ਪੱਤਰ

ਸੱਚ ਦੇ ਚੋਰੀ ਕੀਤੇ ਕੱਪੜਿਆਂ ਵਿੱਚ ਲੁਕੇ ਝੂਠ ਵਲੋਂ ਆਪਣੀ ਅਸਲੀਅਤ ਛੁਪਾਉਣ ਲਈ ਕਾਵਾਂ ਰੌਲੀ

November 18, 2010 | By

ਪਿਛਲੇ ਸਮੇਂ ਤੋਂ ਕੁੱਝ ਅਖੌਤੀ ਇਤਿਹਾਸਕ, ਨਾਮ ਨਿਹਾਦ ਵਿਦਵਾਨ, ਸਵੈ ਸਜੇ ਡਾਕਟਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਭੰਨ ਤੋੜ ਕਰਨ ਵਿੱਚ ਮਸ਼ਰੂਫ ਹਨ। ਹੈਰਤ ਦੀ ਗੱਲ ਕਿ ਇਹ ਚੰਡਾਲ ਚੌਂਕੜੀ ਉਦੋਂ ਸਰਗਰਮ ਹੋਈ ਜਦੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਅਰੰਭ ਹੋਏ ਖਾਲਿਸਤਾਨ ਦੀ ਸੰਘਰਸ਼ ਵਿੱਚ ਖੜੋਤ ਆਈ ਹੈ। ਜਿਉਂ ਜਿਉਂ ਸੰਘਰਸ਼ ਨਿਵਾਣਾਂ ਵਲ ਜਾਣਾ ਸ਼ੁਰੂ ਹੋਇਆ ਉਵੇਂ ਉਵੇਂ ਹੀ ਇਹਨਾਂ ਘੜੰਮ ਚੌਧਰੀਆਂ ਦੇ ਪਰ ਨਿੱਕਲਣੇ ਸੁ਼ਰੂ ਹੋ ਗਏ। ਜਦੋਂ ਇਹਨਾਂ ਸਰਕਾਰੀ ਦੁੱਮਛੱਲਿਆਂ ਨੇ ਇਹ ਜਾਣ ਲਿਆ ਕਿ ਸੰਘਰਸ਼ ਵਿੱਚ ਖੜੋਤ ਲੰਬੀ ਹੈ ਤਾਂ ਇਹਨਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ। ਕਿਸੇ ਨੇ ਨਿੱਤਨੇਮ ਦੀਆਂ ਬਾਣੀਆਂ, ਅੰਮ੍ਰਿਤ ਤਿਆਰ ਕਰਨ ਲਈ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਪ੍ਰਤੀ ਵਾਦ ਵਿਵਾਦ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਭਗਤਾਂ ਦੀ ਬਾਣੀ ਭੱਟਾਂ ਦੇ ਸਵੱਈਆਂ ਬਾਰੇ ਸ਼ੰਕਾ ਪੈਦਾ ਕਰਨੀ ਅਰੰਭ ਕਰ ਦਿੱਤੀ ਅਤੇ ਕਿਸੇ ਨੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਅਜਿਹੀ ਭੰਨਤੋੜ ਕਰਨ ਦਾ ਠੇਕਾ ਲੈ ਲਿਆ ਕਿ ਸਿੱਖ ਮਾਨਸਿਕਤਾ ਚੋਂ ਸ਼ਰਧਾ ਨੂੰ ਖਤਮ ਕਰ ਦਿਤਾ ਜਾਵੇ ਤਾਂ ਕਿ ਸਿੱਖਾਂ ਚੋਂ ਕੁਰਬਾਨੀ ਦਾ ਜ਼ਜਬਾ ਖਤਮ ਹੋ ਜਾਵੇ ਅਤੇ ਸਿੱਖ ਹਿੰਦੂਤਵ ਦੇ ਪੱਕੇ ਗੁਲਾਮ ਬਣ ਜਾਣ। ਕਿਉਂ ਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਸ਼ਰਧਾਵਾਨ ਸਿੱਖਾਂ ਨੇ ਸਿਦਕਵਾਨ ਹੋਣ ਦਾ ਪ੍ਰਮਾਣ ਦਿੱਤਾ ਅਤੇ ਸਿੱਖ ਕੌਮ ਦੀ ਆਨ, ਸ਼ਾਨ, ਅਣਖ ਅਤੇ ਗੈਰਤ ਦੀ ਖਾਤਰ ਭਾਰੀ ਕੁਰਬਾਨੀਆਂ ਕੀਤੀਆਂ। ਇਹ ਵਰਤਾਰਾ ਅੱਜ ਵੀ ਜਾਰੀ ਹੈ ਅਤੇ ਜਾਰੀ ਰਹੇਗਾ। ਭਾਵੇਂ ਕਿ ਸੂਰਜ ਦੇ ਸਾਹਮਣੇ ਕੁੱਝ ਸੰਘਣੇ ਬੱਦਲ ਆਉਣ ਨਾਲ ਸੂਰਜ ਦੀ ਰੌਸ਼ਨੀ ਦਾ ਪ੍ਰਤਾਪ ਵਕਤੀ ਤੌਰ ਤੇ ਘੱਟ ਨਜ਼ਰ ਆਉਂਦਾ ਹੈ ਪਰ ਤੇਜ਼ ਹਵਾਵਾਂ ਬੱਦਲਾਂ ਨੂੰ ਧੱਕ ਕੇ ਲੈ ਜਾਂਦੀਆਂ ਹਨ ਅਤੇ ਸੂਰਜ ਦੀ ਰੌਸ਼ਨੀ ਪੂਰੇ ਜਾਹੋ ਜਲਾਲ ਨਾਲ ਪ੍ਰਗਟ ਹੁੰਦੀ ਹੈ, ਪਰ ਇਸ ਦੀ ਹੋਂਦ ਹਮੇਸ਼ਾਂ ਹੀ ਹੁੰਦੀ ਹੈ। ਇਹੀ ਹਾਲ ਇਹਨਾਂ ਲੋਕਾਂ ਦਾ ਹੋਵੇਗਾ ਜਿਹੜੇ ਸਿੱਖੀ ਦੇ ਸੁਨਹਿਰੀ ਸਿਧਾਂਤਾਂ ਤੇ ਭਗਵਾਂ ਰੰਗ ਚਾੜ ਰਹੇ ਹਨ ਅਤੇ ਦੂਜੇ ਸਿੱਖਾਂ ਨੂੰ ਅਸ਼ਰਧਕ ਬਣਾ ਕੇ ਨਾਸਿਤਕਤਾ ਵਲ ਧਕੇਲਣ ਦੀਆਂ ਨਾਪਾਕ ਚਾਲਾਂ ਚੱਲ ਰਹੇ।

ਇੱਕ ਮਿਥਿਹਾਸਕ ਕਥਾ ਹੈ ਕਿ ਇੱਕ ਵਾਰ ਸੱਚ ਅਤੇ ਝੂਠ ਇੱਕ ਨਦੀ ਤੇ ਇਸ਼ਨਾਨ ਕਰਨ ਗਏ। ਝੂਠ ਇਸ਼ਨਾਨ ਕਰਕੇ ਜਲਦੀ ਜਲਦੀ ਚਲਾਕੀ ਨਾਲ ਕਰਕੇ ਬਾਹਰ ਆ ਗਿਆ ਅਤੇ ਉਸ ਨੇ ਫਟ ਫਟਾ ਸੱਚ ਦੇ ਕੱਪੜੇ ਪਹਿਣ ਲਏ। ਉਦੋਂ ਤੋਂ ਹੀ ਸੱਚ ਨੰਗਾ ਹੋ ਗਿਆ ਅਤੇ ਝੂਠ ਢਕਿਆ ਗਿਆ। ਝੂਠ ਨੇ ਭਾਵੇਂ ਸੱਚ ਦੇ ਕੱਪੜੇ ਪਹਿਨ ਲਏ ਪਰ ਉਸ ਨੂੰ ਆਪਣੀ ਅਸਲੀਅਤ ਜੱ਼ਗ ਜਾਹਰ ਹੋਣ ਦਾ ਡਰ ਹਮੇਸ਼ਾਂ ਸਤਾਉਂਦਾ ਰਿਹਾ ਇਸ ਕਰਕੇ ਉਸ ਨੇ ਸੱਚ ਉੱਪਰ ਤਰਾਂ ਤਰਾਂ ਦੇ ਇਲਜ਼ਾਮ ਲਗਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ। ਝੂਠ ਨੇ ਵਾਰ ਵਾਰ ਅਖਿਆ ਕਿ ਮੈਂ ਸੱਚ ਹਾਂ ਅਤੇ ਸੱਚ ਗਲਤ ਹੈ। ਪਰ ਸੱਚ ਨੇ ਕਦੀ ਇਹ ਨਹੀਂ ਕਿਹਾ ਕਿ ਮੈਂ ਸਹੀ ਹਾਂ ਇਹ ਝੂਠ ਜੋ ਮੇਰੇ ਬਾਰੇ ਬਕਵਾਸ ਕਰ ਰਿਹਾ ਹੈ ਇਹ ਗਲਤ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਝੂਠ ਨੇ ਸੱਚ ਨੂੰ ਸਰਕਾਰੀ, ਕੈਟ, ਰਾਅ, ਕਾਂਗਰਸ ਜਾਂ ਆਰ.ਐੱਸ.ਐੱਸ ਦਾ ਏਜੰਟ ਹੈ ਵਗੈਰਾ ਵਗੈਰਾ ਆਖ ਕੇ ਆਪਣੀ ਅਸਲੀਅਤ ਛਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੱਚ ਸੌ ਪਰਦੇ ਪਾੜ ਕੇ ਵੀ ਪ੍ਰਗਟ ਹੁੰਦਾ ਰਿਹਾ ਅਤੇ ਹੁੰਦਾ ਰਹੇਗਾ। ਪਿਛਲੇ ਤਿੰਨ ਦਹਾਕਿਆਂ ਦੌਰਾਨ ਅਜਿਹਾ ਵਰਤਾਰਾ ਕਈ ਵਾਰ ਵਾਪਰਿਆ। ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਹਿਮਾਇਤ ਮੰਗਣ ਗਏ ਰਵਾਇਤੀ ਅਕਾਲੀਆਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਖਿਆ ਸੀ ਕਿ ਸਾਰੇ ਹੀ ਉਮੀਦਰਵਾਰ ਘੱਟੋ ਘੱਟ ਅੰਮ੍ਰਿਤਧਾਰੀ, ਨਿੱਤਨੇਮੀ ਅਤੇ ਰਹਿਤਵਾਨ ਹੋਣੇ ਚਾਹੀਦੇ ਹਨ ਦੂਜਾ ਉਹਨਾਂ ਆਖਿਆ ਸੀ ਕਿ ਜੀਵਨ ਸਿੰਘ ਉਮਰਾਨੰਗਲ ਨਰਕਧਾਰੀ ਗੁਰਬਚਨੇ ਦਾ ਪੱਕਾ ਚੇਲਾ ਹੈ ਉਸ ਨੂੰ ਉਮੀਦਵਾਰ ਨਾ ਬਣਾਇਉ। ਪਰ ਇਹਨਾਂ ਅਕਾਲੀਆਂ ਨੇ ਸੰਤਾਂ ਨੂੰ ਚਿੜਾਉਣ ਲਈ ਜਾਣਬੁੱਝ ਕੇ ਉਮਰਾਨੰਗਲ ਨੂੰ ਟਿਕਟ ਦਿੱਤੀ ਤਾਂ ਸੰਤਾਂ ਨੇ ਉਸ ਦੇ ਮੁਕਾਬਲੇ ਭਾਈ ਅਮਰੀਕ ਸਿੰਘ ਜੀ ਨੂੰ ਖੜਾ ਕਰ ਦਿੱਤਾ ਤਾਂ ਉਦੋਂ ਇਹਨਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸੰਤ ਕਾਂਗਰਸੀ ਹਨ। ਇਥੋਂ ਤੱਕ ਆਖ ਦਿੱਤਾ ਕਿ ਇਹ ਦਮਦਮੀ ਟਕਸਾਲ ਦੇ ਨਕਲੀ ਮੁਖੀ ਕਿਉਂ ਅਸਲੀ ਮੁਖੀ ਤਾਂ ਸੰਤ ਮੋਹਣ ਸਿੰਘ ਜੀ ਭਿੰਡਰਾਂਵਾਲੇ ਹਨ। ਹਾਲਾਂ ਕਿ ਜਦੋਂ ਸੰਤਾਂ ਦੀ ਟਕਸਾਲ ਦੇ ਮੁਖੀ ਵਜੋਂ ਦਸਤਾਰਬੰਦੀ ਹੋਈ ਸੀ ਤਾਂ ਦਸਤਾਰਾਂ ਭੇਂਟ ਕਰਨ ਵਾਲਿਆਂ ਵਿੱਚ ਇਹ (ਬਾਦਲ, ਟੌਹੜਾ ਸਮੇਤ ਅਨੇਕਾਂ ਸਿਰਕੱਢ ਅਕਾਲੀ ਆਗੂ) ਸ਼ਾਮਲ ਸਨ। ਕੁੱਝ ਹੀ ਸਮੇਂ ਬਾਅਦ ਸੰਤ ਜਰਨੈਲ ਸਿੰਘ ਜੀ ਦੀ ਸਖਸ਼ੀਅਤ ਦਾ ਸੂਰਜ ਵਾਂਗ ਪ੍ਰਗਟਾਅ ਹੋਇਆ, ਉਹ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਏ ਤਾਂ ਇਹਨਾਂ ਅਕਾਲੀਆਂ ਨੇ ਫੇਰ ਉਹਨਾਂ ਦੀ ਜਾ ਸ਼ਰਨ ਲਈ। ਭਾਵੇਂ ਕਿ ਬਾਅਦ ਵਿੱਚ ਉਹਨਾਂ ਨੂੰ ਸ਼ਹੀਦ ਕਰਵਾਉਣ ਵਿੱਚ ਵੀ ਇਹਨਾਂ ਖਾਸ ਭੂਮਿਕਾ ਨਿਭਾਈ ਹੈ, ਭਾਰਤੀ ਪ੍ਰਧਾਨ ਮੰਤਰੀ ਨੂੰ ਬਕਾਇਦਾ ਸੱਦਾ ਦਿੱਤਾ। ਐਮ.ਕੇ. ਧਰ ਦੀ ਪੁਸਤਕ ਗਵਾਹੀ ਭਰਦੀ ਹੈ ਕਿ ਕਿਵੇਂ ਇਹਨਾਂ ਦੀਆਂ ਚੰਡੀਗੜ੍ਹ ਵਿਖੇ ਸਤਾਰਾਂ ਅਤੇ ਦਸ ਸੈਕਟਰ ਸਥਿਤ ਕੋਠੀਆਂ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ। ਉਸ ਮਹਾਨ ਸਿੱਖ ਆਗੂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਲੋੜ ਪੈਣ ਤੇ ਸਿੱਖਾਂ ਦੀ ਹਮਦਰਦੀ ਲੈਣ ਲਈ ਇਹਨਾਂ ਰਵਾਇਤੀ ਅਕਾਲੀਆਂ ਨੇ ਮਹਾਨ ਸ਼ਹੀਦ ਵੀ ਆਖਿਆ ਅਤੇ ਲੋੜ ਪੈਣ ਤੇ ਕਾਂਗਰਸੀ ਅਤੇ ਅੱਤਵਾਦੀ ਆਖ ਕੇ ਹਿੰਦੂਤਵੀਆਂ ਨੂੰ ਖੁਸ਼ ਕਰਨ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਗੱਲ 1983 ਦੇ ਅਖੀਰ ਦੀ ਹੈ ਜਦੋਂ ਇਹ ਲੋਕ ਆਪਣੇ ਕਰਿੰਦਿਆਂ ਤੋਂ ਅਖਵਾ ਰਹੇ ਸਨ ਕਿ ਸੰਤ ਕਾਂਗਰਸੀ ਹਨ ਤਾਂ ਇਹਨਾਂ ਸਾਰੀਆਂ ਗੱਲਾਂ ਦਾ ਜੋ ਜਵਾਬ ਸੰਤਾਂ ਨੇ ਜਿਵੇਂ ਦਿੱਤਾ ਸੀ ਉੁਹ ਇਸ ਤਰਾਂ ਸੀ ਕਿ “ਮੇਰਾ ਕੰਮ ਹੈ ਪਤਿਤ ਹੋ ਚੁੱਕੇ ਸਿੱਖ ਨੌਜਵਾਨਾਂ ਨੂੰ ਗੁਰੁ ਦੇ ਲੜ ਲੱਗਣ ਲਈ ਪ੍ਰੇਰਿਤ ਕਰਨਾ, ਅਮ੍ਰਿਤ ਛਕਾਉਣਾ, ਰਹਿਤ ਰਖਾਉਣੀ, ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਣਾ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਚਾਹਟਾ ਛਕਾਉਣਾ, ਸਿੱਖ ਕੌਮ ਦੇ ਹੱਕਾਂ ਹਿਤਾਂ ਦੀ ਪੂਰਤੀ ਲਈ ਸੰਘਰਸ਼ ਕਰਨਾ, ਜਿਹੜੇ ਵਿਆਕਤੀ ਜਾਂ ਪੁਲੀਸ ਵਾਲਿਆਂ ਸਿੰਘਾਂ ਨੇ ਸ਼ਹੀਦ ਕਰਵਾਇਆ ਜਾਂ ਕੀਤਾ ਹੈ ਅਤੇ ਕਰ ਰਹੇ ਹਨ ਉਹਨਾਂ ਨੂੰ ਗੱਡੀ ਚਾੜ੍ਹਨ ਲਈ ਨੌਜਵਾਨਾਂ ਨੂੰ ਪ੍ਰੇਰਨਾ ਦੇਣੀ, ਧੀਆਂ ਭੈਣਾਂ ਦੀ ਬੇਇਜ਼ਤੀ ਕਰਨ ਵਾਲਿਆਂ ਨੂੰ ਧੁਰ ਦੀ ਗੱਡੀ ਚੜਾਉਣਾ ਅਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪਸਾਰ ਕਰਨਾ ਹੈ। ਅਗਰ ਇਹ ਕੰਮ ਕਾਂਗਰਸ ਦੇ ਹਨ ਤਾਂ ਮੈਂ ਕਾਂਗਰਸੀ ਹਾਂ, ਅਗਰ ਇਹ ਕੰਮ ਜਨਸੰਘ ਦੇ ਹਨ ਤਾਂ ਮੈਂ ਜਨਸੰਘੀ ਹਾਂ, ਅਗਰ ਇਹ ਕੰਮ ਕਾਲੀਆਂ ਦੇ ਹਨ ਤਾਂ ਮੈਂ ਕਾਲੀ ਹਾਂ ਅਗਰ ਇਹ ਕੰਮ ਅਕਾਲੀਆਂ ਦੇ ਹਨ ਤਾਂ ਮੈਂ ਅਕਾਲੀ ਤਾਂ ਹੈਗਾ ਹੀ ਹਾਂ”। ਗੱਲ ਅੱਜ ਵੀ ਉਹੀ ਹੈ ਫਰਕ ਸਿਰਫ ਇੰਨਾ ਹੈ ਕਿ ਉਦੋਂ ਸਰਕਾਰੀ ਏਜੰਸੀਆਂ ਦੇ ਲੋਕ ਕੇਵਲ ਸੰਤਾਂ ਨੂੰ ਨਿਸਾਨਾ ਬਣਾ ਕੇ ਉਹਨਾਂ ਬਾਰੇ ਗਲਤ ਫਹਿਮੀ ਪੈਦਾ ਕਰ ਰਹੇ ਸਨ ਕਿਉਂ ਕਿ ਸੰਤਾਂ ਬਾਰੇ ਗਲਤ ਫਹਿਮੀ ਪੈਦਾ ਕਰਕੇ ਉਹਨਾਂ ਲੱਖਾਂ ਸਿੱਖਾਂ ਵਿੱਚ ਉਹਨਾਂ ਪ੍ਰਤੀ ਆਸਥਾ ਨੂੰ ਘਟਾਉਣ ਦੀ ਨਾਪਾਕ ਕੋਸ਼ਿਸ਼ ਕਰਦੇ ਸੀ ਜਿਹੜੇ ਉਹਨਾਂ ਦੇ ਇੱਕ ਇਸ਼ਾਰੇ ਤੇ ਸੀਸ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਸਨ। ਪਰ ਅੱਜ ਇਹ ਲੋਕ ਉਹਨਾਂ ਸਿੱਖਾਂ ਬਾਰੇ ਬਕਵਾਸ ਕਰ ਰਹੇ ਹਨ ਜਿਹੜੇ ਸੰਤਾਂ ਦੀ ਸੋਚ ਤੇ ਅਮਲੀ ਤੌਰ ਤੇ ਪਹਿਰਾ ਦੇ ਰਹੇ ਹਨ।

