May 1, 2015 | By ਸਿੱਖ ਸਿਆਸਤ ਬਿਊਰੋ
ਦਿੱਲੀ (30 ਅਪ੍ਰੈਲ, 2015): ਪੰਜਾਬ ਦੇ ਮੋਗਾ ਜਿਲੇ ਵਿੱਚ ਬਾਦਲ ਪਰਿਵਾਰ ਦੀ ਨਿੱਜ਼ੀ ਬੱਸ ਕੰਪਨੀ ਔਰਬਿਟ ਦੇ ਚਾਲਕ ਅਮਲੇ ਦੀ ਮਿਲੀ ਭੁਗਤ ਨਾਲ ਮਾਂ-ਧੀ ਨਾਲ ਛੇੜਖਾਨੀ ਕਰਨ ਤੋਂ ਬਾਅਦ ਚੱਲਦੀ ਬੱਸ ਵਿੱਚੋਂ ਧੱਕੇ ਮਾਰਕੇ ਬਾਹਰ ਸੁੱਟਣ ਦੀ ਘਟਨਾ, ਜਿਸ ਵਿੱਚ ਧੀ ਦੀ ਮੌਤ ਹੋ ਗਈ ਸੀ, ਦਾ ਮਾਮਲਾ ਅੱਜ ਭਾਰਤੀ ਲੋਕ ਸਭਾ ਵਿੱਚ ੳੇੁੱਠਿਆ।
ਇਸ ਗੰਭੀਰ ਘਟਨਾ ਨੂੰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਸਪਾ ਨੇ ਸੰਸਦ ਅਤੇ ਸੰਸਦ ਤੋਂ ਬਾਹਰ ਵੀ ਜ਼ੋਰ ਸ਼ੋਰ ਨਾਲ ਉਠਾਇਆ ਹੈ।ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸੰਤੋਖ ਚੌਧਰੀ, ‘ਆਪ’ ਸੰਸਦ ਮੈਂਬਰ ਧਰਮਬੀਰ ਗਾਂਧੀ ਅਤੇ ਭਗਵੰਤ ਮਾਨ ਵੱਲੋਂ ਜਿੱਥੇ ਜ਼ੀਰੋ ਆਵਰ ਦੌਰਾਨ ਸਪੀਕਰ ਦੇ ਮੰਚ ਅੱਗੇ ਜਾ ਕੇ ਮਾਮਲਾ ਉਠਾਇਆ ਗਿਆ, ਉੱਥੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਬਿਆਨ ਜਾਰੀ ਕਰਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ।
ਕਈ ਹਲਕਿਆਂ ਨੇ ਇਸ ਕਾਂਡ ਨੂੰ ਦਿੱਲੀ ਦੇ ਨਿਰਭੈਆ ਕਾਂਡ ਤੋਂ ਵੀ ਜ਼ਿਆਦਾ ਸ਼ਰਮਨਾਕ ਅਤੇ ਘਾਤਕ ਦੱਸਿਆ ਹੈ।ਇਸ ਤੋਂ ਇਲਾਵਾ ਕਿਸਾਨਾਂ ਦੇ ਮੁੱਦੇ ‘ਤੇ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਦਾ ਘਿਰਾਓ ਕਰਨ ਗਏ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਵੀ ਮਾਮਲੇ ਨੂੰ ਉਠਾਉਂਦਿਆਂ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੋਂ ਤੱਕ ਕਿ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਵੀ ਇਸ ਮਾਮਲੇ ਨੂੰ ਮੰਦਭਾਗਾ ਦੱਸਿਆ ਹੈ।ਦੂਜੇ ਪਾਸੇ ਵੂਮੈਨ ਕਮਿਸ਼ਨ ਦਿੱਲੀ ਦੀ ਚੇਅਰਪਰਸਨ ਬਰਖਾ ਸ਼ੁਕਲਾ ਨੇ ਵੀ ਮਾਮਲੇ ਦੀ ਸੁਣਵਾਈ ਫਾਸਟ ਟ੍ਰੈਕ ਅਦਾਲਤ ‘ਚ ਕਰਨ ਦੀ ਮੰਗ ਉਠਾਈ ਹੈ।’ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਆਰਬਿਟ ਕੰਪਨੀ ਦਾ ਹਰ ਇਕ ਮੁਲਾਜ਼ਮ ਖੁਦ ਨੂੰ ਸੁਖਬੀਰ ਸਿੰਘ ਬਾਦਲ ਸਮਝਦਾ ਹੈ ।
Related Topics: All India Sikh Conference, Apna Punjab Party APP, BSP, Parkash Singh Badal, Punjab, ਹਰਸਿਮਰਤ ਕੌਰ ਬਾਦਲ (Harsimrat Kaur Badal)