟਸ ਗਰੁੱਪ ਦੇ ਸੰਚਾਲਕ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਧਾਰਾ 67 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਾ ਅਧੀਨ ਸਿੱਖਾਂ ਨੂੰ ਹਾਲੇ ਧਾਰਮਕ ਘੱਟ-ਗਿਣਤੀ ਦੇ ਤੌਰ ‘ਤੇ ਹੀ ਪਰਿਭਾਸ਼ਤ ਕੀਤਾ ਜਾ ਰਿਹਾ ਹੈ ਜਿਸ ਕਰਕੇ ਅਸੀਂ ਕੌਮਾਂਤਰੀ ਤੌਰ ‘ਤੇ ਯੂ.ਐਨ.ਓ. ਵਿੱਚ ਆਪਣੇ ਕਦਮ ਅੱਗੇ ਨਹੀਂ ਵਧਾ ਸਕੇ। ਸਾਨੂੰ ਹੁਣ ਸਿੱਖਾਂ ਨੂੰ ਸਿਆਸੀ ਘੱਟ-ਗਿਣਤੀ ਦੇ ਤੌਰ ‘ਤੇ ਪੇਸ਼ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਸਿੱਖਾਂ ਦੇ ਸਿਆਸੀ ਹੱਕਾਂ ਦੀ ਗੱਲ ਅੱਗੇ ਵਧਾਈ ਜਾ ਸਕੇ।

ਅਮਰੀਕਾ ਤੋਂ ਆਏ ਇੱਕ ਨੁਮਾਇੰਦੇ ਨੇ ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸਿੱਖਾਂ ਨੇ ਆਪਣੀ ਅਜ਼ਾਦੀ ਲਈ ਇੱਕ ਲਹੂ-ਵੀਟਵਾਂ ਸੰਘਰਸ਼ ਲੜਿਆ ਅਤੇ ਪੰਥ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ਹਾਦਤਾਂ ਦਿੱਤੀਆਂ। ਸਾਨੂੰ ਸਮੁੱਚੀਆਂ ਸੰਸਥਾਵਾਂ ਨੂੰ ਆਪਣੀਆਂ ਸਰਗਰਮੀਆਂ ਦੀ ਸੇਧ ਉਸ ਅਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਵੱਲ ਲਗਾਤਾਰ ਲਗਾਈ ਰੱਖਣੀ ਚਾਹੀਦੀ ਹੈ। ਬੇਸ਼ੱਕ ਇਹ ਲੜਾਈ ਲੰਬੀ ਹੋ ਸਕਦੀ ਹੈ ਪਰ ਇਸ ਦੌਰਾਨ ਸਾਡੀ ਪ੍ਰਤੀਬੱਧਤਾ ਅਤੇ ਇਮਾਨਦਾਰੀ ਵਿੱਚ ਕੋਈ ਫਰਕ ਨਹੀਂ ਆਉਣਾ ਚਾਹੀਦਾ। ਉਨ੍ਹਾਂ ਅਮਰੀਕਾ, ਕਨੇਡਾ, ਫਰਾਂਸ, ਜਰਮਨੀ ਅਤੇ ਯੂ.ਕੇ. ਤੋਂ ਆਏ ਹੋਏ ਨੌਜਵਾਨਾਂ ਦੀ ਸੇਧ ਅਤੇ ਸੋਚ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਨ੍ਹਾਂ ਨੇ ਹੀ ਨਵੇਂ ਸੰਦਰਭ ਵਿੱਚ ਕੌਮ ਦੀ ਅਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਆਉਣਾ ਹੈ।

ਕਨੇਡਾ ਤੋਂ ਆਏ ਹੋਏ ਨੌਜਵਾਨ ਨੇ ਕੌਮੀ ਅਜ਼ਾਦੀ ਦੇ ਸੰਦਰਭ ਵਿੱਚ ਉਨ੍ਹਾਂ ਦੇ ਪੀ.ਐਚ.ਡੀ. ਥੀਸਿਸ ਦੇ ਸਬੰਧ ਵਿੱਚ ਵਿਚਾਰ ਪੇਸ਼ ਕੀਤੇ ਗਏ। ਕਨੇਡਾ ਤੋਂ ਹੀ ਆਏ ਹੋਏ ਇੱਕ ਹੋਰ ਨੌਜਵਾਨ ਨੇ ਆਪਣੇ ਵਿਸ਼ੇਸ਼ ਲੈਕਚਰ ਰਾਹੀਂ ਸੰਕਟ ਅਤੇ ਸੰਕਟ ਨੂੰ ਹੱਲ ਕਰਨ ਦੀ ਸਮਰਥਾ ਬਾਰੇ ਥਿਊਰੀ ਨੂੰ ਕੌਮਾਂ ਦੇ ਭਵਿੱਖ ਦੇ ਸੰਦਰਭ ਵਿੱਚ ਪੇਸ਼ ਕਰਕੇ ਨਵੀਂ ਸ਼ੁਰੂਆਤ ਕੀਤੀ ਗਈ।

ਡੈਨਮਾਰਕ ਦੇ ਨੁਮਾਇੰਦੇ ਨੇ ਬਹੁਤ ਹੀ ਗੰਭੀਰ ਅਤੇ ਉੱਚ ਪਾਏ ਦੇ ਵਿਚਾਰ ਪੇਸ਼ ਕਰਦਿਆਂ ਕੌਮਾਂਤਰੀ ਵਿਦਵਾਨਾਂ ਦੇ ਹਵਾਲਿਆਂ ਨਾਲ ਸਿੱਖਾਂ ਦੀ ਅਜ਼ਾਦ ਹਸਤੀ ਅਤੇ ਸਾਂਝੀ ਯਾਦ ਨੂੰ ਖਤਮ ਕਰ ਦੇਣ ਦੀਆਂ ਭਾਰਤੀ ਸਟੇਟ ਦੀਆਂ ਕੁਚਾਲਾਂ ਬਾਰੇ ਵਿਸਾਥਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੌਮ ਦੇ ਇਤਿਹਾਸ ਅਤੇ ਯਾਦ ਸ਼ਕਤੀ ਨੂੰ ਉਨ੍ਹਾਂ ਦੀ ਸਿਮਰਤੀ ਵਿੱਚੋਂ ਮੇਟ ਦੇਣ ਲਈ ਬਿਪਰਨ ਕੀ ਰੀਤ ਦੇ ਪੈਰੋਕਾਰ ਕਿਵੇਂ ਅਤੇ ਕਿਸ ਕਿਸ ਰੂਪ ਵਿੱਚ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਇਸ ਮਾਨਸਿਕ ਜੰਗ ਦੇ ਟਾਕਰੇ ਲਈ ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਉਸਾਰੇ ਗਏ ਇਤਿਹਾਸਕ ਮਿੱਥ-ਸੰਕੇਤਾਂ ਨੂੰ ਮਜਬੂਤ ਕਰਨ ਅਤੇ ਲਗਾਤਾਰ ਇਨ੍ਹਾਂ ਨੂੰ ਆਪਣੀ ਸਿਮਰਤੀ ਦਾ ਅੰਗ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਯੂ.ਕੇ. ਦੇ ਨੁਮਾਇੰਦੇ ਨੇ ਸਿੱਖਾਂ ਨੂੰ ਧਾਰਮਕ ਤੌਰ ‘ਤੇ ਦਰਪੇਸ਼ ਚੁਣੌਤੀਆਂ ਦੇ ਸੰਦਰਭ ਵਿੱਚ ਬੋਲਦਿਆਂ ਆਖਿਆ ਕਿ ਸਿਰਫ ਧਰਮ ਅਤੇ ਇਸ ਨਾਲ ਜੁੜਿਆ ਹੋਇਆ ਇਤਿਹਾਸ ਹੀ ਕਿਸੇ ਕੌਮ ਦੀ ਸਿਆਸੀ ਹੋਂਦ ਹਸਤੀ ਨੂੰ ਮਜਬੂਤ ਅਤੇ ਜਿੰਦਾ ਰੱਖ ਸਕਦਾ ਹੈ। ਇਤਿਹਾਸ ਅਤੇ ਇਤਿਹਾਸਕਾਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਵਿੱਚੋਂ ਸਿਰਫ ਸਿੱਖ ਹੀ ਇੱਕ ਕੌਮ ਦੇ ਤੌਰ ‘ਤੇ ਸੰਪੂਰਨ ਹੋਏ ਹਨ। ਇਸ ਲਈ ਇੱਕ ਕੌਮ ਨੂੰ ਆਪਣੇ ਧਾਰਮਕ, ਸੱਭਿਆਚਾਰਕ ਅਤੇ ਰੁਹਾਨੀ ਵਿਕਾਸ ਲਈ ਹੋਮਲੈਂਡ ਦੀ ਸਖਤ ਜ਼ਰੂਰਤ ਹੁੰਦੀ ਹੈ ਜਿਸ ਲਈ ਸਾਨੂੰ ਆਪਣੇ ਕਦਮ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ।

