ਮੋ. 99150-91063
ਇਹ ਖ਼ਬਰ ਬੜੀ ਦਿਲਚਸਪੀ ਅਤੇ ਕਈ ਹਲਕਿਆਂ ਵਿੱਚ ਖੁਸ਼ੀ ਨਾਲ ਸੁਣੀ ਜਾਏਗੀ ਕਿ ਸਿੱਖੀ ਸਿਧਾਂਤਾਂ ਦੀ ਬੌਧਿਕ ਅਗਵਾਈ ਸਹਿਜੇ-ਸਹਿਜੇ ਨੌਜਵਾਨਾਂ ਦੇ ਹੱਥਾਂ ਵਿੱਚ ਆ ਰਹੀ ਹੈ। ਭਾਵੇਂ ਓਪਰੀ ਨਜ਼ਰ ਨਾਲ ਵੇਖਿਆਂ ਇਹ ਅਦ੍ਰਿਸ਼ਟ ਰੁਝਾਨ ਭਰ ਜੋਬਨ ਵਿੱਚ ਅਜੇ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਨਹੀਂ ਆਇਆ, ਪਰ ਧਰਮ, ਕਲਚਰ, ਸਾਹਿਤ ਅਤੇ ਰਾਜਨੀਤੀ ਦੀਆਂ ਡੂੰਘੀਆਂ ਪਰਤਾਂ ਦੇ ਜਾਣਕਾਰ ਇਸ ਉੱਭਰ ਰਹੇ ਨਵੇਂ ਰੁਝਾਨ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ।
ਕੁਝ ਹਲਕਿਆਂ ਦਾ ਇਹ ਵੀ ਕਹਿਣਾ ਹੈ,“ਇਹ ਭਾਣਾ ਵਾਪਰਨਾ ਹੀ ਸੀ, ਕਿਉਂਕਿ ਸਥਾਪਤ ਬੁੱਧੀਜੀਵੀਆਂ ਦੇ ਵੱਡੇ ਭਾਰੇ ਹਿੱਸੇ ਦੀ ਅਕਲ ਨੂੰ ਗ੍ਰਹਿਣ ਲੱਗ ਚੁੱਕਾ ਹੈ।” ਭਗਤ ਕਬੀਰ ਜੀ ਦੀ ਇਹ ਸਤਰ ਇਨ੍ਹਾਂ ਹਲਕਿਆਂ ਦੀ ਮਹਿਫ਼ਲ ਦਾ ਅੱਜ-ਕੱਲ੍ਹ ਸ਼ਿੰਗਾਰ ਵੀ ਬਣੀ ਹੋਈ ਹੈ। ਇਹ ਪਵਿੱਤਰ ਸਤਰ ਇੰਝ ਹੈ:-
ਕਬੀਰ ਮਨੁ ਜਾਨੇ ਸਭ ਬਾਤ ਜਾਨਤ ਹੀ ਅਉਗਨੁ ਕਰੈ।।
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।
ਇਨ੍ਹਾਂ ਹਲਕਿਆਂ ਨਾਲ ਜੁੜੇ ਵਿਦਵਾਨ ਭਗਤ ਕਬੀਰ ਜੀ ਵੱਲੋਂ ਉਸ ਦੌਰ ਦੇ ਵਿਦਵਾਨਾਂ ‘ਤੇ ਲਾਈ ਟਕੋਰ ਦੀ ਵਿਆਖਿਆ ਕਰਦੇ ਹੋਏ ਕਹਿ ਰਹੇ ਹਨ ਕਿ ਅੱਜ-ਕੱਲ੍ਹ ਦੇ ਇਨ੍ਹਾਂ ਕਥਿਤ ਦਾਨਿਸ਼ਵਰਾਂ ਦੇ ਹੱਥਾਂ ਵਿੱਚ ਗਿਆਨ ਦੇ ਦੀਪ ਤਾਂ ਫੜੇ ਹੋਏ ਹਨ, ਪਰ ਉਹ ਉਸ ਥਾਂ ਵੱਲ ਜਾ ਰਹੇ ਹਨ, ਜਿੱਥੇ ਅੱਗੇ ਖੂਹ ਨਜ਼ਰ ਆਉਂਦਾ ਹੈ। ਬਹੁਤ ਸਾਰੇ ਖੂਹ ਵਿੱਚ ਡਿੱਗ ਚੁੱਕੇ ਹਨ, ਜਦਕਿ ਬਾਕੀ ਡਿੱਗਣ ਲਈ ਕਾਹਲੇ ਹਨ।
ਇਹ ਹਲਕੇ ਬਕਾਇਦਾ ਇਨ੍ਹਾਂ ਬੁੱਧੀਜੀਵੀਆਂ ਦੇ ਨਾਂ, ਉਨ੍ਹਾਂ ਦੇ ਦੋਗਲੇ ਕਿਰਦਾਰਾਂ, ਮਸਲਿਆਂ ਪ੍ਰਤੀ ਉਨ੍ਹਾਂ ਦੀਆਂ ਭੇਦ ਭਰੀਆਂ ਖਾਮੋਸ਼ੀਆਂ, ਸਰਕਾਰਾਂ ਨਾਲ ਉਨ੍ਹਾਂ ਦੇ ਲੁਕੇ ਛੁਪੇ, ਪ੍ਰਤੱਖ ਰਿਸ਼ਤੇ ਅਤੇ ਸਵਾਰਥਾਂ ਦਾ ਖੁੱਲ੍ਹੇਆਮ ਜ਼ਿਕਰ ਕਰਦੇ ਹਨ।
ਇਨ੍ਹਾਂ ਬੁੱਧੀਜੀਵੀਆਂ ਵਿੱਚ ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਪ੍ਰੋਫੈਸਰ, ਰਿਟਾਇਰਡ ਪ੍ਰੋਫੈਸਰ, ਸਿੱਖੀ ਨਾਲ ਸਬੰਧਤ ਚੇਅਰਾਂ ਦੇ ਮੁਖੀ ਅਤੇ ਇਤਿਹਾਸ ਦੇ ਪ੍ਰੋਫੈਸਰ ਸ਼ਾਮਲ ਹਨ।
