ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਸ਼ਵ ਬੈਂਕ ਦੀ ਵਿਚੋਲਗਿਰੀ ਨਾਲ ਦਰਿਆਈ ਪਾਣੀਆਂ ਦੀ ਵੰਡ ਲਈ ਕੀਤਾ ਗਿਆ ਸਿੰਧ ਜਲ ਸਮਝੌਤਾ ਇਕ ਵਾਰ ਫੇਰ ਚਰਚਾ ਵਿਚ ਹੈ। ਭਾਰਤ ਵਲੋਂ ਜੰਮੂ ਕਸ਼ਮੀਰ ਵਿਚ ਜਿਹਲਮ ਦਰਿਆ ‘ਤੇ ਬਣਾਏ ਜਾ ਰਹੇ ਕਿਸ਼ਨਗੰਗਾ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਨੂੰ ਪਾਕਿਸਤਾਨ ਨੇ ਸਿੰਧ ਜਲ ਸਮਝੌਤੇ ਦੀ ਉਲੰਘਣਾ ਦਸਦਿਆਂ ਇਹ ਮਾਮਲਾ ਵਿਸ਼ਵ ਬੈਂਕ ਕੋਲ ਚੁੱਕਣ ਦਾ ਫੈਂਸਲਾ ਕੀਤਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ’ਚ 330 ਮੈਗਾਵਾਟ ਕਿਸ਼ਨਗੰਗਾ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਦਾ ਉਦਘਾਟਨ ਕਰਨ ਦੇ ਇਕ ਦਿਨ ਮਗਰੋਂ ਹੀ ਪਾਕਿਸਤਾਨ ਸਰਗਰਮ ਹੋ ਗਿਆ ਹੈ। ਅਮਰੀਕਾ ’ਚ ਪਾਕਿਸਤਾਨੀ ਸਫ਼ੀਰ ਐਜ਼ਾਜ਼ ਅਹਿਮਦ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਅਟਾਰਨੀ ਜਨਰਲ ਅਸ਼ਤਰ ਔਸਾਫ਼ ਅਲੀ ਦੀ ਅਗਵਾਈ ਹੇਠ ਚਾਰ ਮੈਂਬਰੀ ਵਫ਼ਦ ਵਾਸ਼ਿੰਗਟਨ ਪਹੁੰਚ ਚੁੱਕਿਆ ਹੈ। ‘ਰੇਡੀਓ ਪਾਕਿਸਤਾਨ’ ਦੀ ਰਿਪੋਰਟ ਮੁਤਾਬਕ ਵਫ਼ਦ ਵਿਸ਼ਵ ਬੈਂਕ ਦੇ ਪ੍ਰਧਾਨ ਨਾਲ ਗੱਲਬਾਤ ਕਰੇਗਾ। ਚੌਧਰੀ ਨੇ ਕਿਹਾ ਕਿ ਕਿਸ਼ਨਗੰਗਾ ਬੰਨ੍ਹ ਦੀ ਉਸਾਰੀ ਦਾ ਮੁੱਦਾ ਬੈਠਕ ਦੌਰਾਨ ਵਿਚਾਰਿਆ ਜਾਵੇਗਾ।
ਜਿਕਰਯੋਗ ਹੈ ਕਿ ਭਾਰਤ ਵਲੋਂ ਜਿਹਲਮ ਅਤੇ ਚਨਾਬ ਦਰਿਆਵਾਂ ‘ਤੇ ਕਿਸ਼ਨਗੰਗਾ (330 ਮੈਗਾਵਾਟ) ਅਤੇ ਰਾਤਲੇ (850 ਮੈਗਾਵਾਟ) ਹਾਈਡਰੋਇਲੈਕਟ੍ਰਿਕ ਪ੍ਰਾਜੈਕਟਾਂ ਦੇ ਨਿਰਮਾਣ ਦੀ ਨੀਤੀ ਖਿਲਾਫ ਪਾਕਿਸਤਾਨ ਪਹਿਲਾਂ ਤੋਂ ਹੀ ਵਿਰੋਧ ਕਰ ਰਿਹਾ ਹੈ ਤੇ ਵਿਸ਼ਵ ਬੈਂਕ ਵਲੋਂ ਇਸ ਮਾਮਲੇ ਨੂੰ ਸੁਲਝਾਉਣ ਦੀਆਂ ਹੁਣ ਤਕ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।
ਪਾਕਿਸਤਾਨ ਨੂੰ ਖ਼ਦਸ਼ਾ ਹੈ ਕਿ ਜਿਸ ਦਰਿਆ ਦੇ ਕੰਢੇ ’ਤੇ ਪ੍ਰਾਜੈਕਟ ਕਾਇਮ ਕੀਤਾ ਜਾ ਰਿਹਾ ਹੈ, ਉਸ ਨਾਲ ਪਾਕਿਸਤਾਨ ਜਾਂਦੇ ਪਾਣੀ ਦੀ ਸਪਲਾਈ ’ਚ ਅੜਿੱਕਾ ਖੜ੍ਹਾ ਹੋ ਜਾਵੇਗਾ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਸ਼ੁੱਕਰਵਾਰ ਨੂੰ ਪ੍ਰਾਜੈਕਟ ਦੇ ਉਦਘਾਟਨ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਦੋਵੇਂ ਮੁਲਕਾਂ ਦਰਮਿਆਨ ਵਿਵਾਦ ਦਾ ਨਿਪਟਾਰਾ ਕੀਤੇ ਬਿਨਾਂ ਉਸ ਦਾ ਉਦਘਾਟਨ ਸਿੰਧ ਜਲ ਸੰਧੀ 1960 ਦੀ ਉਲੰਘਣਾ ਹੋਵੇਗਾ।