ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ

ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ: ਕੌਮਾਂਤਰੀ ਅਤੇ ਖੇਤਰੀ ਸੰਭਾਵਨਾਵਾਂ ਉੱਤੇ ਇੱਕ ਨਜ਼ਰ

August 18, 2021 | By

ਪੂਰਬੀ ਏਸ਼ੀਆ, ਕੇਂਦਰੀ ਏਸ਼ੀਆ ਅਤੇ ਦੱਖਣੀ ਏਸ਼ੀਆ ਨਾਲ ਆਪਣੇ ਭੂ-ਰਣਨੀਤਕ ਸੰਪਰਕਾਂ ਕਰਕੇ ਅਫਗਾਨਿਸਤਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਅਸਰ ਇਸ ਦੀਆਂ ਰਾਜਸੀ ਰੱਦਾਂ ਤੋਂ ਪਾਰ ਤੱਕ ਹੁੰਦਾ ਹੈ। ਅਫਗਾਨਿਸਤਾਨ ਅਕਸਰ ਮਹਾਂ-ਸ਼ਕਤੀਆਂ (ਸੂਪਰ-ਪਾਵਰਾਂ) ਦਰਮਿਆਂਨ ਟਕਰਾਅ ਦਾ ਮੈਂਦਾਨ ਰਿਹਾ ਹੈ ਕਿਉਂਕਿ ਅਫਗਾਨਿਸਤਾਨ ਉੱਤੇ ਕਬਜ਼ੇ ਨਾਲ ਪੱਛਮੀ ਏਸ਼ੀਆ, ਕੇਂਦਰੀ ਏਸ਼ੀਆ ਅਤੇ ਦੱਖਣੀ ਏਸ਼ੀਆ ਤੱਕ ਰਸਾਈ ਮਿਲਦੀ ਹੈ।

ਖੇਤਰੀ ਨਕਸ਼ਾ

ਹਾਲਾਂਕਿ, ਅਫਗਾਨਿਸਤਾਨ ਉੱਤੇ ਹਮਲਾ ਕਰਨ ਨਾਲੋਂ ਇਸ ਨੂੰ ਕਾਬੂ ਹੇਠ ਰੱਖਣਾ ਕਿਤੇ ਵੱਧ ਔਖਾ ਹੈ। ਇਹ ਖਿੱਤਾ ਸਾਮਰਾਜਾਂ ਦਾ ਕਬਰਿਸਤਾਨ ਸਾਬਿਤ ਹੋਇਆ ਹੈ। ਹਾਲੀਆ ਇਤਿਹਾਸ ਵਿੱਚ ਸੰਸਾਰ ਦੀਆਂ ਦੋ ਕਹਿੰਦੀਆਂ ਕਹਾਉਂਦੀਆਂ ਮਹਾਂ-ਸ਼ਕਤੀਆਂ, ਪਹਿਲਾਂ ਨੂੰ ਸੋਵੀਅਤ ਰੂਸ ਅਤੇ ਹੁਣ ਅਮਰੀਕਾ, ਨੂੰ ਅਫਗਾਨਿਸਤਾਨ ਵਿੱਚੋਂ ਹੇਠੀ ਪੂਰਨ ਤਰੀਕੇ ਨਾਲ ਬਾਹਰ ਨਿੱਕਲਣਾ ਪਿਆ ਹੈ। ਅਮਰੀਕਾ ਅਫਗਾਨਿਸਤਾਨ ਵਿੱਚ ਆਪਣੀ ਕਠਪੁਤਲੀ, ਪਰ ਸਥਿਰ ਸਰਕਾਰ ਕਾਇਮ ਕਰਨ ਵਿੱਚ ਨਾਕਾਮ ਰਿਹਾ ਹੈ। ਇਸ ਵਿਦਾਇਗੀ ਨਾਲ ਅਮਰੀਕਾ ਦੀ 20 ਸਾਲਾਂ ਦੌਰਾਨ ਕਈ ਜਾਨਾਂ ਅਤੇ ਸਿਰਮਾਏ ਦੀ ਕੀਮਤ ਤਾਰ ਕੇ ਕੀਤੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ ਹਨ।

