May 9, 2020 | By ਨਰਿੰਦਰ ਪਾਲ ਸਿੰਘ
ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ, ਅੱਜ ਵੀ ਕੋਈ ਕਾਨੂੰਨੀ ਰਾਹਤ ਹਾਸਲ ਨਹੀ ਕਰ ਸਕੇ? ਲੇਕਿਨ ਜਿਸ ਢੰਗ ਨਾਲ ਸੁਮੇਧ ਸੈਣੀ ਆਪਣੇ ਖਿਲਾਫ ਐਫ.ਆਈ.ਆਰ.ਦਰਜ ਹੁੰਦਿਆਂ ਹੀ ਰਾਤ ਦੇ ਹਨੇਰੇ ਵਿੱਚ ਸੁਰੱਖਿਅਤ ਥਾਂ ਲਈ ਭੱਜ ਨਿਕਲੇ ਇਸਨੇ ਸਵਾਲ ਖੜਾ ਕੀਤਾ ਹੈ ਕਿ ਕੀ ਕਰੋਨਾ ਦੇ ਬਚਾਅ ਲਈ ਦੇਸ਼ ਭਰ ਵਿੱਚ ਲਾਗੂ ਕਰਫਿਊ ਸਿਰਫ ਆਮ ਲੋਕਾਂ ਲਈ ਹੀ ਹੈ?
ਕੀ ਪੰਜਾਬ ਪੁਲਿਸ ਸਿੱਧੇ ਢੰਗ ਨਾਲ ਅਜੇਹੇ ਦੋਸ਼ੀ ਪੁਲਿਸ ਅਧਿਕਾਰੀਆਂ ਨੁੰ ਬਚਾਅ ਨਹੀ ਰਹੀ? ਇਹ ਸਵਾਲ ਇਸ ਲਈ ਵੀ ਹੈ ਕਿ ਸੁਮੇਧ ਸੈਣੀ ਵਰਗੇ ਲੋਕਾਂ ਨੂੰ ਜਦੋਂ ਅਦਾਲਤ ਨੇ ਇਸ ਯੋਗ ਮੰਨ ਲਿਆ ਹੈ ਕਿ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸੁਮੇਧ ਸੈਣੀ,ਕਰਫਿਊ ਦੀਆਂ ਸਾਰੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਪਹਿਲਾਂ ਤੜਕ ਸਵੇਰ ਪੰਜਾਬ ਨਾਲ ਲੱਗਦੀ ਹਿਮਾਚਲ ਪ੍ਰਦੇਸ਼ ਸਰਹੱਦ ਤੋਂ ਹਿਮਾਚਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।ਮੌਕੇ ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜਮ ਕਰਫਿਊ ਬਾਰੇ ਤੈਅ ਸ਼ੁਦਾ ਨਿਯਮਾਂ ਦੀ ਅਣਦੇਖੀ ਕਰਨ ਲਈ ਤਿਆਰ ਨਹੀ ਹੁੰਦੇ। ਸੁਮੇਧ ਸੈਣੀ ਉਸੇ ਵੇਲੇ ਦਿੱਲੀ ਰਵਾਨਾ ਹੋ ਗਏ ਦੱਸੇ ਜਾਂਦੇ ਹਨ। ਸੁਮੇਧ ਸੈਣੀ ਦੇ ਇਸ ਵਰਤਾਰੇ ਦੀਆਂ ਖਬਰਾਂ ਵੀ ਨਸ਼ਰ ਹੁੰਦੀਆਂ ਹਨ ਲੇਕਿਨ ਸੂਬੇ ਦਾ ਕੋਈ ਵੀ ਜਿੰਮੇਵਾਰ ਅਧਿਕਾਰੀ ਮੂੰਹ ਨਹੀ ਖੋਹਲਦਾ। ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿਰਫ ਇਹੀ ਕਹਿਣ ਤੀਕ ਸੀਮਤ ਰਹਿੰਦੇ ਹਨ ਕਿ ਕਾਨੂੰਨ ਆਪਣੀ ਕਾਰਵਾਈ ਕਰੇਗਾ। ਲੇਕਿਨ ਕਿਹੜਾ ਕਾਨੂੰਨ, ਜਦੋਂ ਕੱਲ੍ਹ ਤੀਕ ਸੂਬੇ ਦੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲਾ ਸਾਬਕਾ ਡੀ.ਜੀ.ਪੀ. ਆਪ ਹੀ ਕਾਨੁੰਨ ਤੋੜ ਦਿੰਦਾ ਹੈ। ਕਾਨੂੰਨ ਤੋਂ ਬਚਣ ਲਈ ਚੋਰਾਂ ਵਾਂਗ ਰਾਤ ਦੇ ਹਨੇਰੇ ਵਿੱਚ ਪੰਜਾਬ ਤੋਂ ਬਾਹਰ ਨਿਕਲ ਜਾਂਦਾ ਹੈ।
