May 21, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਜਦਕਿ ਸ਼੍ਰੋਮਣੀ ਕਮੇਟੀ, ਅੰਮ੍ਰਿਤਸਰ 2010 ਨੂੰ ਬਦਲੇ ਹੋਏ ਕੈਲੰਡਰ ਮੁਤਾਬਕ ਇਸ ਵਾਰ 29 ਮਈ ਨੂੰ ਸ਼ਹੀਦੀ ਦਿਹਾੜਾ ਮਨਾਏਗੀ। ਇਸੇ ਕਸ਼ਮਕਸ਼ ‘ਚ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਜੱਥਾ ਨਾ ਭੇਜਣ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਚਾਹੁੰਦੀ ਸੀ ਕਿ ਪਾਕਿਸਤਾਨ ਸਰਕਾਰ 21 ਮਈ ਤੋਂ ਵੀਜ਼ੇ ਜਾਰੀ ਕਰੇ ਤਾਂ ਜੋ ਸੰਗਤਾਂ 29 ਨੂੰ ਸ਼ਹੀਦੀ ਦਿਹਾੜਾ ਮਨਾ ਕੇ ਵਾਪਸ ਆ ਸਕਣ। ਜਦਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਂਦੀ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮਹਿੰਦਰ ਸਿੰਘ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੀ ਐਂਬੈਸੀ 200 ਯਾਤਰੀਆਂ ਦੇ ਵੀਜ਼ੇ ਲਵਾਉਣ ਗਏ ਸੀ। ਪਾਕਿਸਤਾਨ ਅਧਿਕਾਰੀਆਂ ਨੇ ਇਹ ਕਹਿ ਕੇ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਡੇਹਰਾ ਸਾਹਿਬ, ਲਾਹੌਰ (ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਸਥਾਨ) ‘ਤੇ ਤਾਂ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ। ਵੱਖ-ਵੱਖ ਤਰੀਕਾਂ ‘ਤੇ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਏ ਜਾਣ ਕਰਕੇ ਪਹਿਲਾਂ ਵੀ ਪਾਕਿਸਤਾਨੀ ਅਧਿਕਾਰੀਆਂ ਨੇ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਸਬੰਧਤ ਖ਼ਬਰ:
ਦਲ ਖ਼ਾਲਸਾ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸੰਮਤ 549 ਦਾ ਮੂਲ਼ ਨਾਨਕਸ਼ਾਹੀ ਕਲੰਡਰ (2003) ਜਾਰੀ …
Related Topics: Original Nanakshahi Calender, PSGPC, Shiromani Gurdwara Parbandhak Committee (SGPC)