December 18, 2015 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (17 ਦਸੰਬਰ, 2015): ਸਿੱਖ ਪਛਾਣ ਸਬੰਧੀ ਜਾਗਰੂਕਤਾ ਫੈਲਾਉਣ ਦੇ ਸਿੱਖਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਸਿੱਖ ਪਛਾਣ ਸਬੰਧੀ ਪੈਦਾ ਹੋਏ ਭੁਲੇਖਿਆਂ ਕਰਕੇ ਸਿੱਖਾਂ ਨੂੰ ਸੰਸਾਰ ਭਰ ਵਿੱਚ ਨਸਲੀ ਵਿਤਕਰੇ, ਨਸਲੀ ਟਿੱਪਣੀਆਂ ਅਤੇ ਨਸਲੀ ਹਮਲ਼ਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਸਿੱਖਾਂ ‘ਤੇ ਸਿੱਖ ਪਛਾਣ ਦੇ ਭੁਲੇਖੇ ਕਾਰਣ ਨਸਲੀ ਟਿੱਪਣੀ ਦੇ ਇੱਕ ਤਾਜ਼ਾ ਮਾਮਲੇ ਵਿੱਚ ਅਮਰੀਕਾ ਵਿਚ ਜਹਾਜ਼ ਵਿਚ ਸਫਰ ਕਰਦੇ ਸਮੇਂ ਸੌ ਰਹੇ ਇਕ ਬਜ਼ੁਰਗ ਸਿੱਖ ਦੀ ਨਾਲ ਦੀ ਸੀਟ ‘ਤੇ ਬੈਠੇ ਇਕ ਯਾਤਰੀ ਨੇ ਵੀਡੀਓ ਫਿਲਮ ਬਣਾ ਕੇ ਇਸ ਸਿਰਲੇਖ ਨਾਲ ਯੂ ਟਿਊਬ ‘ਤੇ ਪਾ ਦਿੱਤੀ ਕਿ ਕੀ ਤੁਸੀਂ ਬਿਨ ਲਾਦੇਨ ਨਾਲ ਸਫਰ ਕਰਦੇ ਸੁਰੱਖਿਅਤ ਹੋ ।
ਸਿੱਖਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਗਰੁੱਪ ਯੂਨਾਈਟਡ ਸਿੱਖਸ ਨੇ ਦੱਸਿਆ ਕਿ ਦਰਸ਼ਨ ਸਿੰਘ ਨਾਂਅ ਦਾ ਸਿੱਖ ਜਿਹੜਾ ਨਵੰਬਰ ਮਹੀਨੇ ਨਿਊਯਾਰਕ ਤੋਂ ਕੈਲੇਫੋਰਨੀਆ ਨੂੰ ਜੈੱਟਬਲਿਊ ਉਡਾਨ ਰਾਹੀਂ ਜਾ ਰਿਹਾ ਸੀ, ਦੀ ਨਾਲ ਲਗਦੀ ਸੀਟ ‘ਤੇ ਬੈਠੇ ਵਿਅਕਤੀ ਨਾਲ ਕੋਈ ਗੱਲਬਾਤ ਤਾਂ ਨਹੀਂ ਹੋਈ ਪਰ ਉਸ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਸ ਨੇ ਆਨਲਾਈਨ ਆਪਣਾ ਵੀਡੀਓ ਦੇਖਿਆ । 9 ਦਸੰਬਰ ਨੂੰ ਜਿਸ ਦਿਨ ਤੋਂ ਇਹ ਵੀਡੀਓ ਯੂ ਟਿਊਬ ‘ਤੇ ਪਾਇਆ ਗਿਆ ਹੈ ਉਸ ਦਿਨ ਤੋਂ ਕੈਲੀਫੋਰਨੀਆ ਵਾਸੀ ਦਰਸ਼ਨ ਸਿੰਘ ਦਾ 39 ਸੈਕਿੰਡ ਦਾ ਵੀਡੀਓ 83000 ਵਾਰ ਦੇਖਿਆ ਜਾ ਚੁੱਕਾ ਹੈ ।