ਇਸ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ, ਦਿੱਲੀ ਕਮੇਟੀ, ਚੀਫ਼ ਖਾਲਸਾ ਦੀਵਾਨ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਸਿੱਖ ਬੁੱਧੀਜੀਵੀ ਕੌਂਸਲ ਵੀ ਸ਼ਾਮਲ ਹਨ, ਜੋ ਥੋੜ੍ਹੇ ਬਹੁਤੇ ਫਰਕ ਨਾਲ ਗੂੜ੍ਹੀ ਨੀਂਦਰ ਵਿੱਚ ਸੁੱਤੇ ਨਜ਼ਰ ਆ ਰਹੇ ਹਨ ਜਾਂ ‘ਜਾਗੋ ਮੀਟੀ ਦੀ ਹਾਲਤ’ ਵਿੱਚ ਦਬੀ ਜ਼ੁਬਾਨ ਵਿੱਚ ਫਿਲਮ ‘ਨਾਨਕ ਸ਼ਾਹ ਫਕੀਰ’ ਵਿਰੁੱਧ ਬੋਲਦੇ ਹਨ।
ਹੁਣ ਤੱਕ ਭਾਈ ਹਰਦੀਪ ਸਿੰਘ ਐਸ.ਜੀ.ਪੀ.ਸੀ. ਮੈਂਬਰ, ਅਸ਼ੋਕ ਸਿੰਘ ਬਾਗੜੀਆਂ, ਸਿੱਖ ਵਿਦਵਾਨ ਅਜਮੇਰ ਸਿੰਘ ਅਤੇ ਭਾਈ ਗਜਿੰਦਰ ਸਿੰਘ ਹੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਦਲੇਰੀ ਅਤੇ ਬੇਬਾਕ ਹੋ ਕੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਫਿਲਮ ਦਾ ਵਿਰੋਧ ਕੀਤਾ ਹੈ। ਇੱਥੋਂ ਤੱਕ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਜੀ ਦੀ ਬਾਡੀ ਲੈਂਗੂਏਜ ਇਹੀ ਦੱਸਦੀ ਹੈ ਕਿ ਉਨ੍ਹਾਂ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਬਾਦਲਾਂ ਦਾ ਦਬਾਅ ਹੈ।
ਸਿਰਫ਼ ਇੱਕ ਅਖ਼ਬਾਰ ‘ਪਹਿਰੇਦਾਰ’ ਹੀ ਹੈ, ਜਿਸ ਨੇ ਵੱਡੇ ਪੈਮਾਨੇ ‘ਤੇ ਫਿਲਮ ਦਾ ਵਿਰੋਧ ਕੀਤਾ ਹੈ ਅਤੇ ਇਸ ਅਖ਼ਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਇਸ ਮੁਹਿੰਮ ਵਿੱਚ ਵਿਸ਼ੇਸ਼ ਰੋਲ ਅਦਾ ਕੀਤਾ।
ਅਸਲ ਵਿੱਚ ਸਥਾਪਤ ਸਿੱਖ ਬੁੱਧੀਜੀਵੀਆਂ ਵੱਲੋਂ ਜਿਹੜਾ ਵੱਡਾ ਗੁਨਾਹ, ਲਾਪ੍ਰਵਾਹੀ, ਅਵੇਸਲਾਪਣ, ਸਿਧਾਂਤਕ ਅਵੱਗਿਆ ਅਤੇ ਸਿੱਖੀ ਸਿਧਾਂਤਾਂ ਪ੍ਰਤੀ ਜੋ ਬੇਵਫ਼ਾਈ ਕੀਤੀ ਗਈ ਹੈ, ਉਸ ਦਾ ਇਤਿਹਾਸ 2o05 ਤੋਂ ਸ਼ੁਰੂ ਹੁੰਦਾ ਹੈ, ਜਦੋਂ ਫਿਲਮ ‘ਦੋ ਸਾਹਿਬਜ਼ਾਦੇ’ ਆਈ।
ਐਨੀਮੇਸ਼ਨ ਤਕਨੀਕ ਨਾਲ ਤਿਆਰ ਕੀਤੀ ਇਸ ਗੈਰ-ਸਿਧਾਂਤਕ ਫਿਲਮ ਦਾ ਨੋਟਿਸ ਸਭ ਤੋਂ ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹੀ ਲਿਆ। ਇਸ ਜਥੇਬੰਦੀ ਦੇ ਨੌਜਵਾਨਾਂ ਨੇ ਇਸ ਫਿਲਮ ਨਾਲ ਭਵਿੱਖ ਵਿੱਚ ਸਿੱਖਾਂ ਦੀ ਤਰਜ਼-ਏ-ਜ਼ਿੰਦਗੀ ‘ਤੇ ਪੈਣ ਵਾਲੇ ਮਾੜੇ ਅਤੇ ਭਿਆਨਕ ਅਸਰਾਂ ਨੂੰ ਅਗਾਊਂ ਹੀ ਭਾਂਪ ਲਿਆ ਅਤੇ ਜਥੇਬੰਦੀ ਨੇ ਭਾਈ ਪਰਮਜੀਤ ਸਿੰਘ ਗਾਜ਼ੀ ਦੀ ਅਗਵਾਈ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਇੱਕ ਯਾਦ ਪੱਤਰ ਦਿੱਤਾ।
ਜਥੇਦਾਰ ਸਾਹਿਬ ਨੇ ਬਿਨਾਂ ਕੋਈ ਗੰਭੀਰ ਫੈਸਲਾ ਲਿਆਂ ਅਤੇ ਮੁਡਿਆਂ ਨੂੰ ਸ਼ਾਬਾਸ਼ ਦਿੱਤੇ ਬਿਨਾਂ ਇਸ ਯਾਦ ਪੱਤਰ ਨੂੰ ਸਾਧਾਰਨ ਸਮਝ ਕੇ ਕੋਈ ਨਿੱਗਰ ਕਾਰਵਾਈ ਨਾ ਕੀਤੀ। ਇਸ ਦਾ ਨਤੀਜਾ ਇਹ ਹੋਇਆ ਕਿ ਥੋੜ੍ਹੇ ਚਿਰ ਪਿੱਛੋਂ ਇੱਕ ਹੋਰ ਫਿਲਮ ‘ਮੂਲਾ ਖੱਤਰੀ’ ਨੇ ਫਿਲਮੀ ਦੁਨੀਆ ਵਿੱਚ ਪ੍ਰਵੇਸ਼ ਕਰ ਲਿਆ।
