ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਸ਼ਨੀਵਾਰ 22 ਅਪ੍ਰੈਲ, 2017 ਨੂੰ ਰਾਜ ਸਿੰਘ ਸਹਿਣਾ ਅਤੇ ਮਨਜਿੰਦਰ ਸਿੰਘ ਹੁਸੈਨਪੁਰ ਨੂੰ ਰਾਜ ਸਿੰਘ ਦੇ ਘਰੋਂ ਸਵੇਰੇ 5 ਵਜੇ ਚੁੱਕ ਲਿਆ ਸੀ। ਰਾਜ ਸਿੰਘ ਨੂੰ ਤਾਂ ਐਤਵਾਰ ਸ਼ਾਮ ਨੂੰ ਛੱਡ ਦਿੱਤਾ ਗਿਆ ਪਰ ਮਨਜਿੰਦਰ ਸਿੰਘ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮਨਜਿੰਦਰ ਸਿੰਘ ਨੂੰ ਅੱਜ (ਸੋਮਵਾਰ) ਸਥਾਨਕ ਅਦਾਲਤ ‘ਚ ਪੇਸ਼ ਕੀਤਾ।
ਐਡਵੋਕੇਟ ਮੰਝਪੁਰ ਨੇ ਜਾਣਕਾਰੀ ਦਿੱਤੀ ਕਿ ਬਸਤੀ ਜੋਧੇਵਾਲ ਦੀ ਪੁਲਿਸ ਨੇ ਐਫ.ਆਈ.ਆਰ. ਨੰ: 125 ਮਿਤੀ 23/04/17 ਨੂੰ ਇਹ ਮੁਕੱਦਮਾ ਦਰਜ ਕੀਤਾ ਹੈ। ਮਨਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਹੁਸੈਨਪੁਰਾ, ਪਟਿਆਲਾ ‘ਤੇ ਅਸਲਾ ਐਕਟ ਦੀ ਧਾਰਾ 25 ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 10, 11, 13 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਨੂੰ ਜੇ.ਐਮ.ਆਈ.ਸੀ. ਡਾ. ਸੁਸ਼ੀਲ ਬੋਧ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਮਨਜਿੰਦਰ ਸਿੰਘ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਸਬੰਧਤ ਖ਼ਬਰ:
ਲੁਧਿਆਣਾ ਪੁਲਿਸ ਵਲੋਂ ਚੁੱਕੇ ਦੋ ਸਿੱਖਾਂ ਦਾ ਹਾਲੇ ਤਕ ਕੋਈ ਪਤਾ ਨਹੀਂ, ਵਕੀਲ ਨੇ ਹਾਈਕੋਰਟ ਨੂੰ ਕੀਤੀ ਈ-ਮੇਲ …
ਐਡਵੋਕੇਟ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਮਨਜਿੰਦਰ ਸਿੰਘ ‘ਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨਜਿੰਦਰ ਸਿੰਘ ਅਤੇ ਰਾਜ ਸਿੰਘ ਨੂੰ ਰਾਜ ਸਿੰਘ ਦੇ ਘਰੋਂ ਸ਼ਨੀਵਾਰ ਸਵੇਰੇ ਪੁਲਿਸ ਨੇ ਚੁੱਕਿਆ। ਐਵੋਕੇਟ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਮਨਜਿੰਦਰ ਸਿੰਘ ਅਤੇ ਰਾਜ ਸਿੰਘ ਦੀ ਗ਼ੈਰ-ਕਾਨੂੰਨੀ ਹਿਰਾਸਤ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਈ-ਮੇਲ ਵੀ ਕੀਤੀ ਗਈ। ਜੱਜ ਨੇ ਜਾਣਕਾਰੀ ਨੋਟ ਕਰ ਲਈ ਪਰ ਮਨਜਿੰਦਰ ਸਿੰਘ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪੁਲਿਸ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Of Two Arrested Sikhs; One Released, Other Framed in UAPA Case by Ludhiana Police …