ਯੂਨਾਈਟਡ ਸਿੱਖਸ ਦੇ ਡਾਇਰੈਕਟਰ ਮਨਵਿੰਦਰ ਸਿੰਘ ਨੇ ਦੱਸਿਆ ਕਿ ਸਿੰਘ ਦੀ 20 ਸਾਲਾ ਪੁੱਤਰੀ ਨੇ ਗਰੁੱਪ ਨੂੰ ਦੱਸਿਆ ਕਿ ਜੈੱਟ ਬਲਿਊ ਉਡਾਨ ‘ਤੇ ਸੌਾ ਰਹੇ ਉਸ ਦੇ ਪਿਤਾ ਦਾ ਵੀਡੀਓ ਉਨ੍ਹਾਂ ਦੀ ਨਾਲ ਲਗਦੀ ਸੀਟ ‘ਤੇ ਬੈਠੇ ਵਿਅਕਤੀ ਨੇ ਬਣਾ ਲਿਆ ਅਤੇ ਉਸ ਨੂੰ ਇੰਟਰਨੈੱਟ ‘ਤੇ ਪਾ ਦਿੱਤਾ ।
ਉਨ੍ਹਾਂ ਦੱਸਿਆ ਕਿ 2 ਦਸੰਬਰ ਨੂੰ ਕੈਲੀਫੋਰਨੀਆ ਦੇ ਸ਼ਹਿਰ ਸੈਨ ਬਰਨਾਰਡੀਨੋ ਵਿਚ ਵਾਪਰੀ ਭਿਆਨਕ ਗੋਲੀਬਾਰੀ ਦੀ ਘਟਨਾ ਪਿੱਛੋਂ ਸਿੱਖਾਂ ਖਿਲਾਫ ਗਲਤਫਹਿਮੀ ਦੀਆਂ ਵਾਪਰੀਆਂ ਲੜੀਵਾਰ ਘਟਨਾਵਾਂ ਵਿਚੋਂ ਇਹ ਸਭ ਤੋਂ ਤਾਜ਼ਾ ਹੈ ।
6 ਦਸੰਬਰ ਨੂੰ ਇਕ ਗੁਰਦੁਆਰੇ ‘ਤੇ ਆਈ. ਐਸ. ਆਈ. ਐਸ. ਵਿਰੋਧੀ ਨਾਅਰੇ ਲਿਖ ਕੇ ਹਮਲਾ ਕੀਤਾ ਗਿਆ ।ਉਸੇ ਦਿਨ ਚਾਰ ਸਿੱਖ ਨੌਜਵਾਨਾਂ ਨੂੰ ਫੁੱਟਬਾਲ ਸਟੇਡੀਅਮ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ ।ਇਸ ਵੀਡੀਓ ‘ਤੇ ਸੈਂਕੜੇ ਲੋਕਾਂ ਨੇ ਟਿੱਪਣੀ ਕੀਤੀ ਹੈ ਜਿਨ੍ਹਾਂ ਚੋਂ ਬਹੁਤਿਆਂ ਨੇ ਉਸ ਵਿਅਕਤੀ ਦੀ ਨਿਖੇਧੀ ਕੀਤੀ ਹੈ ਜਿਸ ਨੇ ਇਹ ਫਿਲਮ ਬਣਾਈ ਸੀ ।ਸਿੱਖ ਗਰੁੱਪ ਯੂ ਟਿਊਬ ਤੋਂ ਵੀਡੀਓ ਨੂੰ ਹਟਾਉਣ ਦਾ ਯਤਨ ਕਰ ਰਿਹਾ ਹੈ ।
Related Topics: Racial Attacks, Racial Attacks on Sikhs, Sikh Identity, Sikhs in America