February 9, 2022 | By ਸਿੱਖ ਸਿਆਸਤ ਬਿਊਰੋ
ਸ੍ਰੀ ਅਨੰਦਪੁਰ ਸਾਹਿਬ/ਪਟਿਆਲਾ: ਬਿਬੇਕਗੜ੍ਹ ਪ੍ਰਕਾਸ਼ਨ ਦੀ ਵਲੋਂ ਨਵੀਂ ਕਿਤਾਬ “ਬੇਅਦਬੀ ਦੀਆਂ ਘਟਨਾਵਾਂ ’ਤੇ ਨਿਆਂਕਾਰ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ” ਸਿਰਲੇਖ ਹੇਠ ‘ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਅਤੇ ਮੱਲਕੇ ਵਿਚ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਪੁਿਲਸ ਵੱਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ ਬਾਰੇ ਨਿਆਂਕਾਰ ਰਣਜੀਤ ਸਿੰਘ ਦੇ ਲੇਖੇ’ ਦਾ ਪੰਜਾਬੀ ਉਲੱਥਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਕਿਤਾਬ ਹੁਣ ਛਪ ਕੇ ਆ ਚੁੱਕੀ ਹੈ ਅਤੇ ਪੰਜਾਬ ਤੇ ਇੰਡੀਆ ਸਮੇਤ ਦੁਨੀਆ ਭਰ ਵਿਚ ਰਹਿੰਦੇ ਪਾਠਕ ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਸਿੱਖ ਸਿਆਸਤ ਰਾਹੀਂ ਮੰਗਵਾ ਸਕਦੇ ਹਨ।
ਬੇਅਦਬੀ ਮਾਮਲਿਆਂ ਬਾਰੇ ਨਿਆਂਕਾਰ ਰਣਜੀਤ ਸਿੰਘ ਵਲੋਂ ਕੀਤੀ ਗਈ ਜਾਂਚ ਦਾ ਲੇਖਾ ਅੰਗਰੇਜ਼ੀ ਵਿਚ ਸੀ ਅਤੇ ਇਸ ਦੀ ਨਕਲ ਵਿਧਾਨ ਸਭਾ ਕੋਲ ਹੀ ਸੀ ਤੇ ਆਮ ਨਹੀਂ ਸੀ ਮਿਲਦੀ ਜਿਸ ਕਾਰਨ ਜਾਂਚ ਲੇਖੇ ਵਿਚਲੇ ਵੇਰਿਵਆਂ ਨੂੰ ਜਾਨਣ ਦੇ ਚਾਹਵਾਨ ਵੀ ਇਹਨਾ ਤੱਕ ਰਸਾਈ ਹਾਸਲ ਕਰਨ ਤੋਂ ਵਾਞੇ ਸਨ। ਪਰ ਹੁਣ ਇਹ ਦੋਵੇਂ ਦਿੱਕਤਾਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਦੂਰ ਕਰ ਦਿੱਤੀਆਂ ਗਈਆਂ ਹਨ। ਜਾਂਚ ਲੇਖੇ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ ਕਰਕੇ ਕਿਤਾਬ ਰੂਪ ਵਿਚ ਛਾਪ ਦਿੱਤਾ ਗਿਆ ਹੈ, ਜਿਸ ਨਾਲ ਨਾ ਸਿਰਫ ਇਹਨਾ ਵੇਰਿਵਆਂ ਤੱਕ ਚਾਹਵਾਨ ਪਾਠਕਾਂ ਦੀ ਰਸਾਈ ਸੁਖਾਲੀ ਹੋ ਗਈ ਹੈ ਬਲਕਿ ਹੁਣ ਇਹ ਵੇਰਵੇ ਮਾਂ-ਬੋਲੀ ਪੰਜਾਬੀ ਵਿਚ ਵੀ ਪੜ੍ਹੇ ਜਾ ਸਕਣਗੇ। ਇਹ ਉਲੱਥਾ ਇੰਗਲੈਂਡ ਨਿਵਾਸੀ ਪੰਥ ਸੇਵਕ ਜਥੇ. ਮਹਿੰਦਰ ਸਿੰਘ ਖਹਿਰ ਤੇ ਉਹਨਾ ਦੇ ਸਾਥੀਆਂ ਵਲੋਂ ਸ. ਗੁਰਵਿੰਦਰ ਸਿੰਘ ਹੋਰਾਂ ਕੋਲੋਂ ਕਰਾਇਆ ਗਿਆ ਹੈ। ਬਿਬੇਕਗੜ੍ਹ ਪ੍ਰਕਾਸ਼ਨ ਨੇ ਬਤੌਰ ਪ੍ਰਕਾਸ਼ਕ ਪੰਜਾਬੀ ਉਲੱਥੇ ਦੇ ਮਿਆਰ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ‘ਲੇਖਾ ਕਾਨੂੰਨੀ ਵਿਸ਼ੇ ਨਾਲ ਸਬੰਧਤ ਹੋਣ ਕਰਕੇ ਇਸ ਦਾ ਪੰਜਾਬੀ ਉਲੱਥਾ ਕਰਨਾ ਸੁਖਾਲਾ ਕਾਰਜ ਨਹੀਂ ਸੀ। ਪ੍ਰਕਾਸ਼ਕ ਵਜੋਂ ਸਾਨੂੰ ਇਸ ਉਲੱਥੇ ਦੇ ਮਿਆਰ ਬਾਰੇ ਤਸੱਲੀ ਹੈ ਕਿ ਉਲੱਥਾਕਾਰ ਨੇ ਮੂਲ ਲਿਖਤ ਦੇ ਚੌਖਟੇ ਨੂੰ ਹਰ ਸੰਭਵ ਤਰੀਕੇ ਨਾਲ ਬਰਕਰਾਰ ਰੱਖਦਿਆਂ ਕਹੀ ਜਾ ਰਹੀ ਗੱਲ ਦੇ ਭਾਵ ਨੂੰ ਮਾਂ-ਬੋਲੀ ਪੰਜਾਬੀ ਵਿਚ ਬਿਆਨ ਕਰਨ ਦਾ ਹਰ ਮੁਮਕਿਨ ਯਤਨ ਕੀਤਾ ਹੈ’।
ਇਸ ਕਿਤਾਬ ਦੇ ਪਿਛਲੇ ਸਰਵਰਕ ਉੱਤੇ ਦਰਜ਼ ਕੀਤਾ ਗਿਆ ਹੈ ਕਿ “1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਅਧੀਨ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਸਿੱਖ ਮਾਮਲਿਆਂ ਬਾਰੇ ਸ਼ੁਰੂ ਤੋਂ ਹੁਣ ਤੱਕ ਅਨੇਕਾਂ ਜਾਂਚਕਾਰ ਤੇ ਪੜਤਾਲੀਏ (ਜਾਂਚ ਕਮਿਸ਼ਨ) ਥਾਪੇ ਗਏ ਪਰ ਬਹੁਤ ਥੋਹੜੇ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਕਿ ਪੇਸ਼ ਹੋਏ ਵੇਰਵੇ ਲੋਕਾਂ ਸਾਹਮਣੇ ਆਏ ਹੋਣ। ਅੱਗੋਂ ਅਜਿਹੇ ਵੇਰਵਿਆਂ ਦੇ ਅਧਾਰ ਉਤੇ ਕੋਈ ਅਮਲੀ ਕਾਰਵਾਈ ਹੋਈ ਹੋਵੇ ਇਹ ਹੋਰ ਵੀ ਘੱਟ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅਜਿਹਾ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਸਾਬਕਾ ਸੁਬਾਈ ਨਿਆਂਕਾਰ ਸ. ਰਣਜੀਤ ਸਿੰਘ ਨੂੰ ਇਕਹਿਰੇ ਜਾਂਚਾਕਰ ਵਜੋਂ ਬੇਅਦਬੀ ਮਾਮਲਿਆਂ ਅਤੇ ਸਾਕਾ ਕੋਟਕਪੂਰਾ ਤੇ ਸਾਕਾ ਬਹਿਬਲ ਕਲਾਂ ਦੀ ਜਾਂਚ ਦਾ ਕਾਰਜ ਸੌਂਪਿਆ। ਜ. ਰਣਜੀਤ ਸਿੰਘ ਨੇ ਜਾਂਚ ਪੂਰੀ ਕਰਕੇ ਪੰਜਾਬ ਸਰਕਾਰ ਨੂੰ ਸੌਂਪੀ ਤੇ ਸਰਕਾਰ ਉਹਨਾਂ ਵਲੋਂ ਕੀਤੀ ਜਾਂਚ ਨੂੰ ਵਿਧਾਨ ਸਭਾ ਵਿਚ ਪੇਸ਼ ਕਰਕੇ ਜਨਤਕ ਵੀ ਕੀਤਾ।
ਇਹ ਵਡ ਅਕਾਰੀ ਜਾਂਚ ਜੋ ਮੂਲ ਰੂਪ ਵਿਚ ਅੰਗਰੇਜੀ ਵਿਚ ਹੈ, ਕਈ ਅਜਿਹੇ ਨੁਕਤਿਆਂ ਨੂੰ ਦੁਨੀਆ ਸਾਹਮਣੇ ਜੋ ਭਾਵੇਂ ਕਿ ਪੰਜਾਬ ਵਿਚ ਸਿੱਖ ਭਾਵਨਾਵਾਲੇ ਲੋਕਾਂ ਨੂੰ ਆਮ ਹੀ ਪਤਾ ਸਨ ਪਰ ਜਾਂਚ ਲੇਖੇ ਵਿਚ ਇਹਨਾ ਗੱਲਾਂ ਨੂੰ ਸਬੂਤਾਂ, ਗਵਾਹੀਆਂ ਅਤੇ ਦਲੀਆਂ ਦੇ ਹਵਾਲੇ ਨਾਲ ਵਿਧੀਵਤ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਇਹ ਜਾਂਚ ਸਿੱਧ ਕਰਦੀ ਹੈ ਕਿ ਕਿਸੇ ਸਮਾਜ ਵਿਚ ਪੁਲਸ ਪਹਿਲਾ ਅਤੇ ਅਹਿਮ ਰਾਖੀ ਅਤੇ ਪੜਤਾਲੀਆ ਅਦਾਰਾ ਹੁੰਦੀ ਹੈ ਜਿਥੇ ਪੁਲਸ ਰਾਖੀ ਕਰਨ ਅਤੇ ਪੜਤਾਲ ਕਰਨ ਦੇ ਮੂਲ ਨੁਕਤਿਆਂ ਨੂੰ ਸਮਝਦੀ ਨਹੀਂ ਜਾਂ ਅਣਦੇਖਿਆ ਕਰਦੀ ਹੈ ਉਥੇ ਦੁਖਦਾਇਕ ਘਟਨਾਵਾਂ ਦਾ ਵਾਪਰਣਾ ਲਾਜ਼ਮੀ ਹੈ।
ਪੰਜਾਬ ਪੁਲਸ ਦੇ ਵੱਡੇ ਅਹੁਦੇਦਾਰਾਂ ਦੇ ਅਮਲਾਂ ਅਤੇ ਬਿਆਨਾਂ ਨੂੰ ਅਧਾਰ ਬਣਾ ਕੇ ਇਹ ਜਾਂਚ ਸਿੱਧ ਕਰਦੀ ਹੈ ਕਿ ਪੰਜਾਬ ਪੁਲਸ ਸਿੱਖ ਮਸਲਿਆਂ ਪ੍ਰਤੀ ਰਾਜਸੀ ਕਾਰਣਾਂ ਅਤੇ ਨਿੱਜੀ ਅਯੋਗਤਾ ਕਰਕੇ ਪੱਖਪਾਤੀ ਹੈ।
ਇਹ ਜਾਂਚ ਰਾਜਸੀ ਅਗਵਾਈ ਦੇ ਕਮਜੋਰ ਇਰਾਦਿਆਂ ਅਤੇ ਅਗਿਆਨਤਾ ਉਤੇ ਵੀ ਚਾਨਣਾ ਪਾਉਂਦੀ ਹੈ।
ਜਦੋਂ ਇਹ ਜਾਂਚ ਸ਼ੁਰੂ ਹੋਈ ਓਦੋਂ ਤੱਕ ਕਈ ਮਾਮਲੇ ਅਦਾਲਤਾਂ ਵਿਚ ਚਲੇ ਗਏ ਸਨ ਜਿਸ ਕਰਕੇ ਇਹ ਜਾਂਚਕਾਰ ਓਹਨਾਂ ਮਾਮਲਿਆਂ ਵਿਚ ਪੁਲਸ ਤੋਂ ਵੱਖਰੀ ਖੋਜ ਕਰਨ ਜਾਂ ਜਿਹੜੇ ਮਾਮਲਿਆਂ ਵਿਚ ਅਦਾਲਤੀ ਫੈਸਲੋ ਆ ਗਏ ਸਨ ਉਹਨਾਂ ਬਾਰੇ ਕੁਝ ਕਹਿਣ ਤੋਂ ਸੰਕੋਚ ਕਰਦਾ ਹੈ।