ਕਿਹੜਾ ਕਾਨੂੰਨ ਕਾਰਵਾਈ ਕਰੇਗਾ ਜਦੋਂ ਦੋਸ਼ੀ ਮੰਨਿਆ ਜਾ ਰਿਹਾ ਸ਼ਖਸ਼ ਹੀ ਹੱਥ ‘ਚੋਂ ਨਿਕਲ ਚੱੁਕਿਆ ਹੈ ਤੇ ਉਹ ਵੀ ਇੱਕ ਨਹੀ ਬਲਕਿ ਦੋ ਦੋ, ਤਿੰਨ ਤਿੰਨ ਸੂਬਿਆਂ ਦੀ ਪੁਲਿਸ ਨੂੰ ਝਕਾਨੀ ਦਿੰਦਿਆਂ।ਕੀ ਕਿਸੇ ਪਰਸ਼ਾਸ਼ਨਿਕ ਅਧਿਕਾਰੀ ਨੇ ਸੁਮੇਧ ਸੈਣੀ ਖਿਲਾਫ ਕਰਫਿਊ ਉਲੰਘਣਾ ਲਈ ਵੱਖਰਾ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਸਭ ਕੁਝ ਉਸ ਵੇਲੇ ਵਾਪਰਦਾ ਹੈ ਜਦੋਂ ਸੁਮੇਧ ਸੈਣੀ ਦੀ (ਬਤੌਰ ਸਾਬਕਾ ਪੁਲਿਸ ਅਧਿਕਾਰੀ)ਸੁਰਖਿਆ ਵੀ ਪੁਲਿਸ ਹੀ ਕਰ ਰਹੀ ਹੈ।ਹੁਣ ਬੜੇ ਸੁਖਾਲੇ ਢੰਗ ਨਾਲ ਮੁਖ ਮੰਤਰੀ ਕਹਿ ਰਹੇ ਹਨ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ। ਉਹ ਜਾਣਦੇ ਹਨ ਕਿ ਐਸੀ ਹੀ ਢਿੱਲ ਪੰਜਾਬ ਪੁਲਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਮੰਨੇ ਜਾਂਦੇ ਕੁਝ ਪੁਲਿਸ ਅਧਿਕਾਰੀਆਂ ਨੂੰ ਗਿ੍ਰਫਤਾਰ ਕਰਨ ਚ’ ਕੀਤੀ ਦੇਰੀ ਤਹਿਤਕਤਿੀ ਸੀ। ਉਹ ਪੁਲਿਸ ਅਧਿਕਾਰੀ ਅਜੇ ਵੀ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਲਾਭ ਉਠਾ ਰਹੇ ਹਨ। ਲੇਕਿਨ ਅਕਤੂਬਰ 2015 ਵਿੱਚ ਮਾਰੇ ਗਏ ਸਿੱਖਾਂ ਦੇ ਵਾਰਿਸ ਇਨਸਾਫ ਦੀ ਉਡੀਕ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਇਹ ਕਿਵੇਂ ਭੁੱਲ ਰਹੇ ਹਨ ਕਿ ਇਹ ਸੁਮੇਧ ਸੈਣੀ ਹੀ ਸਨ ਜਿਨ੍ਹਾਂ ਦੇ ਸੂਬਾ ਪੁਲਿਸ ਮੁਖੀ ਰਹਿੰਦਿਆਂ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਹੋਏ। ਗੋਲੀ ਕਾਂਡ ਨੂੰ ਲੈਕੇ ਵੀ ਸੈਣੀ ਦੇ ਸਿਆਸੀ ਆਕਾ ਬਾਦਲ ਪਿਉ ਪੱੁਤਰ ਪੰਜਾਬ ਪੁਲਿਸ ਨੂੰ ਅਣਪਛਾਤੀ ਦੱਸਦੇ ਰਹੇ। ਲੇਕਿਨ ਇਹ ਵੀ ਸੰਯੋਗ ਹੀ ਮੰਨਿਆ ਜਾਵੇਗਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਮੰਨੇ ਜਾਂਦੇ ਇੱਕ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਐਸ.ਆਈ.ਟੀ.ਨੇ ਤੜਕ ਸਵੇਰ ਹੀ ਘੇਰਿਆ ਸੀ। ਉਸ ਵੇਲੇ ਦੱਸਿਆ ਗਿਆ ਸੀ ਕਿ ਸ੍ਰੀ ਸ਼ਰਮਾ ਕੋਠੀ ਦੀ ਕੰਧ ਟੱਪ ਭੱਜਣ ਦੀ ਕੋਸ਼ਿਸ਼ ਕਰਦੇ ਫੜੇ ਗਏ। ਤੇ ਇਸ ਵਾਰ ਸੁਮੇਧ ਸੈਣੀ ਉਸੇ ਤਰ੍ਹਾਂ ਦੀ ਇੱਕ ਤੜਕ ਸਵੇਰ ਭੱਜਣ ਵਿੱਚ ਸਫਲ ਹੋਏ। ਕਿਉਂਕਿ ਇਸ ਵਾਰ ਚੰਡੀਗੜ੍ਹ ਪੁਲਿਸ ਦੇ ਨਾਲ ਨਾਲ ਪੰਜਾਬ, ਹਰਿਆਣਾ ਤੇ ਦਿੱਲੀ ਦੀ ਪੁਲਿਸ ਵੀ ਸੈਣੀ ਤੇ ਮਿਹਰਵਾਨ ਰਹੀ।
ਇਸਦੇ ਉਲਟ ਪੰਜਾਬ ਵਿੱਚ ਹੀ ਅਨਗਿਣਤ ਅਜੇਹੇ ਮਾਮਲੇ ਹਨ ਜਿਥੇ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਥਾਣਿਆਂ,ਹਵਾਲਾਤਾਂ ਤੇ ਆਰਜੀ ਜੇਲ੍ਹਾਂ ਵਿੱਚ ਬੰਦ ਕੀਤਾ ਅੋਰ ਸੰਗੀਨ ਧਾਰਾਵਾਂ ਲਾਈਆਂ ਤਾਂ ਜੋ ਇਹ ਲੋਕ ਕਾਨੂੰਨ ਦੀ ਤਾਕਤ ਨੂੰ ਸਮਝਣ। ਸ਼ਾਇਦ ਸੱਤਾ ਤੇ ਕਾਬਜ ਲੋਕਾਂ ਦੀ ਮਿਲੀ ਭੁਗਤ ਨਾਲ,ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਲਈ ਚੂਹੇ ਬਿੱਲੀ ਦੀ ਇਹੀ ਖੇਡ ਦਿੱਲੀ ਕਤਲੇਆਮ ਤੇ ਪੰਜਾਬ ਵਿੱਚ ਸਿੱਖ ਨੌਜੁਆਨਾਂ ਦਾ ਕਤਲੇਆਮ ਕਰਨ ਵਾਲੇ ਕਾਤਲ ਖੇਡ ਰਹੇ ਹਨ ਜੋ ਇਸ ਵਾਰ ਸੁਮੇਧ ਸੈਣੀ ਖੇਡਣ ਵਿੱਚ ਸਫਲ ਹੋਇਆ ਹੈ। ਜੇਕਰ ਇੱਕ ਐਫ.ਆਈ.ਆਰ ਦਰਜ ਹੋਣ ਵਿੱਚ ਹੀ 29 ਸਾਲ ਲੱਗ ਗਏ ਹਨ ਤਾਂ ਇਨਸਾਫ ਲਈ ਹੋਰ ਕਿਤਨੇ ਦਹਾਕੇ ਚਾਹੀਦੇ ਹਨ, ਇਸਦਾ ਜਵਾਬ ਸ਼ਾਇਦ ਉਹ ਬਾਦਲ ਦਲ ਵੀ ਨਾ ਦੇ ਸਕੇ ਜੋ ਦਿੱਲੀ ਕਤਲੇਆਮ ਤੇ ਅਜੇ ਵੀ ਸਿਆਸੀ ਰੋਟੀਆਂ ਸੇਕ ਰਿਹਾ ਹੈ ਲੇਕਿਨ ਇਹੀ ਬਾਦਲ ਦਲ ਦੇ ਚਹੇਤੇ ਵਕੀਲ ਅੱਜ ਸੁਮੇਧ ਸੈਣੀ ਦੀ ਜਮਾਨਤ ਦੀ ਪੈਰਵਾਈ ਲਈ ਅਦਾਲਤ ਵਿੱਚ ਪੇਸ਼ ਹੋਏ। ਉਧਰ ਥਾਣਾ ਮਟੌਰ ਦੀ ਪੁਲਿਸ ਨੇ ਅਜੇ ਤੀਕ ਉਸ ਤਰ੍ਹਾਂ ਸੁਮੇਧ ਸੈਣੀ ਦੀ ਰਿਹਾਇਸ਼ ਤੇ ਪੁਲਸੀਆ ਧਾਵਾ ਨਹੀ ਮਾਰਿਆ ਜਿਸ ਤਰ੍ਹਾਂ ਇੱਕ ਮਾਮੂਲੀ ਚੋਰ ਨੂੰ ਫੜਨ ਲਈ ਉਹ ਅਕਸਰ ਮਾਰਦੀ ਹੈ। ਚੋਰ ਨਾ ਮਿਲੇ ਤਾਂ ਘਰ ਦੇ ਜੀਅ ਹੀ ਧਰ ਲੈਂਦੀ ਹੈ।
Related Topics: Badal Dal, Balwant Singh Multani, Capt. Amarinder Singh, Congress Government in Punjab 2017-2022, Narinder pal Singh, Punjab Police, Satnam Singh Kaler, SGPC, Sumedh Saini