Site icon Sikh Siyasat News

32 ਸਾਲ ਬੀਤ ਜਾਣ ਤੇ ਵੀ ਨਕੋਦਰ ਗੋਲੀਕਾਂਡ ਦੇ ਪੀੜਤ ਪਰਿਵਾਰ ਉਡੀਕ ਰਹੇ ਹਨ ਇਨਸਾਫ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਨਕੋਦਰ ਵਿਖੇ 1986 ਵਿੱਚ ਜਨੂੂੰਨੀ ਹਜੂਮ ਵਲੋਂ ਗੁਰਦੁਆਰਾ ਸਾਹਿਬ ਉਪਰ ਕੀਤੇ ਹਮਲੇ ਦਾ ਵਿਰੋਧ ਕਰ ਰਹੇ ਸਿੱਖਾਂ ‘ਤੇ ਗੋਲੀ ਚਲਾਕੇ ਪੁਲਿਸ ਵਲੋਂ ਸ਼ਹੀਦ ਕੀਤੇ ਚਾਰ ਸਿੱਖ ਨੌਜੁਆਨਾਂ ਵਿਚੋਂ ਭਾਈ ਰਵਿੰਦਰ ਸਿੰਘ ਵਾਸੀ ਲਿੱਤਰਾਂ ਦੇ ਪਿਤਾ ਸ.ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖਕੇ ਘਟਨਾ ਦੀ ਜਾਂਚ ਕਰਨ ਵਾਲੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਸ.ਬਲਦੇਵ ਸਿੰਘ ਅਤੇ ਬੀਬੀ ਬਲਦੀਪ ਕੌਰ ਨੇ ਘਟਨਾ ਦਾ ਵੇਰਵਾ ਦਿੰਦਿਆ ਦੱਸਿਆ ਹੈ ਨਕੋਦਰ ਵਿਖੇ ਕੁਝ ਜਨੂੰਨੀ ਹਿੰਦੂਆਂ ਵਲੋਂ ਇਕ ਗੁਰਦੁਆਰਾ ਸਾਹਿਬ ਤੇ ਹਮਲਾ ਕਰਕੇ ਉਥੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਅਗਨਭੇਟ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਖਿਲਾਫ ਵਿਰੋਧ ਜਤਾਉਣ ਲਈ ਨਕੋਦਰ ਤੇ ਨੇੜਲੇ ਪਿੰਡਾਂ ਦੀਆਂ ਹਜਾਰਾਂ ਸੰਗਤਾਂ ਨੇ ਰੋਹ ਭਰਪੂਰ ਸ਼ਾਂਤਮਈ ਮੁਜਾਹਰਾ ਕੀਤਾ ਸੀ ਪਰ ਪੁਲਿਸ ਨੇ ਬਿਨ੍ਹਾਂ ਕਿਸੇ ਭੜਕਾਹਟ ਦੇ ਗੋਲੀ ਚਲਾਕੇ ਚਾਰ ਸਿੱਖ ਨੌਜੁਆਨਾਂ ਨੂੰ ਸ਼ਹੀਦ ਕਰ ਦਿੱਤਾ ਸੀ।ਬਾਅਦ ਵਿੱਚ ਪੁਲਿਸ ਨੇ ਇਨ੍ਹਾਂ ਨੋਜੁਆਨਾਂ ਦਾ ਸੰਸਕਾਰ ਵੀ ਆਪ ਹੀ
ਕਰ ਦਿੱਤਾ ਸੀ।

ਸ. ਬਲਦੇਵ ਸਿੰਘ ਲਿੱਤਰਾਂ ਤੇ ਬੀਬੀ ਬਲਦੀਪ ਕੌਰ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਹੈ ਕਿ ਤੁਸੀਂ ਉਸ ਵੇਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਸੀ ਅਤੇ ਤੁਹਾਡੀ ਸਰਕਾਰ ਦੇ ਮੰਤਰੀ ਬਲਵੰਤ ਸਿੰਘ ਦੇ ਜੋਰ ਦੇਣ ‘ਤੇ ਬਰਨਾਲਾ ਸਰਕਾਰ ਨੇ ਘਟਨਾ ਦੀ ਸਮੁਚੀ ਜਾਂਚ ਲਈ ਸੇਵਾਮੁਕਤ ਜੱਜ ਗੁਰਨਾਮ ਸਿੰਘ ‘ਤੇ ਅਧਾਰਿਤ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ।

ਮੁੱਖ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਜੱਜ ਗੁਰਨਾਮ ਸਿੰਘ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ 29 ਮਾਰਚ 1987 ਨੂੰ ਸਰਕਾਰ ਨੂੰ ਦੇ ਦਿੱਤੀ ਸੀ, ਪਰ 31 ਸਾਲ ਬੀਤ ਜਾਣ ‘ਤੇ ਵੀ ਸੂਬੇ ਦੀ ਕਿਸੇ ਸਰਕਾਰ ਨੇ ਇਹ ਰਿਪੋਰਟ ਜਨਤਕ ਕਰਨਾ ਯੋਗ ਨਹੀ ਸਮਝਿਆ।

ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਤਾ ਪਿਤਾ ਨੇ ਮੁਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਜੱਜ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version