ਫੈਡਰੇਸ਼ਨ ਫਿਰ ਹਰਕਤ ਵਿੱਚ ਆਈ ਅਤੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖੀ ਸਰੂਪ ‘ਤੇ ਹੋਣ ਵਾਲੇ ਗੰਭੀਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਹੁਣ ਤੋਂ ਹੀ ਤਿਆਰ ਹੋਣਾ ਚਾਹੀਦਾ ਹੈ। ਪਰ ਸਿੱਖਾਂ ਦੀ ਬੌਧਿਕ ਲੀਡਰਸ਼ਿਪ ਅਤੇ ਸਿੱਖ ਸੰਸਥਾਵਾਂ ਨੇ ਕੋਈ ਖ਼ਾਸ ਪ੍ਰਤੀਕਿਰਿਆ ਪ੍ਰਗਟ ਨਾ ਕੀਤੀ। ਹੁਣ ਹਾਲਤ ਇਹ ਬਣ ਗਈ ਕਿ ਪੰਥ ਗੂੜ੍ਹੀਆਂ ਨੀਂਦਰਾਂ ਵਿੱਚ ਸੌਂ ਗਿਆ ਜਾਂ ਇਉਂ ਕਹਿ ਲਓ ਸੁਆ ਦਿੱਤਾ ਗਿਆ।
ਨਾਗਪੁਰ ਹੈੱਡਕੁਆਰਟਰ ‘ਤੇ ਬੈਠੇ ਆਰ.ਐਸ.ਐਸ. ਦੇ ਆਗੂ ਤੇ ਪ੍ਰਚਾਰਕ ਅੰਦਰੋਂ-ਬਾਹਰੋਂ ਖੁਸ਼ ਸਨ, ਕਿਉਂਕਿ ‘ਬਿਪਰਨ ਕੀ ਰੀਤ’ ਦੇ ਪੈਰ ਸਿੱਖ ਪੰਥ ਵਿੱਚ ਲੱਗ ਰਹੇ ਸਨ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2o05 ਵਿੱਚ ਅਸਲੀ ਨਾਨਕਸ਼ਾਹੀ ਕੈਲੰਡਰ ਪਾਸ ਹੋ ਕੇ ਲਾਗੂ ਹੋ ਗਿਆ ਤਾਂ ਆਰ.ਐਸ.ਐਸ. ਨੇ ਜ਼ਬਰਦਸਤ ਹਾਲਦੁਹਾਈ ਪਾਈ ਅਤੇ ਬਿਨਾਂ ਬੋਲਿਆਂ ਇਹ ਐਲਾਨ ਕੀਤਾ ਕਿ ਉਹ ਇੱਕ ਦਿਨ ਇਸ ਨੂੰ ਬਦਲ ਕੇ ਹੀ ਦਮ ਲੈਣਗੇ।
ਇਸ ਰਸਤੇ ਵਿੱਚ ਇੱਕ ‘ਕੰਡਾ’ ਜੋ ਉਨ੍ਹਾਂ ਨੂੰ ਚਿਰਾਂ ਤੋਂ ਚੁਭ ਰਿਹਾ ਸੀ, ਉਹ ਉਨ੍ਹਾਂ ਨੇ ਪੰਥ ਵਿੱਚ ਹੀ ਬੈਠੇ ਆਪਣੇ ਵਫ਼ਾਦਾਰ ਬਦਿਆਂ ਰਾਹੀਂ ਕੱਢਵਾ ਦਿੱਤਾ ਅਤੇ ਇੰਝ ‘ਆਪਣਾ ਕੈਲੰਡਰ’ ਲਾਗੂ ਕਰਵਾ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਜਦੋਂ ਖਾਲਸਾ ਪੰਥ ਦੀ ਜਵਾਨੀ ਵੱਡੀ ਪੱਧਰ ‘ਤੇ ਸਿਧਾਂਤਕ ਰੂਪ ਵਿੱਚ ਜਵਾਨ ਹੋਵੇਗੀ ਤਾਂ ਇਨ੍ਹਾਂ ਸਥਾਪਤ ਬੁੱਧੀਜੀਵੀਆਂ ਦੀ ਕਾਰਗੁਜ਼ਾਰੀ ਨੂੰ ਇਹੋ ਜਿਹੇ ਸ਼ਬਦਾਂ ਤੇ ਬੋਲਾਂ ਨਾਲ ਯਾਦ ਕਰਿਆ ਕਰੇਗੀ ਕਿ ਇਹ ਹੁਣ ਕਲਪਨਾ ਵੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਵਿਚਾਰਾਂ ਦਾ ਇਤਿਹਾਸ ਉਨ੍ਹਾਂ ਨੂੰ ਜਿਹੜੇ ਸ਼ਬਦਾਂ ਨਾਲ ਨਿਵਾਜੇਗਾ, ਉਸ ਦੀ ਜਵਾਬਦੇਹੀ ਬਾਦਸ਼ਾਹ-ਦਰਵੇਸ਼ ਦੇ ਦਰਬਾਰ ਵਿੱਚ ਹੋਵੇਗੀ ਅਤੇ ਇਹ ਫੈਸਲਾ ਜ਼ਰੂਰ ਹੋਵੇਗਾ।