ਜਿਸ ਕਾਹਲ ਨਾਲ ਅਮਰੀਕਾ ਅਫਗਾਨਿਸਤਾਨ ਵਿੱਚੋਂ ਬਾਹਰ ਨਿੱਕਲਿਆ ਹੈ ਉਸ ਨਾਲ ਅਫਗਾਨਿਸਤਾਨ ਵਿੱਚ ਅਮਰੀਕੀ ਤਜ਼ਰਬੇ ਦਾ ਖੋਖਲਾਪਣ ਪੂਰੀ ਤਰ੍ਹਾਂ ਉਜਾਗਰ ਹੋ ਗਿਆ ਹੈ। ਤਾਲਿਾਬਨ ਮੁੜ ਅਫਗਾਨਿਸਤਾਨ ਵਿੱਚ ਸਿਆਸੀ ਹਕੀਕਤ ਹੈ। ਹਾਲਾਂਕਿ, ਜਿਸ ਨਾਟਕੀ ਢੰਗ ਨਾਲ ਤਾਲਿਬਾਨ ਨੇ ਅਫਗਾਨਿਸਤਾਨ ਦਾ ਕਬਜ਼ਾ ਲਿਆ ਹੈ ਉਸ ਤੋਂ ਤਾਲਿਬਾਨ-1 ਨੂੰ ਤਾਲਿਬਾਨ-2 ਦੇ ਰੂਪ ਨੂੰ ਇੱਕੋ ਜਿਹੇ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।

ਸਾਧਨਾਂ ਪੱਖੋਂ ਤਾਲਿਬਾਨ-2 ਪਿਛਲੀ ਵਾਰ ਨਾਲੋਂ ਬਿਹਤਰ ਸੰਪੰਨ ਹਨ। ਫੌਜੀ ਸਾਧਨਾਂ ਦੀ ਹੀ ਗੱਲ ਕਰੀਏ ਤਾਂ ਹੁਣ ਤਾਲਿਬਾਨਾਂ ਕੋਲ ਅਮਰੀਕਾ ਦੇ ਅਤਿ-ਆਧੁਨਿਕ ਹਥਿਆਰਾਂ ਦਾ ਕਬਜ਼ਾ ਹੈ। ਮਿਸਾਲ ਦੇ ਤੌਰ ਉੱਤੇ ਉਹਨਾਂ ਕੋਲ ਅਮਰੀਕਾ ਦੇ ਅਤਿ-ਆਧੁਨਿਕ ਬਲੈਕ ਹਾਕ ਹੈਲੀਕਪਟਰ ਹਨ, ਤੇ ਉਹ ਵੀ ਇੰਨੇ ਕਿ ਜਿੰਨੇ ਅਮਰੀਕਾ ਦੇ ਆਸਟ੍ਰੇਲੀਆ ਜਿਹੇ ਰਣਨੀਤਕ ਭਾਈਵਾਲਾਂ ਕੋਲ ਵੀ ਨਹੀਂ ਹਨ।

ਤਾਲਿਬਾਨ ਲੜਾਕੇ ਇੱਕ ਕਾਬੂ ਕੀਤੇ ਹੈਲੀਕਪਟਰ ਨਾਲ

ਦੁਨੀਆ ਦੇ ਦੋ ਸਭ ਤੋਂ ਤਾਕਤਵਰ ਮੁਲਕ, ਅਮਰੀਕਾ ਅਤੇ ਚੀਨ, ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ੇ ਦੀ ਪੈਂਤੜਾਗਤ ਤੌਰ ਉੱਤੇ ਮਦਦ ਕਰ ਰਹੇ ਹਨ। ਤਾਲਿਬਾਨ ਅਤੇ ਅਮਰੀਕਾ ਦਰਮਿਆਨ ਇਹ ਆਪਸੀ ਸਮਝ ਉਦੋਂ ਸ਼ੁਰੂ ਹੋਈ ਸੀ ਜਦੋਂ ਟਰੰਪ ਨੇ ਤਾਲਿਬਾਨ ਨਾਲ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜ ਬਾਹਰ ਕੱਢਣ ਬਾਬਤ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ। ਜੋਅ ਬਾਈਡਨ ਦੇ ਅਫਗਾਨਿਸਤਾਨ ਵਿੱਚੋਂ ਫੌਜ਼ ਬਾਹਰ ਕੱਢਣ ਦੇ ਫੈਸਲੇ ਨੇ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ।

ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ।

ਅਫਗਾਨਿਸਤਾਨ, ਚੀਨ ਅਤੇ ਪਾਕਿਸਤਾਨ ਦੇ ਝੰਡਿਆਂ ਦੀ ਇੱਕ ਤਸਵੀਰ

ਚੀਨ ਆਪਣੇ ‘ਬੈਲਟ ਐਂਡ ਰੋਡ’ ਉੱਦਮ ਨੂੰ ਅਫਗਾਨਿਸਤਾਨ ਤੱਕ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਨੂੰ ਪੱਛਮੀ ਏਸ਼ੀਆ ਤੱਕ ਜ਼ਮੀਨੀ ਲਾਂਘਾ ਮਿਲ ਜਾਵੇਗਾ। ਹਾਲਾਤ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਚੀਨ ਰੂਸ, ਪਾਕਿਸਤਾਨ ਅਤੇ ਈਰਾਨ ਦੀ ਤਿਕੱੜੀ ਰਾਹੀਂ ਕੰਮ ਕਰ ਰਿਹਾ ਹੈ। ਤੁਰਕੀ ਵੀ ਛੇਤੀ ਇਸ ਗੁੱਟ ਦਾ ਹਿੱਸਾ ਬਣ ਸਕਦਾ ਹੈ।

ਇਹਨਾਂ ਘਟਨਾਕ੍ਰਮਾਂ ਦਾ ਅਸਰ ਇਹ ਹੋਵੇਗਾ ਕਿ ਅਮਰੀਕਾ ਨੂੰ ਕਿ ਹੁਣ ਅਜਿਹੇ ਗੈਰ-ਭਰੋਸੇਯੋਗ ਸਹਿਯੋਗੀ ਦੇ ਤੌਰ ਉੱਤੇ ਵੇਖਿਆ ਜਾਵੇਗਾ ਜੋ ਕਿ ਆਪਣੇ ਥੋੜ੍ਹ-ਚਿਰੇ ਲਾਭ ਲਈ ਆਪਣੇ ਹੀ ਮਿੱਤਰਾਂ ਦੀ ਬਲੀ ਚੜ੍ਹਾ ਸਕਦਾ ਹੈ।ਉਹਨਾਂ ਕੁਰਦਾਂ ਨੂੰ ਸੀਰੀਆ ਅਤੇ ਇਰਾਨ ਵਿੱਚ ਝੱਡ ਦਿੱਤਾ। ਅਫਗਾਨਿਸਤਾਨ ਵੀ ਇਸੇ ਲੀਹ ਦਾ ਹੀ ਦਹੁਰਾਅ ਹੈ। ਇਸ ਦਾ ਲੰਮੇ ਸਮੇਂ ਵਿੱਚ ਅਸਰ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੀ ਹਾਜ਼ਰੀ ਦੇ ਖਾਤਮੇਂ ਦੇ ਰੂਪ ਵਿੱਚ ਹੋਵੇਗਾ ਜਿਸ ਦਾ ਫਾਇਦਾ ਰੂਸ, ਚੀਨ ਅਤੇ ਇਰਾਨ ਨੂੰ ਮਿਲੇਗਾ।