ਅਮਰੀਕਾ ਤੋਂ ਇਜਲਾਸ ਵਿੱਚ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣ ਲਈ ਆਏ ਇੱਕ ਹੋਰ ਨੁਮਾਇੰਦੇ ਨੇ ਸਮੁੱਚੇ ਇਜਲਾਸ ਦੀ ਕਾਰਵਾਈ ਦਾ ਮੁਲੰਕਣ ਕਰਦਿਆਂ ਜਿੱਥੇ ਸਿੱਖ ਪੰਥ ਦੀ ਮੌਜੂਦਾ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਉਨ੍ਹਾਂ ਨੇ ਅਗਲੇ ਸਮੇਂ ਲਈ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੀਆਂ ਜਥੇਬੰਦੀਆਂ ਦੇ ਇੱਕ ਸਾਂਝੇ ਗੱਠਜੋੜ ‘ਤੇ ਅਧਾਰਿਤ ਕਾਰਜਾਂ ਦੀ ਵੰਡ ਵੀ ਕੀਤੀ। ਉਨ੍ਹ੍ਹਾਂ ਨੇ ਆਖਿਆ ਕਿ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਦੁਸ਼ਮਣ ਨੇ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਵਿੱਚ ਆਪਣੀ ਦਹਿਸ਼ਤ ਵਸਾ ਦਿੱਤੀ ਹੈ ਇਸ ਲਈ ਬਹੁਤ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਸਹੀ ਦਿਸ਼ਾ ਵਿੱਚ ਕਾਰਜ ਕਰਨ ਤੋਂ ਟਾਲਾ ਵੱਟ ਜਾਂਦੇ ਹਾਂ। ਸਾਡੀਆਂ ਸਰਗਰਮੀਆਂ ਦਾ ਕੇਂਦਰੀ ਨੁਕਤਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਕੌਮ ਨੂੰ ਉਸ ਦਹਿਸ਼ਤ ਤੋਂ ਮੁਕਤ ਕਰਕੇ ਉਸ ਵਿੱਚ ਸਵੈ-ਮਾਣ ਦੀ ਭਾਵਨਾ ਭਰੀਏ। ਇਸ ਲਈ ਸਾਨੂੰ ਬਹੁ-ਪੱਖੀ ਕਾਰਜ ਕਰਨ ਦੀ ਲੋੜ ਹੈ, ਜਿਸ ਵਿੱਚ ਸਿਆਸੀ ਸਰਗਰਮੀ ਦੇ ਨਾਲ-ਨਾਲ ਮੀਡੀਆ, ਗੁਰ-ਇਤਿਹਾਸ ਦੀ ਖੋਜ ਅਤੇ ਸੰਭਾਲ, ਜੁਬਾਨੀ ਸਿੱਖ ਇਤਿਹਾਸ ਦੀ ਸਾਂਭ ਸੰਭਾਲ ਅਤੇ ਉਸ ਦੀ ਸਹੀ ਤਰਜ਼ਮਾਨੀ ਤੇ ਵਿਆਖਿਆ ਅਤੇ ਸਿੱਖ ਕੌਮ ਦੇ ਨਿਸ਼ਾਨੇ ਦੇ ਸੰਦਰਭ ਵਿੱਚ ਬੱਝਵੀਂ ਬਹੁ-ਪੱਖੀ ਸਰਗਰਮੀ।

