July 28, 2016 | By ਸਿੱਖ ਸਿਆਸਤ ਬਿਊਰੋ
ਮੰਦਸੌਰ (ਮੱਧ ਪ੍ਰਦੇਸ਼): ਇੱਥੇ ਰੇਲਵੇ ਸਟੇਸ਼ਨ ਕੋਲ ਮੱਝ ਦਾ ਮੀਟ ਲੈ ਕੇ ਜਾ ਰਹੀਆਂ ਦੋ ਮੁਸਲਿਮ ਔਰਤਾਂ ਉਤੇ ਗਊ ਰੱਖਿਅਕਾਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ। ਪੁਲੀਸ ਨੇ ਬਾਅਦ ਵਿੱਚ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੰਦਸੌਰ ਦੇ ਐਸਪੀ ਮਨੋਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਫੋਨ ਆਇਆ ਕਿ ਰੇਲਵੇ ਸਟੇਸ਼ਨ ਕੋਲ ਦੋ ਔਰਤਾਂ ਦੀ ਗਾਂ ਦਾ ਮਾਸ ਲੈ ਕੇ ਜਾਣ ਦੇ ਸ਼ੱਕ ਵਿੱਚ ਕੁੱਟਮਾਰ ਕੀਤੀ ਗਈ। ਔਰਤ ਅਤੇ ਮਰਦ ਸਿਪਾਹੀ ਮੌਕੇ ਉਤੇ ਗਏ ਅਤੇ ਦੋਵਾਂ ਔਰਤਾਂ ਨੂੰ ਥਾਣੇ ਲੈ ਆਏ। ਇਸ ਮਗਰੋਂ ਮੀਟ ਨੂੰ ਪਰਖ ਲਈ ਭੇਜਿਆ ਗਿਆ, ਜੋ ਮੱਝ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਔਰਤ ਵਿਰੁੱਧ ਪਹਿਲਾਂ ਵੀ ਗ਼ੈਰ ਕਾਨੂੰਨੀ ਤਰੀਕੇ ਨਾਲ ਮੀਟ ਲੈ ਕੇ ਜਾਣ ਦੇ ਦੋਸ਼ ਵਿੱਚ ਕੇਸ ਦਰਜ ਹੋ ਚੁੱਕਾ ਹੈ।
ਦੋਵਾਂ ਔਰਤਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ‘ਜਾਨਵਰਾਂ ਉਤੇ ਅਤਿਆਚਾਰ ਦੀ ਰੋਕਥਾਮ ਐਕਟ-1960’ ਦੀਆਂ ਸਬੰਧਤ ਧਾਰਾਵਾਂ ਅਧੀਨ ਰਿਮਾਂਡ ਦੇ ਦਿੱਤਾ ਗਿਆ। ਕੋਤਵਾਲੀ ਥਾਣੇ ਦੇ ਮੁਖੀ ਐਮ.ਪੀ. ਸਿੰਘ ਪਰਿਹਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਔਰਤਾਂ ਗਾਂ ਦਾ ਮਾਸ ਲੈ ਕੇ ਜਾਓੜਾ ਤੋਂ ਮੰਦਸੌਰ ਆ ਰਹੀਆਂ ਹਨ। ਜਦੋਂ ਰੇਲਵੇ ਸਟੇਸ਼ਨ ਬਾਹਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਨ੍ਹਾਂ ਕੋਲ 30 ਕਿਲੋ ਮੀਟ ਸੀ।
Related Topics: Beef Issue, Hindu Groups, Madhya Pradesh, Muslims in India