March 20, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤ ਦੀ ਕੌਮੀ ਜਾਂਚ ਅਜੈਂਸੀ (ਐਨ.ਆਈ.ਏ) ਨੇ ਅੱਜ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੋਹਾਲੀ ਸਥਿਤ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ। ਐਨ.ਆਈ.ਏ ਵਲੋਂ ਕਿਦਵਾਈ ਨਗਰ ਸਥਿਤ ਹਿੰਦੂਤਵੀ ਜਥੇਬੰਦੀ ਆਰ.ਐਸ.ਐਸ ਦੀ ਸ਼ਾਖਾ ਉੱਤੇ ਹੋਈ ਗੋਲੀਬਾਰੀ ਦੇ ਕੇਸ ਵਿਚ ਭਾਈ ਮਿੰਟੂ ਦਾ ਪੁਲਿਸ ਰਿਮਾਂਡ ਮੰਗਿਆ ਗਿਆ।
ਇਸ ਸਬੰਧੀ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦਿਆਂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਜ ਅੰਸ਼ੁਲ ਬੈਰੀ ਦੀ ਅਦਾਲਤ ਵਿਚ ਹੋਈ ਅੱਜ ਦੀ ਸੁਣਵਾਈ ਦੌਰਾਨ ਐਨ.ਆਈ.ਏ ਵਲੋਂ ਹਰਮਿੰਦਰ ਸਿੰਘ ਮਿੰਟੂ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਜਸਪਾਲ ਸਿੰਘ ਮੰਝਪੁਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਈ.ਏ ਹਰਮਿੰਦਰ ਸਿੰਘ ਮਿੰਟੂ ਨੂੰ ਪੁੱਛਗਿੱਛ ਲਈ ਦਿੱਲੀ ਲੈ ਗਈ ਹੈ। ਇਸ ਕੇਸ ਦੀ ਅਗਲੀ ਪੇਸ਼ੀ 23 ਮਾਰਚ ਨੂੰ ਹੋਵੇਗੀ।
Related Topics: Bhai Harminder Singh Mintu, NIA, RSS