August 1, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸੋਮਵਾਰ (31 ਜੁਲਾਈ) ਨੂੰ ਚੇਅਰਮੈਨ ਸਿਰੀਰਾਮ ਅਰਸ਼ ਦੀ ਅਗਵਾਈ ਹੇਠ ਚੰਡੀਗੜ੍ਹ ਪੰਜਾਬੀ ਮੰਚ ਦੀ ਕਾਰਜਕਾਰਨੀ ਦੀ ਬੈਠਕ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਪੰਜਾਬੀ ਪ੍ਰਤੀ ਦਿਖਾਈ ਬੇਰੁਖ਼ੀ ਖ਼ਿਲਾਫ਼ ਨਿੰਦਾ ਦਾ ਮਤਾ ਪਾਸ ਕਰਦਿਆ ਮੰਚ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬੀ ਦੀ ਬਹਾਲੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਮੰਚ ਦੇ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਵਿੱਚ ਆਈ ਚਿੱਠੀ ਦਾ ਜਵਾਬ ਪੰਜਾਬੀ ਵਿੱਚ ਦੇਣਾ ਅਤੇ ਸਾਈਨ ਬੋਰਡਾਂ ’ਤੇ ਪੰਜਾਬੀ ਅੰਕਿਤ ਕਰਨਾ ਮਹਿਜ਼ ਭਰਮਾਉਣ ਵਾਲੀਆਂ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਇਕੋ-ਇਕ ਮੰਗ ਪੰਜਾਬੀ ਨੂੰ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਬਣਾਉਣਾ ਹੈ। ਇਸ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੈ।
ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਪੰਜਾਬੀ ਪ੍ਰਤੀ ਦਿਖਾਈ ਬੇਰੁਖ਼ੀ ਦਾ ਏਜੰਡਾ ਰੱਖਿਆ। ਇਸ ਤੋਂ ਇਲਾਵਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਵੱਲੋਂ ਆਪੋ-ਆਪਣੇ ਢੰਗ ਨਾਲ ਪੰਜਾਬੀ ਦੇ ਹੱਕ ਵਿੱਚ ਬੋਲਣ ਦੀ ਕਾਰਗੁਜ਼ਾਰੀ ਵੀ ਮੰਚ ਸਾਹਮਣੇ ਰੱਖੀ ਗਈ। ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਡੇ ਹਰ ਇਕ ਅਹੁਦੇਦਾਰ ਤੋਂ ਲੈ ਕੇ ਮੈਂਬਰ ਤੱਕ ਸਭ ਜਰਨੈਲ ਬਣ ਕੇ ਇਹ ਲੜਾਈ ਲੜਨਗੇ। ਮੀਟਿੰਗ ਵਿੱਚ ਤੈਅ ਕੀਤਾ ਗਿਆ 1 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਘਿਰਾਓ ਕਰਨ ਤੋਂ ਪਹਿਲਾਂ ਸੈਕਟਰ 17 ਵਿੱਚ ਰੈਲੀ ਕੀਤੀ ਜਾਵੇਗੀ।
ਸਬੰਧਤ ਖ਼ਬਰ:
‘ਹਰ’ ਭਾਸ਼ਾ ਸਿੱਖਣੀ ਮੁਸ਼ਕਲ, ਇਸ ਲਈ ਚੰਡੀਗੜ੍ਹ ‘ਚ ਪੰਜਾਬੀ ਲਾਗੂ ਨਹੀਂ ਕੀਤੀ ਜਾ ਸਕਦੀ: ਰਾਜਨਾਥ ਸਿੰਘ …
ਫਿਰ ਇਥੋਂ ਮਾਰਚ ਕਰਦਿਆਂ ਰਾਜ ਭਵਨ ਦਾ ਘਿਰਾਓ ਕੀਤਾ ਜਾਵੇਗਾ। ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ 1 ਨਵੰਬਰ ਦੇ ਘਿਰਾਓ ਨੂੰ ਸਫਲ ਬਣਾਉਣ ਲਈ ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਬੰਧਤ ਸਭਾਵਾਂ, ਟਰੇਡ ਯੂਨੀਅਨਾਂ ਅਤੇ ਹੋਰ ਪੰਜਾਬੀ ਪ੍ਰੇਮੀ ਸੰਗਠਨਾਂ ਨੇ ਪ੍ਰੋਗਰਾਮ ਉਲੀਕ ਲਏ ਹਨ। ਇਸ ਮੌਕੇ ਬੈਠਕ ਵਿੱਚ ਪੇਂਡੂ ਸੰਘਰਸ਼ ਕਮੇਟੀ ਵੱਲੋਂ ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਗੁਰਦੁਆਰਾ ਪ੍ਰਬੰਧਕ ਸੰਗਠਨਾਂ ਵੱਲੋਂ ਚੇਅਰਮੈਨ ਅਜੈਬ ਸਿੰਘ, ਰਘਬੀਰ ਸਿੰਘ ਰਾਮਪੁਰ, ਜਥੇਦਾਰ ਤਾਰਾ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਮ ਸਿੰਘ, ਬਲਕਾਰ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਗੁਰਪ੍ਰੀਤ ਸਿੰਘ ਸੋਮਲ ਅਤੇ ਮੰਚ ਦੇ ਸਕੱਤਰ ਦੀਪਕ ਚਨਾਰਥਲ ਮੌਜੂਦ ਸਨ।
ਸਬੰਧਤ ਖ਼ਬਰ:
ਪੰਜਾਬੀ ਭਾਸ਼ਾ ਦੇ ਹੱਕ ‘ਚ ਆਵਾਜ਼ ਚੁੱਕਣ ਵਾਲਾ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫ਼ਤਾਰ …
Related Topics: Chandigarh, Chandigarh Punjab Journalists association, Punjabi Language in Chandigarh, Sikhs in Chandigarh