ਇਡੀਆ ਦੀ ਅਫਗਾਨਿਸਤਾਨ ਅਤੇ ਪੱਛਮੀ ਏਸ਼ੀਆ ਵਿੱਚ ਕੂਟਨੀਤਕ ਰਣਨੀਤੀ ਨੂੰ ਵੱਡਾ ਝਟਕਾ ਲੱਗਾ ਹੈ। ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਾਬਜ਼ ਹੋ ਜਾਣ ਨਾਲ ਇੰਡੀਆ ਦੀ ਅਫਗਾਨਿਸਤਾਨ ਵਿੱਚ ਪਾਕਿਸਤਾਨ ਵਿਰੋਧੀ ਹਕੂਮਤ ਲਿਆਉਣ ਦੀ ਰਣਨੀਤੀ ਨਾਕਾਮ ਹੋ ਗਈ ਹੈ। ਚਾਬਾਹਰ ਬੰਦਰਗਾਹ ਵਿੱਚ ਇੰਡੀਆ ਦਾ ਨਿਵੇਸ਼ ਦਾ ਸਿੱਟਾ ਵੀ ਸਿਫਰ ਹੋ ਗਿਆ ਹੈ।

ਅਫਗਾਨਿਸਤਾਨ ਦੇ ਫਰਾਰ ਹੋ ਚੁੱਕੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਾਨੀ ਨਾਲ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਪੁਰਾਣੀ ਤਸਵੀਰ

ਇਸ ਤੋਂ ਇਲਾਵਾ ਸਾਊਦੀ ਅਗਵਾਈ ਵਾਲੀ ਅਰਬ ਲੀਗ ਰਾਹੀਂ ਪੱਛਮੀ ਏਸ਼ੀਆ ਵਿੱਚ ਆਪਣੀ ਹਾਜ਼ਰੀ ਬਣਾਈ ਰੱਖਣ ਦੀ ਇੰਡੀਆ ਦੀ ਕੋਸ਼ਿਸ਼ ਵੀ ਚੌਰਾਹੇ ਉੱਤੇ ਆ ਗਈ ਹੈ। ਸਾਊਦੀ ਅਰਬ ਵੱਲ ਇੰਡੀਆ ਦੀ ਨੀਤੀ ਦਰਅਸਲ ਅਮਰੀਕੀ ਨੀਤੀ ਦੀ ਹੀ ਨਕਲ ਸੀ ਹੋ ਕਿ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੀ ਤਾਕਤ ਘਟਣ ਦੇ ਮੱਦੇਨਜ਼ਰ ਹੁਣ ਕਾਇਮ ਨਹੀਂ ਰਹਿ ਸਕੇਗੀ। ਸਾਊਦੀ ਅਰਬ ਅਤੇ ਯੂ.ਏ.ਈ. ਨੇ ਪਹਿਲਾਂ ਹੀ ਈਰਾਨ ਨਾਲ ਬੈਕ-ਚੈਨਲ ਸੰਪਰਕ ਕਾਇਮ ਕਰ ਲਏ ਹਨ।

ਇਸ ਤੋਂ ਇਲਾਵਾ, ਜੇਕਰ ਨੇੜੇ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਦਾ ਕਸ਼ਮੀਰ ਵਿੱਚ ਇੰਡੀਆ ਦੀ ਫੌਜੀ ਸਰਗਰਮੀ ਉੱਤੇ ਚਣੌਤੀਪੂਰਨ ਅਸਰ ਪਵੇਗਾ।

ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ੇ ਨਾਲ ਅਫਗਾਨਿਸਤਾਨ ਦੇ ਅੰਦਰੂਨੀ ਹਾਲਾਤ, ਖਾਸ ਕਰਕੇ ਧਾਰਮਿਕ ਅਤੇ ਨਸਲੀ ਘੱਟਗਿਣਤੀਆਂ, ਬੀਬੀਆਂ ਅਤੇ ਬੱਚਿਆਂ ਦੇ ਹੱਕਾਂ ਉੱਤੇ ਡਾਹਡਾ ਅਸਰ ਪਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,