ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਪਾਕਿਸਤਾਨ ਭਾਰਤ ਨਾਲੋਂ ਚੰਗਾ ਹੈ, ਦੇਸ਼ਧ੍ਰੋਹ ਦੇ ਕੇਸ ਸੱਚ ਨੂੰ ਦਬਾ ਨਹੀਂ ਸਕਦੇ: ਖਾਲਸਾ ਦਲ ਯੂਕੇ

August 24, 2016 | By

ਲੰਡਨ: ਪਾਕਿਸਤਾਨ ਵਿੱਚ ਉੱਥੋਂ ਦੇ ਵਸਨੀਕਾਂ ਵਲੋਂ ਜਿਸ ਕਦਰ ਸਿੱਖਾਂ ਦੀ ਕਦਰ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਉੱਥੇ ਜਾਣ ਵੇਲੇ ਸਿੱਖ ਜਥਿਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ, ਉਸ ਮੁਤਾਬਿਕ ਇਹ ਗੱਲ ਆਖੀ ਜਾ ਸਕਦੀ ਹੈ ਕਿ ਉਹ ਭਾਰਤ ਨਾਲੋਂ ਕੇਵਲ ਚੰਗਾ ਹੀ ਨਹੀਂ ਬਲਕਿ ਹਜ਼ਾਰ ਗੁਣਾ ਚੰਗਾ ਹੈ। ਕਿਸੇ ਵੀ ਦੇਸ਼, ਵਿਆਕਤੀ, ਧਰਮ, ਭਾਈਚਾਰੇ ਦੀ ਤਾਰੀਫ ਕਰਨ ਦਾ ਹਰ ਇਨਸਾਨ ਨੂੰ ਹੱਕ ਹੈ। ਪਰ ਭਾਰਤ ਵਿੱਚ ਇਹ ਹੱਕ ਵੀ ਕਿਸੇ ਨੂੰ ਨਹੀਂ ਹੈ। ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਗੁਲਾਮੀ ਦੀ ਨਿਸ਼ਾਨੀ ਹੈ।

ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਹਿੰਦੂਤਵੀਆਂ ਦੇ ਮੁਤੱਸਬੀ ਵਿਵਹਾਰ ਦੀ ਸਖਤ ਨਿਖੇਧੀ ਕੀਤੀ ਗਈ ਹੈ ਜਿਹਨਾਂ ਨੇ ਕੰਨੜ ਫਿਲਮਾਂ ਦੀ ਅਦਾਕਾਰਾ ਤੋਂ ਸਿਆਸਦਾਨ ਬਣੀ ਬੀਬੀ ਰਾਮਿਆ ਖਿਲਾਫ ਇਹ ਆਖਣ ‘ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕਰਵਾ ਦਿੱਤਾ ਕਿ ਪਾਕਿਸਤਾਨ ਨਰਕ ਨਹੀਂ ਹੈ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਐਮਨਿਸਟੀ ਇੰਟਰਨੈਸ਼ਨਲ ਖਿਲਾਫ ਵੀ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ। ਭਾਰਤ ਦੇ ਮੁੱਤਸਬੀ ਫਿਰਕੂ ਵਕੀਲ, ਪੱਖਪਾਤੀ ਪ੍ਰਸ਼ਾਸਨ, ਭ੍ਰਿਸ਼ਟ ਨਿਆਂਇਕ ਸਿਸਟਮ ਅਤੇ ਜ਼ਾਲਮ ਪੁਲਿਸ ਤੰਤਰ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਗੈਰ ਹਿੰਦੂ ਕੌਮਾਂ ਨਾਲ ਧੱਕਾ ਅਤੇ ਜ਼ੁਲਮ ਕਰਨਾ ਤਾਂ ਕਿ ਉਹਨਾਂ ਦੇ ਦਿਲ ਵਿੱਚ ਹਿੰਦੂਤਵੀਆਂ ਤੋਂ ਅਜ਼ਾਦ ਹੋਣ ਦੀ ਉਮੰਗ ਨੂੰ ਖਤਮ ਕੀਤਾ ਜਾ ਸਕੇ। ਐਮਨਿਸਟੀ ਇੰਟਰਨੈਸ਼ਨਲ ਦੇ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ‘ਤੇ ਸੰਯੁਕਤ ਰਾਸ਼ਟਰ ਨੂੰ ਕਾਰਜਸ਼ੀਲ ਹੋਣ ਦੀ ਜ਼ਰੂਰਤ ਹੈ।

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ {ਫਾਈਲ ਫੋਟੋ}

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ {ਫਾਈਲ ਫੋਟੋ}

ਅਸਲੀਅਤ ਵਿੱਚ ਦੇਸ਼ਧ੍ਰੋਹ ਦੇ ਕੇਸ ਕਸ਼ਮੀਰ ਵਿੱਚ ਦੋ ਮਹੀਨਿਆਂ ਤੋਂ ਕਸ਼ਮੀਰੀਆਂ ‘ਤੇ ਜ਼ੁਲਮ ਢਾਹ ਰਹੀ ਭਾਰਤੀ ਫੌਜ, ਨੀਮ ਫੌਜੀ ਦਸਤਿਆਂ ਅਤੇ ਸਥਾਨਕ ਪੁਲਿਸ ਦੇ ਅਫਸਰਾਂ ਖਿਲਾਫ ਦਰਜ ਹੋਣੇ ਚਾਹੀਦੇ ਹਨ। ਜਿਹੜੇ ਬੱਚਿਆਂ, ਬੀਬੀਆਂ ਅਤੇ ਬਜੁਰਗਾਂ ‘ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਨਸੀਹਤ ਦਿੰਦਿਆਂ ਆਖਿਆ ਉਹ ਘੱਟੋ-ਘੱਟ ਪਾਕਿਸਤਾਨ ਦੀ ਵਜ਼ਾਰਤ ਤੋਂ ਹੀ ਮੱਤ ਲੈ ਲਵੇ, ਜਿਸਨੇ ਕਸ਼ਮੀਰ ਦੀ ਅਜ਼ਾਦੀ ਲਈ ਚੱਲ ਰਹੀ ਜੱਦੋ ਜਹਿਦ ਦਾ ਸਮਰਥਨ ਜਾਰੀ ਰੱਖਣ ਦਾ ਮਤਾ ਪਾਸ ਕਰਦਿਆਂ ਅਜ਼ਾਦੀ ਘੁਲਾਟੀਆਂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਜਦਕਿ ਬਾਦਲ ਹਿੰਦੂਤਵੀਆਂ ਦੇ ਕੁਹਾੜੇ ਦਾ ਦਸਤਾ ਬਣਕੇ ਸਿੱਖ ਕੌਮ ‘ਤੇ ਹਰ ਤਰੀਕੇ ਨਾਲ ਤਸ਼ੱਦਦ ਢਾਹ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,