September 2, 2017 | By ਸਿੱਖ ਸਿਆਸਤ ਬਿਊਰੋ
ਫ਼ਰੀਦਕੋਟ: ਬਲਾਤਕਾਰ ਕੇਸ ‘ਚ ਰਾਮ ਰਹੀਮ ਦੀ ਹਮਾਇਤ ਕਰਨ ਗਏ ਡੇਰਾ ਸਿਰਸਾ ਦੇ ਬਹੁਤ ਸਾਰੇ ਪੈਰੋਕਾਰ ਅਜੇ ਤੱਕ ਵਾਪਸ ਨਹੀਂ ਪੁੱਜੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੰਚਕੂਲਾ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ 22 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ, ਜਦੋਂ ਕਿ ਇਸ ਜ਼ਿਲ੍ਹੇ ਦੇ 100 ਤੋਂ ਵੱਧ ਡੇਰਾ ਪ੍ਰੇਮੀਆਂ ਬਾਰੇ ਹਾਲੇ ਤਕ ਕੁਝ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਲਾਪਤਾ ਡੇਰਾ ਪੈਰੋਕਾਰਾਂ ਖ਼ਿਲਾਫ਼ ਕੇਸ ਦਰਜ ਨਾ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਪ੍ਰੇਮੀਆਂ ਬਾਰੇ ਹਸਪਤਾਲਾਂ ’ਚੋਂ ਵੀ ਕੁਝ ਪਤਾ ਨਹੀਂ ਲੱਗ ਰਿਹਾ।
ਫ਼ਰੀਦਕੋਟ ਦੇ ਵਸਨੀਕ ਰਾਜਵੀਰ ਨੇ ਖ਼ਦਸ਼ਾ ਜਤਾਇਆ ਹੈ ਕਿ ਪੁਲਿਸ ਦੇ ਅੰਕੜੇ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਚਕੂਲਾ ਵਿੱਚ ਪੁਲਿਸ ਦੀ ਗੋਲੀ ਨਾਲ ਸਿਰਫ 38 ਡੇਰਾ ਪ੍ਰੇਮੀ ਹੀ ਨਹੀਂ ਮਰੇ, ਬਲਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਏਬੀਪੀ ਦੀ ਖ਼ਬਰ ਅਨੁਸਾਰ ਫ਼ਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ ਤੇ ਫ਼ਾਜ਼ਿਲਕਾ ਦੇ 400 ਤੋਂ ਵੱਧ ਡੇਰਾ ਪ੍ਰੇਮੀ ਘਰਾਂ ਨੂੰ ਵਾਪਸ ਨਹੀਂ ਮੁੜੇ। ਜਦਕਿ ਪੁਲਿਸ ਅਧਿਕਾਰੀਆਂ ਨੇ ਡੇਰਾ ਪੈਰੋਕਾਰਾਂ ਦੇ ਲਾਪਤਾ ਹੋਣ ਬਾਰੇ ਤਰਕ ਦਿੱਤਾ ਹੈ ਕਿ ਬਹੁਤੇ ਡੇਰਾ ਪ੍ਰੇਮੀ ਗ੍ਰਿਫ਼ਤਾਰੀਆਂ ਤੋਂ ਡਰਦੇ ਰੂਪੋਸ਼ ਹਨ।
ਇਸ ਦੌਰਾਨ ਡੇਰਾ ਪ੍ਰੇਮੀਆਂ ਦਾ ਵਫ਼ਦ ਮਾਲਵੇ ਦੇ ਕੁਝ ਕਾਂਗਰਸੀ ਵਿਧਾਇਕਾਂ ਨੂੰ ਮਿਲਿਆ ਹੈ ਤੇ ਲਾਪਤਾ ਡੇਰਾ ਪੈਰੋਕਾਰਾਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਦੇ ਲਾਪਤਾ ਹੋਣ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੈਟਰੋਲ ਪੰਪ ਨੂੰ ਅੱਗ ਲਾਉਣ ਦੇ ਦੋਸ਼ ‘ਚ ਸੰਦੀਪ ਕੁਮਾਰ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਸੋਨੂੰ, ਗੁਰਤੇਜ ਸਿੰਘ ਤੇ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ 15 ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
Related Topics: CBI, CBI Court, Congress Government in Punjab 2017-2022, Dera Politics in Punjab, Dera Sauda Sirsa, Haryana Police, Panchkula violence, ram rahim rape case