August 28, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ : ਮਾਤਾ ਸੁਖਵੰਤ ਕੌਰ ਦੇ ਪਤੀ ਅਤੇ ਪਿਤਾ ਨੂੰ ਪੰਜਾਬ ਪੁਲੀਸ ਨੇ ਤਕਰੀਬਨ 26 ਸਾਲ ਪਹਿਲਾਂ ਜਬਰੀ ਚੁੱਕ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਮੁੜ ਕਦੇ ਘਰ ਨਹੀਂ ਪਰਤੇ। ਇਸ ਮਾਮਲੇ ਵਿੱਚ ਭਾਰਤੀ ਅਦਾਲਤਾਂ ਤੋਂ ਨਿਆਂ ਦੀ ਉਡੀਕ ਕਰ ਰਹੀ ਮਾਤਾ ਨੂੰ ਉਸ ਵੇਲੇ ਆਸ ਦੀ ਕਿਰਨ ਦਿਸੀ ਹੈ ਜਦੋਂ ਸੀਬੀਆਈ ਦੀ ਮੁਹਾਲੀ ਸਥਿਤ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਉਸ ਦੇ ਬਿਆਨ ਕਲਮਬੱਧ ਕੀਤੇ ਗਏ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਸਾਮਣੇ ਕਬੀਰ ਪਾਰਕ ਇਲਾਕੇ ਵਿੱਚ ਰਹਿੰਦੀ ਮਾਤਾ ਸੁਖਵੰਤ ਕੌਰ (76), ਜੋ ਡੀਪੀਆਈ ਵਜੋਂ ਸੇਵਾਮੁਕਤ ਹੋਈ ਹੈ, ਨੇ ਆਖਿਆ ਕਿ ਉਸ ਦੀ ਇੱਛਾ ਸੀ ਕਿ ਇਸ ਮਾਮਲੇ ਵਿੱਚ ਇਕ ਵਾਰ ਉਸ ਦੇ ਬਿਆਨ ਅਦਾਲਤ ਵਿੱਚ ਕਲਮਬੱਧ ਕੀਤੇ ਜਾਣ। ਉਸ ਨੇ ਆਖਿਆ ਕਿ ਸੀ.ਬੀ.ਆਈ. ਅਦਾਲਤ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਉਸ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਮਾਤਾ ਨੇ ਕਿਹਾ ਕਿ ਇਹ ਕਾਰਵਾਈ ਉਸ ਲਈ ਆਸ ਦੀ ਕਿਰਨ ਵਾਂਗ ਹੈ ਕਿਉਂਕਿ ਉਸ ਦਾ ਪਰਿਵਾਰ ਲੰਬੇ ਸਮੇਂ ਤੋਂ ਨਿਆਂ ਲਈ ਲੜ ਰਿਹਾ ਹੈ।
ਮਾਤਾ ਸੁਖਵੰਤ ਕੌਰ ਦੇ ਪਿਤਾ ਅਤੇ ਪਤੀ ਨੂੰ ਪੰਜਾਬ ਪੁਲੀਸ ਵੱਲੋਂ ਚੁੱਕੇ ਜਾਣ ਦੇ ਮਾਮਲੇ ਵਿੱਚ ਪਹਿਲੀ ਵਾਰ 1998 ਵਿੱਚ ਸੀ.ਬੀ.ਆਈ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਮਗਰੋਂ 2006 ਤੇ 2007 ਵਿੱਚ ਇਸ ਬਾਰੇ ਆਦੇਸ਼ ਆਏ ਸਨ। ਸਾਲ 2008 ਵਿੱਚ ਜਦੋਂ ਜਾਂਚ ਤੋਂ ਬਾਅਦ ਅਦਾਲਤੀ ਕਾਰਵਾਈ ਸ਼ੁਰੂ ਹੋਈ ਤਾਂ ਭਾਰਤੀ ਸੁਪੀਰਮ ਕੋਰਟ ਵੱਲੋਂ ਦੋ ਵਾਰ ਕਾਰਵਾਈ ਰੋਕ ਦਿੱਤੀ ਗਈ। ਹੁਣ ਇਸ ਮਾਮਲੇ ਵਿੱਚ ਹੇਠਲੀ ਅਦਾਲਤ ਵਿਚ ਮੁੜ ਕਾਰਵਾਈ ਸ਼ੁਰੂ ਹੋਈ ਹੈ।
ਮਾਤਾ ਸੁਖਵੰਤ ਕੌਰ ਦੇ ਪਰਵਾਰ ਦੇ ਜੀਆਂ ਨੂੰ ਸਰਹਾਲੀ ਪੁਲਿਸ ਨੇ 1992 ਵਿੱਚ ਚੁੱਕਿਆ ਸੀ:
ਪੰਜਾਬ ਵਿੱਚ ਚੱਲੀ ਖਾੜਕੂ ਲਹਿਰ ਦੌਰਾਨ ਮਾਤਾ ਸੁਖਵੰਤ ਕੌਰ ਦੇ ਪਰਿਵਾਰ ਦੇ ਤਿੰਨ ਜੀਅ ਪੰਜਾਬ ਪੁਲੀਸ ਵੱਲੋ ਚੁੱਕ ਕੇ ਲਾਪਤਾ ਕਰ ਦਿੱਤੇ ਗਏ ਸਨ। ਅਕਤੂਬਰ 1992 ਵਿੱਚ ਉਸ ਦੇ ਪਤੀ ਸੁਖਦੇਵ ਸਿੰਘ ਅਤੇ ਪਿਤਾ ਸੁਲੱਖਣ ਸਿੰਘ ਨੂੰ ਸਰਹਾਲੀ ਪੁਲੀਸ ਨੇ ਚੁੱਕ ਲਿਆ ਸੀ।ਉਪਰੰਤ ਉਸ ਦੇ ਵੱਡੇ ਪੁੱਤਰ ਬਲਜਿੰਦਰ ਸਿੰਘ ਨੂੰ ਵੀ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਲਵਾਰਿਸ ਦਸ ਕੇ ਸਸਕਾਰ ਕਰ ਦਿੱਤਾ ਗਿਆ ਸੀ।