ਜਦੋਂ ‘ਮੂਲਾ ਖੱਤਰੀ’ ਫਿਲਮ ਤੋਂ ਆਉਣ ਵਾਲੇ ਖਤਰਿਆਂ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤਾਂ ਸ਼ਰਾਬ ਦਾ ਧੰਦਾ ਕਰਨ ਵਾਲਾ ਇੱਕ ਵੱਡਾ ਘਾਗ ਕਾਰੋਬਾਰੀ ਸਿੱਖ ਬੜੀ ਸੱਜ ਧੱਜ ਨਾਲ ‘ਚਾਰ ਸਾਹਿਬਜ਼ਾਦੇ’ ਫਿਲਮ ਲੈ ਕੇ ਮੈਦਾਨ ਵਿੱਚ ਉਤਰਿਆ। ਅਰਬਾਂ ਵਿੱਚ ਖੇਡਦੇ ਇਸ ਮਾਇਆਧਾਰੀ ਨੇ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਉਤਾਰਣ ਤੋਂ ਪਹਿਲਾਂ ਰੱਜ ਕੇ ਇਸ ਦੀ ਇਸ਼ਤਿਹਾਰਬਾਜ਼ੀ ਕੀਤੀ ਅਤੇ ਕੀਤੀ ਵੀ ਕੁਝ ਇਸ ਤਰ੍ਹਾਂ ਕਿ ਸਾਰਾ ਪੰਥ ਫਿਲਮ ਦੇ ਹੱਕ ਵਿੱਚ ਝੱਲਾ ਹੋ ਕੇ ਜਜ਼ਬਾਤ ਦੇ ਦਰਿਆ ਵਿੱਚ ਵਹਿਣ ਲੱਗਾ।
ਇਸ ਫਿਲਮ ਨੇ ਡੇਢ ਸੌ ਕਰੋੜ ਰੁਪਇਆ ਕਮਾਇਆ ਅਤੇ ਕਮਾਈ ਦਾ ਸਿਲਸਲਾ ਅਜੇ ਵੀ ਜਾਰੀ ਹੈ। ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਅਤੇ ਕਰੀਨਾ ਵਰਗਿਆਂ ਦੀ ਕੋਈ ਫਿਲਮ ਵੀ ਸ਼ਾਇਦ ਏਨੀ ਕਮਾਈ ਨਹੀਂ ਕਰ ਸਕੀ।
ਅਕਾਲ ਤਖ਼ਤ ਸਮੇਤ ਸਾਡੀਆਂ ਤਮਾਮ ਸੰਸਥਾਵਾਂ ਨੇ ਖੁਦ ਆਪ ਹੀ ਫਿਲਮ ਦੇ ਹੱਕ ਵਿੱਚ ਬੱਲੇ-ਬੱਲੇ ਦਾ ਪ੍ਰਾਪੇਗੰਡਾ ਸ਼ੁਰੂ ਕਰ ਦਿੱਤਾ। ਇਸ ਫਿਲਮ ਵਿੱਚ ਦਸਮ ਪਿਤਾ ਦੀ ਤਸਵੀਰ ਨੂੰ ਐਨੀਮੇਸ਼ਨ ਰਾਹੀਂ ਖੜੋਤੇ ਦਿਖਾਇਆ ਗਿਆ। ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੱਲਾਂ ਕਰਦੇ ਅਤੇ ਚੱਲਦੇ ਫਿਰਦੇ ਵਿਖਾਏ ਗਏ।
ਸਿਆਣੇ ਤੇ ਸੁਲਝੇ ਹੋਏ ਲੋਕਾਂ ਨੂੰ ਪਤਾ ਸੀ ਕਿ ਅਗਲੀ ਕਿਸੇ ਫਿਲਮ ਵਿੱਚ ਗੁਰੂ ਸਾਹਿਬ ਨੂੰ ਆਮ ਬਦਿਆਂ ਵਾਂਗ ਤੁਰਦੇ ਫਿਰਦੇ ਵਿਖਾਇਆ ਜਾਵੇਗਾ। ਉਸ ਸਮੇਂ ਇਸ ਫਿਲਮ ਦੇ ਹੱਕ ਵਿੱਚ ਸਿਫ਼ਤਾਂ ਦੇ ਉਹ ਪੁਲ ਬੰਨ੍ਹੇ ਗਏ ਕਿ ਰਹੇ ਰੱਬ ਦਾ ਨਾਂ।
ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਜੇਕਰ ਕੋਈ ਇੱਕੜ-ਦੁੱਕੜ ਵਿਦਵਾਨ ਦਲੇਰੀ ਕਰਕੇ ਫਿਲਮ ਵਿਰੁੱਧ ਬੋਲਦਾ ਸੀ ਤਾਂ ਉਸ ਨੂੰ ਚਰਮ ਪੰਥੀ, ਮੂਲਵਾਦੀ ਜਾਂ ਅਤਿਵਾਦੀ ਦਾ ਖਿਤਾਬ ਦੇ ਦਿੱਤਾ ਜਾਂਦਾ ਅਤੇ ਦਿਲਚਸਪ ਗੱਲ ਇਹ ਹੈ ਕਿ ਸਿੱਖਾਂ ਦੇ ਚੋਟੀ ਦੇ ਨੇਤਾ ਵੀ ਇਹੋ ਜਿਹੇ ਖਿਤਾਬਾਂ ਪ੍ਰਤੀ ਖਾਮੋਸ਼ ਜਾਂ ਨਰਮ ਸਹਿਮਤੀ ਦੇ ਦਿੰਦੇ।
ਵੱਡੇ ਦੁੱਖ ਦੀ ਗੱਲ ਇਹ ਸੀ ਕਿ ਖਾਲਸਾ ਪੰਥ ਦੀ ਮਾਸੂਮੀਅਤ ਨੇ ‘ਚਾਰ ਸਾਹਿਬਜ਼ਾਦੇ’ਫਿਲਮ ਨੂੰ ਪ੍ਰਵਾਨ ਕਰ ਲਿਆ, ਪਰ ਇਸ ਕਮਲੀ-ਰਮਲੀ ਮਾਸੂਮੀਅਤ ਵਿੱਚ ਸਿੱਖੀ ਦਾ ਨਿਰਮਲ ਸਿਧਾਂਤ ਸ਼ਾਮਲ ਨਹੀਂ ਸੀ। ਇਸ ਪੰਥ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਖੂਹ ਵਿੱਚ ਡਿੱਗਣ ਲਈ ਆਪ ਹੀ ਖੂਹ ਪੁੱਟ ਰਿਹਾ ਹੈ।
ਆਇਰਲੈਂਡ ਦੇ ਇੱਕ ਸ਼ਾਇਰ ਯੀਟਸ ਨੇ ਕਿੰਨੇ ਪੱਤੇ ਦੀ ਗੱਲ ਕਹੀ ਹੈ ਕਿ ਖੂਬਸੂਰਤੀ ਤੇ ਮਾਸੂਮੀਅਤ ਦਾ ਕੋਈ ਦੁਸ਼ਮਣ ਨਹੀਂ ਹੁੰਦਾ, ਪਰ ਵਕਤ ਜ਼ਰੂਰ ਦੁਸ਼ਮਣ ਬਣ ਜਾਂਦਾ ਹੈ। ਪੰਥ ਨੂੰ ਕੀ ਪਤਾ ਸੀ ਕਿ ਉਸ ਨੂੰ ਬੇੜੀਆਂ ਪਾਉਣ ਲਈ ਸਾਜ਼ਿਸ਼ਾਂ ਦੇ ਬਰੀਕ ਸਾਮਾਨ ਕਿੱਥੇ-ਕਿੱਥੇ ਅਤੇ ਕਿਵੇਂ-ਕਿਵੇਂ ਅਤੇ ਕਿਉਂ ਤਿਆਰ ਹੋ ਰਹੇ ਹਨ। ਹੁਣ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਅਗਲੀਆਂ ਫਿਲਮਾਂ ਵਿੱਚ ਕੋਈ ਅਕਸ਼ੈ ਕੁਮਾਰ ਗੁਰੂ ਗੋਬਿੰਦ ਸਿੰਘ ਦਾ ਰੋਲ ਅਦਾ ਕਰੇਗਾ ਜਾਂ ਕੋਈ ਮਾਧੁਰੀ ਬੇਬੇ ਨਾਨਕੀ ਬਣ ਜਾਵੇਗੀ।
ਓਹੀ ਗੱਲ ਹੋਈ। ਇੱਕ ਹੋਰ ਫਿਲਮ ‘ਨਾਨਕ ਸ਼ਾਹ ਫਕੀਰ’ ਨੇ ਪੰਥ ਦੇ ਵਿਹੜੇ ਵਿੱਚ ਸੇਹ ਦਾ ਤੱਕਲਾ ਗੱਡ ਦਿੱਤਾ। ਇਸ ਵਿੱਚ ਗੁਰੂ ਨਾਨਕ ਸਾਹਿਬ ਨੂੰ ਚੱਲਦੇ ਫਿਰਦੇ ਵਿਖਾਇਆ ਗਿਆ ਅਤੇ ਮੇਰੇ-ਤੇਰੇ ਵਰਗਿਆਂ ਨੇ ਬੇਬੇ ਨਾਨਕੀ ਅਤੇ ਮਰਦਾਨੇ ਦਾ ਰੋਲ ਆਪਣੇ ਹੱਥ ਵਿੱਚ ਲੈ ਲਿਆ।
‘ਚਾਰ ਸਾਹਿਬਜ਼ਾਦੇ’ ਫਿਲਮ ਵਿੱਚ ਐਨੀਮੇਸ਼ਨ ਤਕਨੀਕ ਰਾਹੀਂ ਸਾਹਬਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਪੇਸ਼ ਕੀਤਾ ਗਿਆਸੀ ਅਤੇ ਆਮ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਉਹ ਕੌਣ ਹਨ, ਪਰ ਇਸ ਫਿਲਮ ਵਿੱਚ ਪ੍ਰੋਡਿਊਸਰ ਦੀ ਲੜਕੀ ਬੇਬੇ ਨਾਨਕੀ ਬਣਾ ਦਿੱਤੀ ਗਈ।
ਦੂਜੇ ਲਫ਼ਜ਼ਾਂ ਵਿੱਚ ‘ਦੋ ਸਾਹਿਬਜ਼ਾਦੇ’ ਫਿਲਮ ਵਿੱਚ ਜੋ ‘ਗਲਤੀ’ ਕੀਤੀ ਗਈ, ਉਹ ‘ਚਾਰ ਸਾਹਿਬਜ਼ਾਦੇ’ ਫਿਲਮ ਵਿੱਚ ‘ਗੁਨਾਹ’ ਬਣੀ ਅਤੇ ਫਿਰ ਫਿਲਮ ‘ਨਾਨਕ ਸ਼ਾਹ ਫਕੀਰ’ ਵਿੱਚ ਉਸ ਨੇ ਪਾਪ ਦਾ ਦਰਜਾ ਅਖ਼ਤਿਆਰ ਕਰ ਲਿਆ। ਅਜੇ ਪਤਾ ਨਹੀਂ ਪਾਪਾਂ ਦਾ ਇਹ ਲੰਮਾ ਸਿਲਸਲਾ ਕਦੋਂ ਤੱਕ ਜਾਰੀ ਰਹਿਣਾ ਹੈ।
ਸਾਡੇ ਸਮਿਆਂ ਦੇ ਮਹਾਨ ਸਿਧਾਂਤਕ ਸ਼ਾਇਰ ਤੇ ਲੇਖਕ ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਇੱਕ ਕਵਿਤਾ ਵਿੱਚ ਪੰਥ ਅੰਦਰ ਚੋਰੀ-ਚੋਰੀ ਅਤੇ ਅਛੋਪਲੇ ਜਿਹੇ ਦਾਖ਼ਲ ਹੋ ਰਹੀਆਂ ਭਿਆਨਕ ਕੁਰੀਤੀਆਂ ਬਾਰੇ ਚਿਤਾਵਨੀ ਦਿੱਤੀ, ਪਰ ਨਾਲ ਹੀ ਇਹ ਕਹਿ ਕੇ ਹੌਸਲਾ ਵੀ ਦਿੱਤਾ ਕਿ ‘ਨਾ ਰੋ ਬਿਰਖਾ ਸੋਹਣਿਆ ਹਲੇ ਪੱਤ ਹਰੇ।’ ਹੁਣ ਅਸੀਂ ਉਨ੍ਹਾਂ ਹਰੇ ਕਚੂਚ ਪੱਤਿਆਂ ਦਾ ਜ਼ਿਕਰ ਕਰ ਰਹੇ ਹਨ, ਜਿਨ੍ਹਾਂ ਨੇ ਜਜ਼ਬਿਆਂ ਦੀ ਸ਼ਕਲ ਵਿੱਚ ਸਿੱਖੀ ਸਿਧਾਂਤਾਂ ਦਾ ਝੰਡਾ ਬੁਲੰਦ ਕੀਤਾ ਅਤੇ ‘ਨਾਨਕ ਸ਼ਾਹ ਫਕੀਰ’ ਫਿਲਮ ‘ਤੇ ਪਾਬੰਦੀ ਲਾਉਣ ਲਈ ਪੰਥ ਅੰਦਰ ਵਿਚਾਰਾਂ ਤੇ ਜਜ਼ਬਿਆਂ ਦੀ ਇੱਕ ਗੰਭੀਰ ਲਹਿਰ ਚਲਾ ਦਿੱਤੀ।