ਇੱਕ ਕਥਾ ਹੈ ਕਿ ਕੋਈ ਮਹਾਂਪੁਰਸ਼ ਹਰ ਰੋਜ਼ ਸਵੇਰੇ ਜੰਗਲ ਪਾਣੀ ਜਾਂਦੇ ਸਨ ਤਾਂ ਉਹਨਾਂ ਦੇ ਰਸਤੇ ਵਿੱਚ ਇੱਕ ਵੇਸਵਾ ਦਾ ਘਰ ਆਉਂਦਾ ਸੀ ਜਿਹੜੀ ਹਰ ਰੋਜ਼ ਹੀ ਉਹਨਾਂ ਨੂੰ ਪੁੱਛਿਆ ਕਰਦੀ ਸੀ ਕਿ “ਦੱਸੋ ਤੁਹਾਡੀ ਦਾਹੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ”। ਮਹਾਂਪੁਰਸ਼ਾਂ ਨੇ ਸਾਰੀ ਉਮਰ ਕੋਈ ਜਵਾਬ ਨਾ ਦਿੱਤਾ। ਅਖੀਰ ਉਹ ਮੰਜੇ ਪੈ ਗਏ ਕੁੱਝ ਦਿਨਾਂ ਬਾਅਦ ਹਾਲਤ ਹੋਰ ਖਰਾਬ ਹੁੰਦੀ ਗਈ, ਉਹਨਾਂ ਨੂੰ ਆਪਣਾ ਅੰਤ ਨਜ਼ਦੀਕ ਪ੍ਰਤੀਤ ਹੋਇਆ ਤਾਂ ਆਾਪਣੇ ਸੇਵਕਾਂ ਨੂੰ ਕਹਿਣ ਲੱਗੇ ਕਿ ਮੇਰਾ ਮੰਜਾ ਚੁੱਕ ਕੇ ਵੇਸਵਾ ਦੇ ਘਰੇ ਲੈ ਜਾਵੋ, ਸਾਰੇ ਹੀ ਬੜੇ ਹੈਰਾਨ ਹੋਏ। ਪਰ ਜਦੋਂ ਵੇਸਵਾ ਦੇ ਘਰ ਪੁੱਜੇ ਉਸ ਨੂੰ ਕੋਲ ਬੁਲਾ ਕੇ ਆਖਣ ਲੱਗੇ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾਹੜੀ ਚੰਗੀ ਹੈ। ਉਸ ਵੇਸਵਾ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ ਇੰਨੇ ਸਾਲ ਜਵਾਬ ਨਹੀਂ ਦਿੱਤਾ ਅੱਜ ਕਿਉਂ ਦੇ ਰਹੇ ਹੋ ? ਤਾਂ ਉਹਨਾਂ ਦਾ ਜਵਾਬ ਸੀ ਕਿ ਕੀ ਪਤਾ ਸੀ ਕਿ ਮੈਂ ਆਪਣੇ ਅਕੀਦੇ ਅਤੇ ਅਸੂਲਾਂ ਤੋਂ ਥਿੜਕ ਜਾਂਦਾ ਅਤੇ ਅਜਿਹਾ ਕੰਮ ਕਰ ਬੈਠਦਾ ਜਿਸ ਨਾਲ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਯੋਗ ਨਾ ਰਹਿੰਦਾ ਪਰ ਹੁਣ ਮੈਂ ਇਸ ਸੰਸਾਰ ਤੋਂ ਜਾ ਰਿਹਾ ਹਾਂ ਅਤੇ ਮੇਰੀ ਦਾਹੜੀ ਭਾਵ ਮੇਰਾ ਜੀਵਣ ਬੇਦਾਗ ਹੈ।

