Site icon Sikh Siyasat News

ਪਾਕਿਸਤਾਨ ਨੇ ਗਿਲਗਿਟ-ਬਾਲਸਿਟਤਾਨ ਨੂੰ ਆਪਣਾ ਪੰਜਵਾਂ ਸੂਬਾ ਐਲਾਨਿਆ

ਚੰਡੀਗੜ੍ਹ: ਪਾਕਿਸਤਾਨ ਤੋਂ ਮਿਲ ਰਹੀਆਂ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਆਪਣੇ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕੇ ਵਿਚ ਗਿਲਗਿਤ-ਬਾਲਟਿਸਤਾਨ ਨੂੰ ਪੰਜਵੇਂ ਸੂਬੇ ਦੇ ਤੌਰ ‘ਤੇ ਮਾਨਤਾ ਦਿੱਤੀ ਹੈ। ਪਾਕਿਸਤਾਨ ਦੇ ਇਸ ਕਦਮ ਨਾਲ ਭਾਰਤ ਨੇ ਚਿੰਤਾਵਾਂ ਵਧ ਸਕਦੀਆਂ ਹਨ।

ਪਾਕਿਸਤਾਨ ਦੇ ਸਥਾਨਕ ਮੀਡੀਆ ਵਲੋਂ ਰਿਪੋਰਟ ਮੁਤਾਬਕ, ਅੰਤਰਰਾਜੀ ਤਾਲਮੇਲ ਮੰਤਰੀ ਰਿਆਜ਼ ਹੁਸੈਨ ਪੀਰਜ਼ਾਦਾ ਨੇ ਕਿਹਾ ਕਿ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਗਿਲਗਿਤ-ਬਾਲਟਿਸਤਾਨ ਨੂੰ ਇਕ ਸੂਬਾ ਬਣਾਉਣ ਦੀ ਤਜਵੀਜ਼ ਦਿੱਤੀ ਸੀ।

ਪੂਰੇ ਕਸ਼ਮੀਰ ਦੀ ਮੌਜੂਦਾ ਸਥਿਤੀ

ਰਿਆਜ਼ ਪੀਰਜ਼ਾਦਾ ਨੇ ਬੁੱਧਵਾਰ ਨੂੰ ਕਿਹਾ, “ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਗਿਲਗਿਤ-ਬਾਲਟਿਸਤਾਨ ਨੂੰ ਪਾਕਿਸਤਾਨ ਦਾ ਇਕ ਸੂਬਾ ਬਣਾਇਆ ਜਾਣਾ ਚਾਹੀਦਾ ਹੈ।”

ਉਨ੍ਹਾਂ ਅੱਗੇ ਦੱਸਿਆ ਕਿ ਇਸ ਖੇਤਰ ਦੀ ਸਥਿਤੀ ਨੂੰ ਬਦਲਣ ਲਈ ਇਕ ਸੰਵਿਧਾਨਕ ਸੋਧ ਕੀਤੀ ਜਾਏਗੀ, ਜਿਸਦੇ ਜ਼ਰੀਏ 46 ਬਿਲੀਅਨ ਅਮਰੀਕੀ ਡਾਲਰ ਦਾ ਚੀਨ-ਪਾਕਿਸਤਾਨ ਆਰਥਕ ਕੋਰੀਡੋਰ (China-Pakistan Economic Corridor (CPEC)) ਲੰਘਦਾ ਹੈ।

ਪ੍ਰਤੀਕਾਤਮਕ ਤਸਵੀਰ

ਮੀਡੀਆ ਦੀ ਰਿਪੋਰਟ ਮੁਤਾਬਕ ਗਿਲਗਿਤ-ਬਾਲਟਿਸਤਾਨ ਨੂੰ ਪਾਕਿਸਤਾਨ ਵਲੋਂ ਇਕ ਭੂਗੋਲਕ ਇਕਾਈ ਮੰਨਿਆ ਜਾਂਦਾ ਹੈ। ਇਸਦੀ ਇਕ ਵੱਖਰੀ ਵਿਧਾਨ ਸਭਾ ਅਤੇ ਚੁਣਿਆ ਹੋਇਆ ਮੁੱਖ ਮੰਤਰੀ ਹੈ।

ਹਾਲੇ ਤਕ ਪਾਕਿਸਤਾਨ ‘ਚ ਬਲੋਚਿਸਤਾਨ, ਖੈਬਰ ਪਖਤੂਨਖਵਾ, ਪੰਜਾਬ ਅਤੇ ਸਿੰਧ ਚਾਰ ਸੂਬੇ ਹਨ।

ਮੰਨਿਆ ਇਹ ਜਾ ਰਿਹਾ ਹੈ ਕਿ ਗਿਲਗਿਤ-ਬਾਲਟਿਸਤਾਨ ਦੀ ਸਥਿਤੀ ਬਾਰੇ ਚੀਨ ਦੀਆਂ ਚਿੰਤਾਵਾਂ ਨੇ ਪਾਕਿਸਤਾਨ ਨੂੰ ਇਹ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ।

ਪਾਕਿਸਤਾਨ ਦੇ ਡੌਨ (DAWN) ਅਖ਼ਬਾਰ ‘ਚ ਪ੍ਰਕਾਸ਼ਤ ਸੰਪਾਦਕੀ ਦਾ ਹਵਾਲਾ ਦੇ ਕੇ ਟਾਈਮਸ ਆਫ ਇੰਡੀਆ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਪਾਕਿਸਤਾਨ ਸੀ.ਪੀ.ਈ.ਸੀ. ਨੂੰ ਕਾਨੂੰਨੀ ਕਵਰ ਦੇਣ ਲਈ ਇਸ ਖੇਤਰ ਦਾ ਸੰਵਿਧਾਨਕ ਦਰਜਾ ਵਧਾਉਣ ਲਈ ਵਿਚਾਰ ਕਰ ਰਿਹਾ ਸੀ।

ਅਖਬਾਰ ਮੁਤਾਬਕ ਮਾਹਰਾਂ ਨੇ ਇਸ ਕਦਮ ਨੂੰ ਕਸ਼ਮੀਰ ਖੇਤਰ ਦੇ ਭਵਿੱਖ ਦੇ ਮਾਮਲੇ ‘ਚ ਇਕ ਇਤਿਹਾਸਕ ਬਦਲਾਅ ਮੰਨਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Pakistan To Declare Gilgit-Baltistan (PoK) As Its Fifth Province …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version