ਭਾਵੇਂ ਸਿੱਖ ਪੰਥ ਦੀਆਂ ਅਹਿਮ ਸੰਸਥਾਵਾਂ ਵੱਲੋਂ ਆਰੰਭ ਵਿੱਚ ਇਸ ਫਿਲਮ ਨੂੰ ਵੀ ਹਰੀ ਝੰਡੀ ਦੇਣ ਦੇ ਮਨਸੂਬੇ ਤਿਆਰ ਹੋ ਗਏ ਸਨ, ਪਰ ਸੰਗਤਾਂ ਦੇ ਦਬਾਅ ਕਾਰਨ ਇਨ੍ਹਾਂ ਸੰਸਥਾਵਾਂ ਨੂੰ ਝੁਕਣਾ ਪਿਆ ਅਤੇ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਵਿਅਕਤੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋ ਗਏ।
ਵੈਸੇ ਉਨ੍ਹਾਂ ਦੀ ਰੂਹ ਅਜੇ ਵੀ ਪੂਰੀ ਤਰ੍ਹਾਂ ਇਸ ਮੁਹਿੰਮ ਵਿੱਚ ਸ਼ਾਮਲ ਨਹੀਂ ਹੋਈ। ਦੂਜੇ ਪਾਸੇ ਆਪਣੇ ਆਪ ਨੂੰ ਸਿੱਖਾਂ ਦੇ ਖੈਰ-ਖਾਹ ਅਖਵਾਉਣ ਵਾਲੇ ਸਿੱਖ ਤੇ ਗੈਰ-ਸਿੱਖ ਬੁੱਧੀਜੀਵੀ ਵੀ ਆਪਣੀ ਅਕਲ ਦਾ ਪੁੱਠਾ ਪਾਸਾ ਵਰਤ ਕੇ ਵਿੰਗੇ-ਟੇਡੇ ਢੰਗ ਨਾਲ ਜਾਂ ਸਹਿੰਦੇ-ਸਹਿੰਦੇ ਅੰਦਾਜ਼ ਵਿੱਚ ਫਿਲਮ ਦੇ ਹੱਕ ਵਿੱਚ ਬੋਲ ਤੇ ਲਿਖ ਰਹੇ ਹਨ। ਪਰ ਨੌਜਵਾਨਾਂ ਨੇ ਜਿਵੇਂ ਫਿਲਮ ਵਿਰੁੱਧ ਜਜ਼ਬਿਆਂ ਦੀ ਇੱਕ ਨਦੀ ਵਗਾ ਕੇ ਪੰਥ ਦੇ ਵੱਡੇ ਹਿੱਸੇ ਨੂੰ ਆਪਣੇ ਵੱਲ ਕਰ ਰਿਹਾ ਹੈ, ਉਸ ਨੂੰ ਸਿੱਖੀ ਸਿਧਾਂਤਾਂ ਦੀ ਜਿੱਤ ਹੀ ਕਿਹਾ ਜਾਣਾ ਚਾਹੀਦਾ ਹੈ। ਪਰ ਉਨ੍ਹਾਂ ਨੌਜਵਾਨਾਂ ਨੇ ਕੀ ਕੀਤਾ? ਇਹੋ ਇਸ ਲੇਖ ਦੀ ਮੁੱਖ ਬੁਨਿਆਦ ਹੈ।
ਫਿਲਮ ‘ਚਾਰ ਸਾਹਿਬਜ਼ਾਦੇ’ ਬਾਰੇ ਆਸਟ੍ਰੇਲੀਆ ਤੋਂ ਵਿਜੈ ਪਾਲ ਸਿੰਘ ਦੀ ਛਪੀ ਗੰਭੀਰ ਰਚਨਾ ਨੇ ਪੰਥ ਦੇ ਇੱਕ ਹਿੱਸੇ ਨੂੰ ਅਹਿਸਾਸ ਕਰਵਾ ਦਿੱਤਾ ਕਿ ਸਿੱਖ ਲੀਡਰਸ਼ਿਪ ਆਪਣੇ ਰਾਜਨੀਤਕ ਸਵਾਰਥਾਂ ਅਧੀਨ ਗੁੰਮਰਾਹ ਹੋ ਕੇ ਕੋਈ ਵੱਡਾ ਗੁਨਾਹ ਕਰ ਬੈਠੀ ਹੈ।
ਗੁਰੂ-ਪਿਆਰ ਵਿੱਚ ਭਿੱਜੀਆਂ ਦਲੀਲਾਂ ਤੇ ਅਪੀਲਾਂ ਨਾਲ ਭਰਪੂਰ ਵਿਜੈ ਪਾਲ ਸਿੰਘ ਦੀ ਇਹ ਰਚਨਾ ਦੱਸਦੀ ਹੈ ਕਿ ਗੁਰੂਆਂ ਦੀ ਉੱਚੀ ਉਡਾਰੀ ਅਤੇ ਉਨ੍ਹਾਂ ਦੇ ਬਿੰਬ ਨੂੰ ਫਿਲਮ ਵਿੱਚ ਨਹੀਂ ਉਤਾਰਿਆ ਜਾ ਸਕਦਾ। ਦੂਜੇ ਪਾਸੇ ਇੱਕ ਹੋਰ ਨੌਜਵਾਨ ਪ੍ਰਭਜੋਤ ਸਿੰਘ ਨੇ ਇਸ ਫਿਲਮ ਦੇ ਪ੍ਰੋਮੋ ਨੂੰ ਵੇਖ ਕੇ ਹੀ ਆਪਣੀ ਇੱਕ ਰਚਨਾ ਨਾਲ ਪੰਥ ਨੂੰ ਇਸ ਫਿਲਮ ਤੋਂ ਸਾਵਧਾਨ ਕਰ ਦਿੱਤਾ ਸੀ। ਪਰ ਜਦੋਂ ‘ਨਾਨਕ ਸ਼ਾਹ ਫਕੀਰ’ ਦੇ ਰਿਲੀਜ਼ ਹੋਣ ਬਾਰੇ ਖ਼ਬਰ ਆਈ ਅਤੇ ਇਸ ਦੇ ਦ੍ਰਿਸ਼ ਇਸ਼ਤਿਹਾਰ ਦੇ ਤੌਰ ‘ਤੇ ਵੱਖ-ਵੱਖ ਚੈਨਲਾਂ ਵਿੱਚ ਆਉਣ ਲੱਗੇ ਤਾਂ ਪਤਾ ਲੱਗਾ ਕਿ ਇਹ ਫਿਲਮ ਕਈ ਸੱਜਣਾਂ ਨੂੰ ਦਿੱਲੀ ਵਿੱਚ ਵੀ ਵਿਖਾਈ ਗਈ ਸੀ।
ਅਸੀਂ ਇਸ ਗੱਲ ਦੀ ਖੋਜ ਪੜਤਾਲ ਕਰ ਰਹੇ ਹਾਂ ਕਿ ਉਸ ਵਕਤ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਸਨ ਅਤੇ ਉਨ੍ਹਾਂ ਦਾ ਫਿਲਮ ਵੇਖ ਕੇ ਫਿਲਮ ਬਾਰੇ ਕੀ ਰਵੱਈਆ ਤੇ ਪਹੁੰਚ ਸੀ?ਇਸ ਤੋਂ ਇਲਾਵਾ ਜਥੇਦਾਰ ਸਾਹਿਬ ਦਾ ਫਿਲਮ ਬਾਰੇ ਕੀ ਵਿਚਾਰ ਸੀ? ਇਸ ਸਾਰੇ ਵਰਤਾਰੇ ਦੀ ਤੱਥਾਂ ਸਮੇਤ ਖੋਜ ਕੀਤੀ ਜਾਣੀ ਹੈ।
