April 6, 2011 | By ਪਰਦੀਪ ਸਿੰਘ
ਫ਼ਤਹਿਗੜ੍ਹ ਸਾਹਿਬ (5 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਕਮਿੱਕਰ ਸਿੰਘ ਮੁਕੰਦਪੁਰ, ਦਇਆ ਸਿੰਘ ਕੱਕੜ, ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਿੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਦੀ ਤਾਜ਼ਾ ਜਾਂਚ ਕਰਵਾਏ ਜਾਣ ਬਾਰੇ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਮੰਗ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿਖਜ਼ ਫਾਰ ਜਸਟਿਸ, ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮੈਰਿਕਾ, ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਸਟੂਡੈਂਟਸ ਫੈਡਰੇਸ਼ਨ ਆਸਟ੍ਰੇਲੀਆ, ਯੂ.ਕੇ. ਫੈਡਰੇਸ਼ਨ ਤੇ ਹੋਰ ਸਾਰੀਆਂ ਹਮ-ਖਿਆਲੀ ਜਥੇਬੰਦੀਆਂ ਇਸ ਕਾਂਡ ਨੂੰ ਸਿੱਖ ਨਸ਼ਲਕੁਸ਼ੀ ਦਾ ਹਿੱਸਾ ਸਮਝ ਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਮਾਰਚ 2000 ਵਿਚ ਚਿੱਟੀਸਿੰਘਪੁਰਾ ਵਿੱਚ 38 ਸਿੱਖਾਂ ਦਾ ਕਲਤੇਆਮ ਉਸੇ ਸੋਚ ਤਹਿਤ ਹੋਇਆ ਜਿਸ ਸੋਚ ਤਹਿਤ ਸਾਕਾ ਨੀਲਾ ਤਾਰਾ ਵਾਪਰਿਆ ਅਤੇ ਉਸ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਸਿੱਖਾਂ ਦਾ ਸੋਚੀ ਸਮਝੀ ਯੋਜਨਾ ਤਹਿਤ ਕਤਲੇਆਮ ਕੀਤਾ ਗਿਆ ਜੋ ਬਾਅਦ ਵਿੱਚ ਵੀ ਝੂਠੇ ਪੁਲਿਸ ਮੁਕਾਬਲਿਆਂ ਦੇ ਰੂਪ ਵਿਚ 1995 ਤਕ ਚਲਦਾ ਰਿਹਾ।
ਚਿੱਟੀਸਿੰਘਪੁਰਾ ਦਾ ਕਤਲੇਆਮ ਵੀ ਇਸੇ ਸਿੱਖ ਨਸਲਕੁਸ਼ੀ ਦੀ ਇਕ ਕੜੀ ਸੀ ਜੋ ਫੌਜੀ ਵਰਦੀ ’ਚ ਛੁਪੇ ਦਰਿੰਦਿਆਂ ਨੇ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਤੇ “ਜੈ ਮਾਤਾ” ਦੇ ਲਲਕਾਰੇ ਮਰਾਦਿਆਂ ਕੀਤਾ। ਇਹੀ ਕਾਰਨ ਹੈ ਕਿ ਇਸ ਕਤਲੇਆਮ ਦੀ ਸਚਾਈ ਅੱਜ ਤੱਕ ਸਾਹਮਣੇ ਨਹੀਂ ਆਉਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਮਝੌਤਾ ਐਕਸਪ੍ਰੈਸ ਤੇ ਮਸਜਿਦਾਂ ਵਿੱਚ ਧਮਾਕੇ ਕਰਨ ਵਾਲੇ ਲੋਕ ਵੀ ਇਸੇ ਸੋਚ ਦਾ ਹਿਸਾ ਹਨ।ਚਾਣਕਿਆ ਨੀਤੀ ਤਹਿਤ ਇਹ ਕਤਲੇਆਮ ਉਸ ਮੌਕੇ ਭਾਰਤ ਫੇਰੀ ’ਤੇ ਆ ਰਹੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਇਸ ਖਿੱਤੇ ਦੀ ਸਥਿਤੀ ਤੋਂ ਗੁੰਮਰਾਹ ਕਰਨ ਵਾਸਤੇ ਕੀਤਾ ਗਿਆ ਸੀ ਅਤੇ ਇਸ ਗੱਲ ਦਾ ਖੁਲਾਸਾ ਬਿਲ ਕਲਿੰਟਨ ਨੇ ਬਾਅਦ ਵਿੱਚ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮੈਡਲੀਨ ਅਲਬਰਾਈਟ ਦੀ ਕਿਤਾਬ -ਦਾ ਮਾਈਟੀ ਐਂਡ ਅਲਮਾਈਟੀ- ਦੀ ਭੂਮਿਕਾ ਵਿੱਚ ਵੀ ਕੀਤਾ ਸੀ ਕਿ ਸਿੱਖਾਂ ਦਾ ਇਹ ਕਤਲੇਆਮ ਹਿੰਦੂ-ਮੂਲਵਾਦੀਆਂ ਦੀ ਛੱਤਰ-ਛਾਇਆ ਹੇਠ ਹੋਇਆ। ਉਕਤ ਆਗੂਆਂ ਨੇ ਕਿਹਾ ਕਿ ਬਾਅਦ ਵਿਚ ਇਸ ਕਤਲੇਆਮ ਦੇ ਦੋਸ਼ੀ ਦੱਸ ਕੇ ਭਾਰਤੀ ਫੌਜ ਨੇ ਪੰਜ ਮੁਸਲਮਾਨ ਨੌਜਵਾਨ ਵੀ ਮਾਰ ਮੁਕਾਏ ਪਰ ਅਸਲੀ ਦੋਸ਼ੀਆਂ ਦਾ ਭੇਤ ਸਰਕਾਰ ਨੇ ਅਜੇ ਤੱਕ ਛੁਪਾ ਰੱਖਿਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੇ ਢਾਂਚੇ ’ਤੇ ਅਜਿਹੀ ਸੋਚ ਦੇ ਕਾਬਜ਼ ਹੋਣ ਕਾਰਨ ਹੀ ਸਿੱਖਾਂ ਨੂੰ ਅੱਜ ਤੱਕ ਕਿਸੇ ਮਸਲੇ ’ਤੇ ਇਨਸਾਫ ਨਹੀਂ ਮਿਲਿਆ। ਸਿੱਖਾਂ ਦੀ ਹਰ ਧਾਰਮਿਕ, ਰਾਜਨੀਤਿਕ ਜਾਂ ਸਮਾਜਿਕ ਮੰਗ ਨੂੰ ਡੰਡੇ ਅਤੇ ਗੋਲ਼ੀ ਦੇ ਜ਼ੋਰ ਨਾਲ ਹਮੇਸ਼ਾਂ ਦਬਾਇਆ ਗਿਆ। ਉਨ੍ਹਾਂ ਕਿਹਾ ਕਿ ਦੇਸ਼ ’ਤੇ ਕਾਬਜ਼ ਸ਼ਕਤੀਆਂ ਅਪਣੀਆਂ ਕੂਟਨੀਤਿਕ ਖੇਡਾਂ ਖੇਡਣ ਲਈ ਹਮੇਸਾਂ ਘੱਟਗਿਣਤੀਆਂ ਨੂੰ ਬਲੀ ਦੇ ਬੱਕਰੇ ਬਣਾਉਂਦੀਆਂ ਆ ਰਹੀਆਂ ਹਨ।
Related Topics: Akali Dal Panch Pardhani, Bhai Harpal Singh Cheema (Dal Khalsa), Chittisinghpura Massacre, Indian Army, Sikh organisations