April 25, 2016 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: ਅੱਜ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਉਦੈ ਸਿੰਘ ਨੂੰ ਸਰਕਾਰ ਵੱਲੋਂ ਦਿੱਤੀ ਗਈ ਜ਼ੈਡ-ਪਲੱਸ ਸੁਰੱਖਿਆ ਨਹੀਂ ਲੈਣੀ ਚਾਹੀਦੀ।
ਸ: ਸਿਮਰਨਜੀਤ ਸਿੰਘ ਮਾਨ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਹੈ ਕਿ ਨਾਮਧਾਰੀਆਂ ਦੇ ਸੰਸਾਥਪਕ ਮੁੱਖੀ ਬਾਬਾ ਰਾਮ ਸਿੰਘ ਜੀ ਦੀ ਮਨੁੱਖਤਾ, ਕੌਮ ਅਤੇ ਆਜ਼ਾਦੀ ਪ੍ਰਾਪਤੀ ਦੇ ਮਿਸ਼ਨ ਲਈ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਜੂਝਣ ਲਈ ਬਹੁਤ ਵੱਡੀ ਕੁਰਬਾਨੀ ਹੈ । ਉਹਨਾਂ ਨੇ ਜੋ ਅੰਗਰੇਜ਼ ਹਕੂਮਤ ਵਿਰੁੱਧ ਦ੍ਰਿੜਤਾ ਪੂਰਵਕ ਲੜਾਈ ਲੜੀ ਉਸ ਤੋਂ ਅਗਵਾਈ ਲੈਕੇ ਹੀ ਗਾਂਧੀ ਨੇ ਆਜ਼ਾਦੀ ਦਾ ਅੰਦੋਲਨ ਸੁਰੂ ਕੀਤਾ ਸੀ।
ਉਨ੍ਹਾਂ ਕਿਹਾ ਕਿ ਬਾਬਾ ਰਾਮ ਸਿੰਘ ਜੀ ਸੱਚ ਉਤੇ ਪਹਿਰਾ ਦੇਣ ਵਾਲੇ, ਮਨੁੱਖੀ ਕਦਰਾ-ਕੀਮਤਾ ਨੂੰ ਮਜ਼ਬੂਤ ਬਣਾਉਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਨੂੰ ਧੁਰ ਤੋਂ ਮੰਨਣ ਵਾਲੀ ਸਖਸ਼ੀਅਤ ਸਨ। ਨਾਮਧਾਰੀ ਸੰਪਰਦਾ ਦੇ ਸਿੰਘਾਂ ਨੂੰ ਅੰਗਰੇਜ਼ਾਂ ਨੇ ਤੋਪਾ ਅੱਗੇ ਬੰਨ੍ਹਕੇ ਸ਼ਹੀਦ ਕੀਤਾ ਸੀ, ਲੇਕਿਨ ਇਸ ਦੇ ਬਾਵਜੂਦ ਵੀ ਉਹ ਸੰਪਰਦਾ ਦੀ ਸੱਚ ਦੀ ਅਤੇ ਮਨੁੱਖਤਾ ਪੱਖੀ ਸੋਚ ਨੂੰ ਅੰਗਰੇਜ਼ ਕੋਈ ਨੁਕਸਾਨ ਨਾ ਪਹੁੰਚਾ ਸਕੇ।
ਉਨ੍ਹਾਂ ਕਿਹਾ ਕਿ ਜਦੋਂ ਨਾਮਧਾਰੀਆਂ ਨੇ ਹੁਕਮਰਾਨਾਂ ਤੋਂ ਕਈ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਪ੍ਰਾਪਤ ਨਹੀਂ ਕੀਤੀ ਅਤੇ ਹਮੇਸ਼ਾਂ ਹੁਕਮਰਾਨਾਂ ਦੇ ਜ਼ਬਰ-ਜੁਲਮ ਵਿਰੁੱਧ ਨਿਡਰਤਾ ਨਾਲ ਆਵਾਜ਼ ਉਠਾਉਦੇ ਰਹੇ ਹਨ ਤਾਂ ਅੱਜ ਵੀ ਨਾਮਧਾਰੀ ਸੰਪਰਦਾ ਦੇ ਮੁੱਖੀ ਸਾਹਿਬਾਨ ਵੱਲੋਂ ਸਰਕਾਰੀ ਸੁਰੱਖਿਆ ਇਸ ਕਰਕੇ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਨਾਲ ਬਾਬਾ ਜੀ ਦੀ ਨਿਰਪੱਖਤਾ ਅਤੇ ਦ੍ਰਿੜਤਾ ਵਾਲੀ ਸੋਚ ਨੂੰ ਠੇਸ ਪਹੁੰਚਦੀ ਹੈ ਅਤੇ ਸੰਪਰਦਾ ਦੇ ਬੀਤੇ ਸਮੇਂ ਦੇ ਫਖ਼ਰ ਵਾਲੇ ਇਤਿਹਾਸ ਉਤੇ ਡੂੰਘਾ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ।
ਸ. ਸਿਮਰਨਜੀਤ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਜੋ ਸਿੱਖ ਕੌਮ ਦਾ ਇਕ ਅਨਿਖੜਵਾ ਹਿੱਸਾ ਹੈ, ਦੇ ਮੌਜੂਦਾ ਮੁੱਖੀ ਬਾਬਾ ਉਦੈ ਸਿੰਘ ਜੀ ਨੂੰ ਸਰਕਾਰੀ ਸੁਰੱਖਿਆ ਵਾਪਿਸ ਕਰਨ ਅਤੇ ਬਾਬਾ ਰਾਮ ਸਿੰਘ ਜੀ ਵੱਲੋਂ ਬੀਤੇ ਸਮੇਂ ਵਿਚ ਦਿੱਤੀ ਗਈ ਮਨੁੱਖਤਾ ਪੱਖੀ ਅਗਵਾਈ ਉਤੇ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।
ਉਹਨਾਂ ਉਮੀਦ ਪ੍ਰਗਟ ਕੀਤੀ ਕਿ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੱੁਖੀ ਬਾਬਾ ਉਦੈ ਸਿੰਘ ਜੀ ਨੇ ਜੋ ਸਰਕਾਰੀ ਸੁਰੱਖਿਆ ਪ੍ਰਾਪਤ ਕੀਤੀ ਹੈ, ਉਸ ਨੂੰ ਰੱਦ ਕਰਕੇ ਸੰਗਤਾਂ ਦੀ ਸਿੱਖੀ ਸੋਚ ਨੂੰ ਪ੍ਰਣਾਉਦੇ ਹੋਏ ਆਪਣੀ ਹੀ ਸੁਰੱਖਿਆ ਟੀਮ ਤਿਆਰ ਕਰਨਗੇ ਅਤੇ ਸਰਕਾਰੀ ਸੁਰੱਖਿਆ ਵਾਪਿਸ ਕਰਕੇ ਸਿੱਖ ਸੰਗਤਾਂ ਅਤੇ ਨਾਮਧਾਰੀ ਸੰਪਰਦਾ ਨਾਲ ਸੰਬੰਧਤ ਗੁਰਸਿੱਖਾਂ ਵਿਚ ਆਪਣੇ ਵਿਸ਼ਵਾਸ ਨੂੰ ਹੋਰ ਪ੍ਰੱਪਕ ਕਰਨਗੇ ।
Related Topics: Namdhari Dera, Shiromani Akali Dal Amritsar (Mann), Simranjeet Singh Mann