ਇਸ ਤੋਂ ਪਤਾ ਲੱਗੇਗਾ ਕਿ ਸਾਡੇ ਵਿੱਚ ਗੁਰੂ ਸਿਧਾਂਤਾਂ ‘ਤੇ ਪਹਿਰਾ ਦੇਣ ਲਈ ਮਰ ਮਿਟਣ ਵਾਲੀ ਪਿਆਸ ਦੀ ਡਿਗਰੀ ਦਾ ਗ੍ਰਾਫ ਕਿੱਥੇ ਖੜ੍ਹਾ ਹੈ? ਇਹ ਵੀ ਦੇਖਿਆ ਜਾਵੇਗਾ ਕਿ ਜਦੋਂ ਇਨ੍ਹਾਂ ਨੁਮਾਇਦਿਆਂਨੇ ਫਿਲਮ ਵੇਖੀ ਤਾਂ ਇਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਕਿਹੋ ਜਿਹੇ ਸਨ ਅਤੇ ਬਾਅਦ ਵਿੱਚ ਪੰਥਕ ਦਬਾਅ ਹੇਠ ਆ ਕੇ ਉਨ੍ਹਾਂ ਨੇ ਯੂ ਟਰਨ ਕਿਵੇਂ ਲੈ ਲਿਆ? ਇਹ ਵੀ ਪਤਾ ਕਰਨਾ ਬਾਕੀ ਹੈ ਕਿ ਫਿਲਮ ਰਿਲੀਜ਼ ਹੋਣ ਦੀ ਖ਼ਬਰ ਤੋਂ ਪਹਿਲਾਂ ਕੀ ਕੇਨਜ਼ ਫੈਸਟੀਵਲ ਅਤੇ ਨਿਊਯਾਰਕ ਵਿੱਚ ਜਦੋਂ ਫਿਲਮ ਵਿਖਾਈ ਗਈ ਤਾਂ ਇਸ ਦੀ ਖ਼ਬਰ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੀ ਜਾਂ ਨਹੀਂ?
ਕੀ ਜਥੇਦਾਰ ਸਾਹਿਬ ਨੇ ਆਪਣੇ ਸਾਧਨਾਂ ਦੀ ਵਰਤੋਂ ਕਰਕੇ ਇਸ ਫਿਲਮ ਬਾਰੇ ਨਿਰਪੱਖ ਜਾਣਕਾਰੀ ਹਾਸਲ ਕੀਤੀ? ਹੁਣ ਜਦਕਿ ਇਹ ਫਿਲਮ ਵਾਪਸ ਹੋ ਗਈ ਹੈ ਤਾਂ ਫਿਲਮ ਦੇ ਬਣਾਏ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਰਿਲੀਜ਼ ਹੋਣ ਦੀ ਖ਼ਬਰ ਪਿੱਛੋਂ ਸਾਰੇ ਪੜਾਵਾਂ ਬਾਰੇ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਗੁੱਪ-ਸੜੁੱਪ ਹੋ ਕੇ ਕੋਈ ਵੀ ਵਿਅਕਤੀ ਇਹੋ ਜਿਹਾ ਖਤਰਨਾਕ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਹਾਲ ਦੀ ਘੜੀ ਇਹ ਜਿੱਤ ਨੌਜਵਾਨਾਂ ਦੀ ਜਿੱਤ ਹੈ, ਪਰ ਇਹ ਵਕਤੀ ਜਿੱਤ ਹੈ। ਅਜੇ ਵੀ ਅਜਿਹੇ ਵਿਅਕਤੀ ਪੂਰੀ ਤਰ੍ਹਾਂ ਸਰਗਰਮ ਹਨ, ਜੋ ਫਿਲਮ ਦੀ ਕਾਂਟ-ਛਾਂਟ ਕਰਨ ਦਾ ਸੁਝਾਅ ਦੇ ਕੇ ਫਿਲਮ ਨੂੰ ਰਿਲੀਜ਼ ਕਰਨ ਲਈ ਜਥੇਦਾਰ ਸਾਹਿਬ ਵੱਲੋਂ ਹਰੀ ਝੰਡੀ ਦਿਵਾ ਸਕਦੇ ਹਨ। ਪਰ ਜਿਨ੍ਹਾਂ ਨੌਜਵਾਨਾਂ ਨੇ ਸਿਧਾਂਤ ਦੀ ਰਾਖੀ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ, ਉਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
ਵਿਜੈ ਪਾਲ ਸਿੰਘ (ਆਸਟ੍ਰੇਲੀਆ), ਅਵਤਾਰ ਸਿੰਘ (ਇੰਗਲੈਂਡ), ਹਰਕੰਵਲ ਸਿੰਘ (ਕੈਨੇਡਾ), ਸੇਵਕ ਸਿੰਘ (ਭਾਰਤ), ਪਰਮਜੀਤ ਸਿੰਘ ਗਾਜ਼ੀ, ਸਰਬਜੀਤ ਸਿੰਘ (ਖਾਲਸਾ ਫਤਹਿਨਾਮਾ) ਅਤੇ ਬਲਜੀਤ ਸਿੰਘ (ਵੰਗਾਰ) ਵਰਗੇ ਨੌਜਵਾਨਾਂ ਨੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਅਹਿਮ ਯਾਦਗਾਰੀ ਅਤੇ ਇਤਿਹਾਸਕ ਰੋਲ ਅਦਾ ਕੀਤੇ।
