July 8, 2017 | By ਸਿੱਖ ਸਿਆਸਤ ਬਿਊਰੋ
ਲਾਹੌਰ: ਪਾਕਿਸਤਾਨ ‘ਚ ਸਥਿਤ ਸਿੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜੱਥਿਆਂ ਨੂੰ ਭਾਰਤ ਵਲੋਂ ਰੋਕੇ ਜਾਣ ਦੇ ਵਿਰੋਧ ਵਿਚ ਲਾਹੌਰ ‘ਚ ਭਾਰਤ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। 7 ਜੁਲਾਈ (ਸ਼ੁੱਕਰਵਾਰ) ਨੂੰ ਹੋਏ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਕਰ ਰਹੇ ਸਨ। ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਤੋਂ ਪੁੱਜੇ ਸਿੱਖ ਆਗੂਆਂ ਤੋਂ ਇਲਾਵਾ ਪਾਕਿਸਤਾਨੀ ਸਿੱਖ ਵੀ ਹੱਥਾਂ ਵਿਚ ਤਖਤੀਆਂ ਫੜੀ ਰੋਸ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ। ਸਿੱਖ ਜੱਥਿਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਰੋਕੇ ਜਾਣ ਲਈ ਬੁਲਾਰਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਪਾਕਿਸਤਾਨ ਔਕਾਬ ਬੋਰਡ ਪਹਿਲਾਂ ਹੀ ਜਥੇ ਨਾ ਭੇਜਣ ‘ਤੇ ਆਪਣਾ ਸਖ਼ਤ ਪ੍ਰਤੀਕਰਮ ਦੇ ਚੁੱਕਾ ਹੈ।
ਪਾਕਿਸਤਾਨ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਭਾਰਤ ਤੋਂ ਆਉਣ ਵਾਲੇ ਹਰੇਕ ਯਾਤਰੀ ਦੀ ਪੂਰੀ ਸੁਰੱਖਿਆ ਕਰਦੀ ਹੈ, ਇਸ ਤੋਂ ਇਲਾਵਾ ਉਨ੍ਹਾਂ ਦੇ ਆਉਣ-ਜਾਣ ਅਤੇ ਉਨ੍ਹਾਂ ਦੇ ਰਹਿਣ ਦਾ ਵੀ ਪ੍ਰਬੰਧ ਕਰਦੀ ਤੇ ਕਦੇ ਵੀ ਕਿਸੇ ਯਾਤਰੀ ਨੂੰ ਪ੍ਰੇਸ਼ਾਨੀ ਨਹੀਂ ਹੁੰਦੀ। ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਭਾਰਤ ਸਰਕਾਰ ਜਾਣਬੁੱਝ ਕੇ ਸੁਰੱਖਿਆ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਦੋਂ ਕਿ ਸੁਰੱਖਿਆ ਦਾ ਕੋਈ ਵੀ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਧਾਰਮਿਕ ਮਾਮਲਿਆਂ ‘ਚ ਆਪਣੀ ਸੌੜੀ ਸਿਆਸੀ ਸੋਚ ਨੂੰ ਤਿਆਗਣਾ ਚਾਹੀਦਾ ਹੈ ਅਤੇ ਸਿੱਖ ਜਥਿਆਂ ਨੂੰ ਬਿਨਾਂ ਕਿਸੇ ਕਾਰਨ ਰੋਕਣ ਤੋਂ ਬਾਜ਼ ਆਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਅਪ੍ਰੈਲ ‘ਚ ਵਿਸਾਖੀ ਮੌਕੇ ਜਿੰਨੇ ਵੀ ਜਥੇ ਪਾਕਿਸਤਾਨ ਪੁੱਜੇ ਸਨ, ਉਨ੍ਹਾਂ ਦੀ ਸੁਰੱਖਿਆ ‘ਚ ਕਿਸੇ ਵੀ ਤਰ੍ਹਾਂ ਦੀ ਕਮੀ ਪਾਕਿਸਤਾਨ ਸਰਕਾਰ ਵੱਲੋਂ ਨਹੀਂ ਆਉਣ ਦਿੱਤੀ ਗਈ ਸੀ। ਇਸ ਤੋਂ ਇਲਾਵਾ ਔਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਥਿਆਂ ਦਾ ਸਵਾਗਤ ਕਰਨ ਤੋਂ ਲੈ ਕੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਅਤੇ ਰਹਿਣ-ਸਹਿਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਭਾਰਤ ਸਰਕਾਰ ਜਾਣਬੁੱਝ ਕੇ ਸਿੱਖ ਸੰਗਤਾਂ ਨੂੰ ਪਾਕਿਸਤਾਨ ‘ਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਸਮੇਂ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਸਿੱਖਾਂ ਦੀ ਸ਼ਾਨ ਪਾਕਿਸਤਾਨ ਤੋਂ ਇਲਾਵਾ ਖਾਲਿਸਤਾਨ ਜ਼ਿੰਦਾਬਾਦ ਦੇ ਵੀ ਨਾਅਰੇ ਲਾਏ ਗਏ। ਪ੍ਰਦਰਸ਼ਨਕਾਰੀਆਂ ਨੇ ਖ਼ਾਲਸਾਈ ਨਿਸ਼ਾਨ ਸਾਹਿਬ ਤੋਂ ਅਲਾਵਾ ਕਾਲੇ ਝੰਡੇ ਵੀ ਚੁੱਕੇ ਹੋਏ ਸਨ।
ਸਬੰਧਤ ਖ਼ਬਰ:
ਸਿੱਖ ਜਥੇ ਨੂੰ ਰੋਕਣ ‘ਤੇ ਹਰਸਿਮਰਤ ਦੀ ‘ਚੁੱਪ’ ਬਾਦਲ ਪਰਿਵਾਰ ਦੀ ਪੰਥ ਪ੍ਰਤੀ ਸੋਚ ਦਰਸਾਉਂਦੀ ਹੈ: ਸਰਨਾ …
ਜ਼ਿਕਰਯੋਗ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥਿਆਂ ਨੂੰ ਭਾਰਤ ਸਰਕਾਰ ਨੇ ਸਾਰੇ ਕਾਗਜ਼ਾਤ ਹੋਣ ਦੇ ਬਾਵਜੂਦ ਐਨ ਮੌਕੇ ‘ਤੇ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Pakistani Sikhs protest over Jatha Issue; Raise Anti-India Slogans …
Related Topics: Indian Satae, PSGPC, Sikh News Pakistan, Sikhs In Pakistan