ਇਹ ਕਥਾ ਇਤਿਹਾਸਕ ਹੈ ਜਾਂ ਮਿਥਿਹਾਸਕ ਪਰ ਇਹਦੇ ਵਿੱਚੋਂ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਸਮਜਣ ਅਤੇ ਮੰਨਣ ਦੀ ਲੋੜ ਹੈ ਖਾਸ ਕਰਕ ਉਹਨਾਂ ਸਵੈ ਸਜੇ ਵਿਦਵਾਨਾਂ, ਅਖੌਤੀ ਇਤਿਹਾਸਕਾਰਾਂ ਨਕਲੀ ਪ੍ਰਫੈਸਰਾਂ ਨੂੰ ਜਿਹੜੇ ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰਬਾਣੀ, ਨਿੱਤਨੇਮ, ਅੰਮ੍ਰਿਤ ਸੰਸਕਾਰ, ਸਿੱਖ ਸ਼ਹੀਦਾਂ ਪ੍ਰਤੀ ਵਾਦ ਵਿਵਾਦ ਪੈਦਾ ਕਰਕੇ ਸਿੱਖ ਕੌਮ ਵਿੱਚ ਵੰਡੀਆਂ ਪਾ ਰਹੇ ਹਨ ਅਗਰ ਕੋਈ ਇਹਦੇ ਖਿਲਾਫ ਅਵਾਜ ਉਠਾਵੇ ਤਾਂ ਉਸ ਨੂੰ ਇਹ ਪੁਲੀਸ ਕੈਟ, ਰਾਅ ਅਤੇ ਆਰ.ਐੱਸ.ਐੱਸ ਦਾ ਏਜੰਟ ਆਖਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਇਹ ਦਿਲਗੀਰੇ ਵਰਗੇ ਲੋਕ ਇਸ ਕੰਮ ਲਈ ਬੀਬੀਆਂ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰਦੇ ਪਰ ਇਹਨਾਂ ਅਕ੍ਰਿਤਘਣਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਬੇਗਾਨੀਆਂ ਵੋਟਾਂ ਅਤੇ ਬੇਗਾਨੇ ਨੋਟਾਂ ਦੇ ਗੁਲਾਮ ਨਾ ਹੋਣ ਉਹਨਾਂ ਖਿਲਾਫ ਕੀਤੇ ਬਕਵਾਸ ਨਾਲ ਉਹਨਾਂ ਨੂੰ ਫਰਕ ਨਹੀਂ ਪੈਦਾ ਫਰਕ ਤੇ ਕੇਵਲ ਇਹਨਾਂ ਨੂੰ ਖੁਦ ਹੀ ਪਵੇਗਾ। ਸਾਡਾ ਕੰਮ ਹੈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਨ ਦਾ ਯਤਨ ਕਰਨਾ, ਅੱਗੇ ਤੋਰਨ ਵਾਲਿਆਂ ਦਾ ਸਾਥ ਦੇਣਾ, ਲੋੜਵੰਦ ਸ਼ਹੀਦ ਪਰਿਵਾਰਾਂ ਦੀ ਮੱਦਦ ਕਰਨਾ, ਜੇਹਲਾਂ ਵਿੱਚ ਬੰਦ ਸਿੰਘਾਂ ਦੀ ਅਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਬੁਲੰਦ ਕਰਨਾ, ਭਾਰਤ ਵਿੱਚ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਅਵਾਜ਼ ਉਠਾਉਣੀ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ, ਗੁਰ ਇਤਿਹਾਸ, ਸਿੱਖ ਇਤਿਹਾਸ, ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸ਼ਹੀਦਾਂ ਦਾ ਸਤਿਕਾਰ ਕਾਇਮ ਰੱਖਣਾ ਅਤੇ ਨਿਰਾਦਰ ਕਰਨ ਵਾਲਿਆਂ ਦਾ ਵਿਰੋਧ ਕਰਨਾ। ਇਹ ਕੰਮ ਕਰਨ ਵਾਲੇ ਜੋ ਵੀ ਹੋ ਸਕਦੇ ਹਨ, ਅਸੀਂ ਉਹ ਹੀ ਹਾਂ, ਉਹ ਹੀ ਰਹਾਂਗੇ ਅਤੇ ਕਾਮਨਾ ਕਰਦੇ ਹਾਂ ਕਿ ਸਾਰੀ ਕੌਮ ਹੀ ਅਜਿਹੀ ਹੋ ਜਾਵੇ ਤਾਂ ਕਿ ਸਿੱਖ ਕੌਮ ਅਜਾਦ ਹੋ ਸਕੇ। ਸਿੱਖ ਸੰਗਤਾਂ ਦੇ ਗਿਆਤ ਹਿਤ ਦੱਸਣਾ ਜਰੂਰੀ ਹੈ ਕਿ ਦਿਲਗੀਰੇ ਵਰਗੇ ਲੋਕਾਂ ਤੇ ਯੂਰਪ ਭਰ ਦੇ ਪ੍ਰਮੁੱਖ ਗੁਰਦਵਾਰਿਆਂ ਵਿੱਚ ਬੋਲਣ ਤੇ ਪਬੰਦੀ ਹੈ ਇੱਥੋਂ ਤੱਕ ਕਿ ਪੰਥ ਵਿੱਚ ਵੰਡੀਆਂ ਪਾਉਣ ਇਹ ਲੋਕ ਕਿਸੇ ਗਲੀ ਮੁਹੱਲੇ ਜਾਂ ਬਜ਼ਾਰ ਵਿੱਚ ਇਕੱਲੇ ਦੁਕੱਲੇ ਘੁੰਮ ਨਹੀਂ ਸਕਦੇ। ਕਿਸੇ ਨੂੰ ਆਪਣੇ ਘਰ ਦਾ ਐਡਰੈੱਸ ਜਾਂ ਫੋਨ ਨੰਬਰ ਵੀ ਦੇਣ ਦੀ ਹਿੰਮਤ ਨਹੀਂ ਰੱਖਦੇ। ਸੋ ਸਿੱਖ ਕੌਮ ਦੀ ਚੜਦੀ ਕਲਾ, ਕੌਮੀ ਅਜ਼ਾਦੀ ਦੀ ਤਮੰਨਾ ਰੱਖਣ ਵਾਲਿਆਂ ਲਈ ਅੱਜ ਸਮਾਂ ਮੰਗ ਕਰਦਾ ਹੈ ਕਿ ਉਹਨਾਂ ਨੂੰ ਰਸਤੇ ਤੋਂ ਭਟਕਾਉਣ ਦੀਆਂ ਚਾਲਾਂ ਜੋ ਸਰਕਾਰ ਚੱਲ ਰਹੀ ਹੈ, ਉਹਨਾਂ ਤੋਂ ਬਚਿਆ ਜਾਵੇ ਆਪਸੀ ਖਹਿਬਾਜ਼ੀ ਵਿੱਚ ਵਕਤ ਅਤੇ ਤਾਕਤ ਜਾਇਆ ਨਾ ਕੀਤੀ ਜਾਵੇ।

ਗੁਰੁ ਪੰਥ ਦੇ ਦਾਸ:

ਸ੍ਰ. ਨਿਰਮਲ ਸਿੰਘ ਸੰਧੂ ਪ੍ਰਧਾਨ, ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ, ਸ੍ਰ. ਬਲਵਿੰਦਰ ਸਿੰਘ ਢਿੱਲੋਂ ਪ੍ਰੈੱਸ ਸਕੱਤਰ ਯੂਨਾਈਟਿਡ ਖਾਲਸਾ ਦਲ (ਯੂ.ਕੇ.), ਸ੍ਰ. ਚਰਨਜੀਤ ਸਿੰਘ ਸੁੱਜੋਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ), ਸ੍ਰ. ਸੁਖਵਿੰਦਰ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਯੂ.ਕੇ.)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।