ਇਹ ਜਾਂਚ ਬੇਅਦਬੀ ਵਿਚ ਡੇਰੇ ਸਿਰਸੇ ਦੀ ਭਾਗੀਦਾਰੀ ਦੀ ਚਰਚਾ ਕਰਦੀ ਹੈ ਪਰ ਇਸ ਤੋਂ ਵੱਖਰੇ ਕਿਸੇ ਹੋਰ ਨੁਕਤੇ ਨੂੰ ਨਹੀਂ ਛੋਹਦੀ ਜਿਸ ਬਾਰੇ ਸਿੱਖਾਂ ਵਿਚ ਇਕ ਰਾਇ ਬਣੀ ਹੋਈ ਹੈ ਕਿ ਓਦੋਂ ਪਿਛੇ ਵੀ ਕੋਈ ਹੋਰ ਹੈ। ਇਹ ਜਾਂਚ ਸ਼ੇਅਦਬੀ ਦੇ ਵਕਤੀ ਪਸੰਗ ਨੂੰ ਹੀ ਧਿਆਨ ਵਿਚ ਰੱਖਦੀ ਹੈ।
ਇਹ ਜਾਂਚ ਦਾ ਨਾਂ ਇਹ ਅੰਦਾਜਾ ਦਿੰਦਾ ਹੈ ਕਿ ਪੰਜਾਬ ਵਿਚ ਸਾਰੇ ਧਾਰਮਿਕ ਗਥਾਂ ਦੀ ਬੇਅਦਬੀ ਹੋਈ ਪਰ ਜਾਂਚ ਦੇ ਵੇਰਵਿਆਂ ਵਿਚ ਕੁਰਾਨ ਸ਼ਰੀਫ ਤੋਂ ਬਿਨਾ ਹੋਰ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਮਾਮਲਾ ਦਰਜ ਨਹੀਂ ਹੈ। ਇਹ ਜਾਂਚ ਇਕ ਕਾਨੂੰਨੀ ਧਾਰਾ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੱਕ ਸੀਮਤ ਹੈ ਜਿਸ ਕਰਕੇ ਕਿਸੇ ਕਲਪਤ ਤਸਵੀਰ ਦਾ ਪਾੜਣਾ ਵੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਬਰਾਬਰ ਹੀ ਕਾਨੂੰਨੀ ਜੁਰਮ ਬਣ ਜਾਂਦਾ ਹੈ।
ਬੇਅਦਬੀ ਬਾਰੇ ਕਾਨੂੰਨੀ ਨੁਕਤੇ ਤੋਂ ਕੀਤੀ ਇਹ ਪੜਤਾਲ ਪ੍ਰਬੰਧਕੀ ਅਤੇ ਰਾਜਸੀ ਪੱਖ ਦੇ ਨਾਲ ਨਾਲ ਸਮਾਜਕ ਵਰਤਾਰੇ ਦੀਆਂ ਤਹਿਆਂ ਉਤੇ ਵੀ ਚਾਨਣਾ ਪਾਉਂਦੀ ਹੈ”।
Related Topics: Bargari Beadbi Case, Beadbi Cases, Beadbi Incidents in Punjab, Behbal Kalan Incident, Incident of Beadbi of Guru Granth Shaib at Bargar Village, Incidents Beadbi of Guru Granth Sahib, justice ranjit singh, SIT on Bargari Beadbi Case and Behbal Kalan Police Firing, SSP Charanjit Sharma Behbal Kalan Golikand