ੁਉਨ੍ਹਾਂ ਦੱਸਿਆ ਕਿ ਪੰਚ-ਪਰਧਾਨੀ ਵਿਚਾਰਧਾਰਾ ਨਾਲ ਸਬੰਧਿਤ ਅਮਰੀਕਾ ਦੀ ਇਕਾਈ ਵੱਲੋਂ ਮੀਡੀਆ ਅਤੇ ਜੁਬਾਨੀ-ਸਿੱਖ ਇਤਿਹਾਸ ਪੁਰਾਤਨ ਅਤੇ ਨਵੀਨ ਦੀ ਸਾਂਭ ਸੰਭਾਲ ਲਈ ਪ੍ਰਜੈਕਟ ਹੱਥ ਵਿੱਚ ਲੈ ਲਏ ਗਏ ਹਨ।

ਬ੍ਰਿਟਿਸ਼ ਲਾਈਬਰੇਰੀ ਜਾਂ ਯੂਰਪ ਵਿੱਚ ਪਈਆਂ ਦੁਰਲੱਭ ਲਿਖਤਾਂ ਦੀ ਸਾਂਭ ਸੰਭਾਲ ਲਈ ਉਨ੍ਹਾਂ ਸਿੱਖ ਐਜੂਕੇਸ਼ਨ ਕੌਂਸਲ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਅਗਲੇ ਸਾਲਾਂ ਦੌਰਾਨ ਆਪਣੇ ਯਤਨਾਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ। ਉਨ੍ਹਾਂ ਨੇ ਦੱਸਿਆ ਕਿ ਮੀਡੀਆ ਦੇ ਖੇਤਰ ਵਿੱਚ ਅਮਰੀਕਾ-ਕਨੇਡਾ ਵਿੱਚ ਦੋ ਅਖਬਾਰ ਅਤੇ ਇੱਕ ਰੇਡੀਓ ਸਟੇਸ਼ਨ ਸਫਲਤਾ ਪੂਰਬਕ ਚੱਲ ਰਹੇ ਹਨ।

ਯੂਰਪ ਵਿੱਚ ਨੌਜਵਾਨੀ ਡਾਟ ਕੌਮ ਦੇ ਯਤਨ ਨਵੀਂ ਪੀੜ੍ਹੀ ਨੂੰ ਪੰਥਕ ਸਫਾਂ ਵਿੱਚ ਲਿਆਉਣ ਲਈ ਸ਼ਲਾਘਾਯੋਗ ਹਨ ਇਨ੍ਹਾਂ ਦਾ ਹੋਰ ਵਿਸਥਾਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਪੰਜਾਬ ਵਿੱਚ ਵੀ ਸਿੱਖ ਇਤਿਹਾਸ ਨੂੰ ਡਿਜੀਟਲਾਈਜ਼ ਕਰਨ ਦੇ ਯਤਨ ਅਰੰਭ ਹੋ ਗਏ ਹਨ।

ਸਿਆਸੀ ਤੌਰ ‘ਤੇ ਜਿਵੇਂ ਇੰਗਲੈਂਡ ਵਿੱਚ ਸਿੱਖ ਫੈਡਰੇਸ਼ਨ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਅਮਰੀਕਾ ਕਨੇਡਾ ਵਿੱਚ ਵੀ ਪੰਚ-ਪਰਧਾਨੀ ਵਿਚਾਰਧਾਰਾ ਨਾਲ ਸਬੰਧਿਤ ਸੰਸਥਾਵਾਂ ਯਤਨਸ਼ੀਲ ਹਨ।

ਯੂ.ਕੇ. ਤੋਂ ਪੰਚ ਪਰਧਾਨੀ ਵਿਚਾਰਧਾਰਾ ਦੇ ਨੁਮਾਇੰਦਿਆਂ ਨੇ ਸਾਰੇ ਸੱਜਣਾਂ ਦਾ ਇਜਲਾਸ ਵਿੱਚ ਆਉਣ ਲਈ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,