September 28, 2017 | By ਸਿੱਖ ਸਿਆਸਤ ਬਿਊਰੋ
ਫੈਸਲਾਬਾਦ (ਪੁਰਾਣਾ ਨਾਂ ਲਾਇਲਪੁਰ): ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਅਤੇ ਵਕੀਲ ਇਮਤਿਆਜ਼ ਰਸ਼ੀਦ ਕੁਰੈਸ਼ੀ ਮੰਗਲਵਾਰ ਨੂੰ ਪੰਜਾਬ ਦੇ ਹੁਸਿ਼ਆਰਪੁਰ ਜ਼ਿਲ੍ਹੇ ਦੇ ਪਿੰਡ ਅੰਬਾਲਾ ਜੱਟਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਅਤੇ ਉਨ੍ਹਾਂ ਦੇ ਦੋਹਤੇ ਸੁਖਵਿੰਦਰ ਸਿੰਘ ਸੰਘਾ ਨੂੰ ਮਿਲੇ।
ਇਸ ਮੌਕੇ ਰਸ਼ੀਦ ਕੁਰੈਸ਼ੀ ਨੇ ਆਪਣੇ ਨਾਲ ਲਿਆਂਦੇ ਸ਼ਹੀਦ ਭਗਤ ਸਿੰਘ ਦੇ ਪਕਿਸਤਾਨ ਵਾਲੇ ਜੱਦੀ ਮਕਾਨ ਵਿੱਚ ਲੱਗੇ ਅੰਬ ਦੇ ਦਰਖਤ ਦੇ ਪੱਤੇ ਅਤੇ ਉਸ ਘਰ ਵਿੱਚ ਲੱਗੇ ਨਲਕੇ ਦਾ ਪਾਣੀ ਉਨ੍ਹਾਂ ਨੂੰ ਸੌਂਪਿਆ। ਕੁਰੈਸ਼ੀ ਨੇ ਦੱਸਿਆ, ‘ਇਹ ਦਰਖਤ ਸ਼ਹੀਦ ਭਗਤ ਸਿੰਘ ਦੇ ਦਾਦਾ ਅਰਜੁਨ ਸਿੰਘ ਨੇ 200 ਸਾਲ ਪਹਿਲਾਂ ਲਗਵਾਇਆ ਸੀ। ਅੱਜ ਵੀ ਇਸ ਦਰਖਤ ਉੱਤੇ ਇਕ ਸਾਲ ਛੱਡ ਕੇ ਫਲ ਲੱਗਦੇ ਹਨ।
ਸਬੰਧਤ ਖ਼ਬਰ:
ਅਜੋਕੇ ਦੌਰ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੀ ਵਿਚਾਰਧਾਰਾ ਦੀ ਪ੍ਰਸੰਗ ਅਨੁਕੂਲਤਾ …
ਵਕੀਲ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਦੋ ਸਾਲ ਪਹਿਲਾਂ ਬੰਗੇ ਪਿੰਡ (ਜ਼ਿਲ੍ਹਾ ਫੈਸਲਾਬਾਦ) ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਭਗਤਪੁਰਾ ਰੱਖ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਦੀ ਮੰਗ ਕੀਤੀ ਸੀ। ਕੁਰੈਸ਼ੀ ਦੇ ਮੁਤਾਬਕ ਭਗਤਪੁਰਾ ਵਿੱਚ 15 ਮਰਲੇ ਦੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿੱਚ ਇਸ ਸਮੇਂ ਪਿੰਡ ਦਾ ਮੁਖੀ ਜਮਾਤ ਅਲੀ ਰਹਿ ਰਿਹਾ ਹੈ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਰ ਨੂੰ ਖਰੀਦਣ ਲਈ ਜਮਾਤ ਅਲੀ ਨੂੰ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਰ ਦੀ ਕੋਈ ਕੀਮਤ ਨਹੀਂ।
ਜਮਾਤ ਅਲੀ ਨੇ ਕਿਹਾ, ‘ਮੇਰੇ ਪੁੱਤਰ ਦਾ ਜਨਮ ਵੀ ਉਸੇ ਕਮਰੇ ਵਿੱਚ ਹੋਇਆ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ ਸੀ, ਜੋ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ।’ ਕੁਰੈਸ਼ੀ ਮੁਤਾਬਕ ਘਰ ਦੀ ਹਾਲਤ ਉਸੇ ਤਰ੍ਹਾਂ ਦੀ ਹੈ, ਜਿਵੇਂ 1947 ਵਿੱਚ ਪਰਿਵਾਰ ਵਾਲੇ ਛੱਡ ਕੇ ਗਏ ਸਨ। ਅੱਜ ਵੀ ਉਸ ਘਰ ਦੇ ਬਾਹਰ ‘ਭਗਤ ਸਿੰਘ ਸੰਧੂ ਹਵੇਲੀ’ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ।
Related Topics: Advocate Imtiaz Rasheed Qureshi, Faislabad, Layalpur, Shaheed Bhagat Singh