ਵਿਜੈ ਪਾਲ ਸਿੰਘ ਨੇ ਦਲੀਲ ਦਿੱਤੀ ਕਿ ਗੁਰੂ ਜਿਸ ਰੁਤਬੇ ‘ਤੇ ਪਹੁੰਚਦਾ ਹੈ ਅਤੇ ਜਿਵੇਂ ਉਸ ਦੀ ਉੱਚੀ ਉਡਾਰੀ ਹੁੰਦੀ ਹੈ, ਉਸ ਡੂੰਘੇ ਅਹਿਸਾਸ ਦਾ ਬਿੰਬ ਕਿਸੇ ਵੀ ਐਨੀਮੇਸ਼ਨ ਦੀ ਤਕਨੀਕ ਨਾਲ ਉਸਾਰਿਆ ਨਹੀਂ ਜਾ ਸਕਦਾ। ਨੌਜਵਾਨ ਪ੍ਰਭਜੋਤ ਸਿੰਘ ਨੇ ਇੱਕ ਲੰਮਾ ਲੇਖ ਲਿਖ ਕੇ ਪੰਥ ਨੂੰ ਚੇਤੇ ਕਰਵਾਇਆ ਕਿ ਬੁੱਤ ਇਕੱਲੇ ਪੱਥਰਾਂ ਦੇ ਨਹੀਂ ਹੁੰਦੇ, ਸਗੋਂ ਅੱਜ ਕੱਲ੍ਹ ਨਵੀਂ ਤਰਜ਼ ਦੇ ਬੁੱਤ ਦਿਖਾਏ ਜਾ ਰਹੇ ਹਨ। ਪਰ ਗੁਰੂ-ਸ਼ਬਦ ਹੀ ਗੁਰੂ ਦੀ ਮੂਰਤ ਹੈ ਅਤੇ ਤਕਨਾਲੋਜੀ ਦੇ ਕਿਸੇ ਸਾਧਨ ਨਾਲ ਉਸ ਨੂੰ ਪਰਦੇ ‘ਤੇ ਲਿਆਉਣਾ ਗੁਰੂ ਦੀ ਤੌਹੀਨ ਹੈ। ਇਹ ਨੌਜਵਾਨ ਤਾਂ ਹੋਰ ਅੱਗੇ ਜਾ ਕੇ ਇਹ ਵੀ ਕਹਿ ਰਿਹਾ ਹੈ ਕਿ ਸਿੱਖਾਂ ਦੇ ਅਵਚੇਤਨ ਜਗਤ ‘ਤੇ ਕਬਜ਼ਾ ਕਰਨ ਦੀ ਇੱਕ ਕੋਸ਼ਿਸ਼ ਹੋ ਰਹੀ ਹੈ। ਬੁੱਤ ਨਵੇਂ ਤਰੀਕੇ ਨਾਲ ਸਿੱਖੀ ਵਿੱਚ ਦਾਖ਼ਲ ਹੋ ਰਿਹਾ ਹੈ।
ਸੇਵਕ ਸਿੰਘ ਨੂੰ ਤਾਂ ਫਿਲਮ ਦੇ ਟਾਈਟਲ ‘ਤੇ ਵੀ ਗੰਭੀਰ ਇਤਰਾਜ਼ ਹੈ, ਕਿਉਂਕਿ ਸ਼ਬਦ ‘ਫਕੀਰ’ ਕਿਸੇ ਵੱਖਰੀ ਪਰੰਪਰਾ ਨਾਲ ਸਬੰਧ ਰੱਖਦਾ ਹੈ। ਉਸ ਪਰੰਪਰਾ ਨਾਲ ਜੁੜੀ ਸਮਝ ਅਤੇ ਵਿਚਾਰ ਨੂੰ ਸਿੱਖਾਂ ਦੇ ਆਪਣੇ ਘਰ ਵਿੱਚ ਲਿਆਉਣਾ ਕਿੱਧਰ ਦੀ ਸਿਆਣਪ ਹੈ?ਸੇਵਕ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਬਾਰੇ ਫਿਲਮ ਬਣਾਉਣ ਤੋਂ ਕੌਣ ਰੋਕਦਾ ਹੈ, ਪਰ ਜਿਹੜੀਆਂ ਚੀਜ਼ਾਂ ਵਰਜਿਤ ਹਨ, ਉਨ੍ਹਾਂ ਨੂੰ ਫਿਲਮ ਵਿੱਚ ਕਦੇ ਵੀ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।
ਕੈਨੇਡਾ ਤੋਂ ਨੌਜਵਾਨ ਹਰਕੰਵਲ ਸਿੰਘ ਨੇ ਇੱਕ ‘ਟਾਕ ਸ਼ੋਅ’ ਵਿੱਚ ਫਿਲਮ ਬਾਰੇ ਜਿਹੜੇ ਇਤਰਾਜ਼ਯੋਗ ਨੁਕਤੇ ਉਠਾਏ, ਉਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਵਿੱਚ ਸਿਧਾਂਤਕ ਸੋਝੀ ਦੇ ਰਹੱਸ ਅਤੇ ਉਸ ਦੀ ਖੁਸ਼ਬੋ ਹੁਣ ਆਮ ਸੰਗਤ ਤੱਕ ਵੀ ਪਹੁੰਚੇਗੀ। ਇਨ੍ਹਾਂ ਨੌਜਵਾਨਾਂ ਦੀ ਮਿਹਨਤ, ਕੁਰਬਾਨੀ ਅਤੇ ਤਿਆਗ ਨੂੰ ਹਰਿੰਦਰ ਸਿੰਘ ਮਹਿਬੂਬ ਦੇ ਇਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਜਾ ਸਕਦਾ ਹੈ:-
ਮੈਂ ਕੋਈ ਬੁੱਤ-ਸ਼ਿਕਨ ਵਣਜਾਰਾ,
ਕੂਕ ਸੁਣੇ ਵਿੱਚ ਮੱਕੇ।
ਤੇਗ ਮਿਰੀ ਬਲਵਾਨ ਗਗਨ ਦੇ,
ਕੋਟ ਸਿਰਾਂ ਨੂੰ ਕੱਪੇ।
ਦੇਣ ਆਵਾਜ਼ਾਂ ਦੇਸ ਦੇਸ ਦੇ,
ਚਹੁੰ ਕੁੰਟੀਂ ਘਰ ਮੈਨੂੰ;
ਬੇ-ਸਿਦਕੇ ਬੁੱਤ-ਪੂਜ ਕੀ ਜਾਨਣ,
ਕੌਲ ਸਮੇਂ ਦੇ ਪੱਕੇ।