ਉਸਦੇ ਪਤੀ ਸਰਕਾਰੀ ਸਕੂਲ ਵਿੱਚ ਉਪ-ਮੁੱਖ ਅਧਿਆਪਕ ਸਨ, ਜਦੋਂਕਿ ਉਸ ਦੇ ਪਿਤਾ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਮੋਘਾ ਮੋਰਚੇ ਦੌਰਾਨ ਲਾਹੌਰ ਵਿੱਚ ਜੇਲ੍ਹ ਵੀ ਕੱਟੀ ਸੀ। ਉਸ ਨੇ ਦੱਸਿਆ ਕਿ ਅਕਤੂਬਰ 1992 ਵਿੱਚ ਉਸ ਦੇ ਪਿਤਾ ਉਨ੍ਹਾਂ ਨੂੰ ਮਿਲਣ ਆਏ ਹੋਏ ਸਨ। ਇਸ ਦੌਰਾਨ ਸਰਹਾਲੀ ਪੁਲੀਸ ਉਸਦੇ ਪਤੀ ਅਤੇ ਪਿਤਾ ਦੋਵਾਂ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਨੂੰ ਤਿੰਨ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ ਅਤੇ ਮਗਰੋਂ ਉਨ੍ਹਾਂ ਦਾ ਲਾਪਤਾ ਹੋਣਾ ਇੱਕ ਭੇਦ ਬਣ ਗਿਆ। ਬਾਅਦ ਵਿੱਚ ਪੰਜਾਬ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਪਿਤਾ ਅਤੇ ਪਤੀ ਨੂੰ ਚੁੱਕਿਆ ਹੀ ਨਹੀਂ ਸੀ।
ਕੋਰੇ ਕਾਗਜ਼ ‘ਤੇ ਦਸਤਖਤ ਕਰਵਾ ਕੇ ਪੁਲਿਸ ਨੇ ਮੌਤ ਦਾ ਤਸਦੀਕ ਪੱਤਰ ਦਿੱਤਾ ਸੀ:
ਮਾਤਾ ਨੇ ਦੱਸਿਆ ਕਿ ਇਕ ਦਿਨ ਪੁਲੀਸ ਅਧਿਕਾਰੀਆਂ ਨੇ ਜਬਰੀ ਉਸ ਕੋਲੋਂ ਚਿੱਟੇ ਕਾਗਜ਼ ਤੇ ਦਸਤਖ਼ਤ ਕਰਵਾ ਲਏ ਅਤੇ ਮਗਰੋਂ ਉਸ ਦੇ ਪਤੀ ਦੀ ਮੌਤ ਦਾ ਤਸਦੀਕ ਪੱਤਰ ਦੇ ਦਿੱਤਾ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਕੁਦਰਤੀ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਪਤੀ ਅਤੇ ਪਿਤਾ ਨੂੰ ਚੁੱਕੇ ਜਾਣ ਮਗਰੋਂ ਸਿਰਫ 26 ਦਿਨ ਬਾਅਦ ਹੀ ਉਸ ਦਾ ਵੱਡਾ ਪੁੱਤਰ ਜੋ ਕੇ ਅੰਮ੍ਰਿਤਧਾਰੀ ਨੌਜਵਾਨ ਸੀ ਅਤੇ ਪੋਲੀਟੈਕਨਿਕ ਸੰਸਥਾ ਦਾ ਵਿਿਦਆਰਥੀ ਸੀ, ਨੂੰ ਪਹਿਲਾਂ ਸੀ.ਆਰ.ਪੀ.ਐਫ ਨੇ ਇਕ ਬੱਸ ਵਿਚੋਂ ਉਤਾਰ ਕੇ ਕਾਬੂ ਕੀਤਾ ਅਤੇ ਉਸ ਦੀ ਅਣਮਨੁੱਖੀ ਮਾਰਕੁੱਟ ਕੀਤੀ। ਮਗਰੋਂ ਉਸਨੂੰ ਪੰਜਾਬ ਪੁਲੀਸ ਲੈ ਗਈ। ਉਸ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਪੁੱਤਰ ਨੂੰ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਸੀ।
ਬਾਪੂ ਚਮਨ ਲਾਲ ਆਪਣੇ ਪੁੱਤਰ ਦੇ ਮਾਮਲੇ ਵਿੱਚ ਇਹ ਦਿਨ ਵੇਖਣੋਂ ਪਹਿਲਾਂ ਹੀ ਜਹਾਨੋਂ ਤੁਰ ਗਿਆ ਸੀ:
ਲੰਬੀ ਉਡੀਕ ਤੋਂ ਬਾਅਦ ਮਾਤਾ ਸੁਖਵੰਤ ਕੌਰ ਦੇ ਬਿਆਨ ਸੀ.ਬੀ.ਆਈ. ਅਦਾਲਤ ਵਿੱਚ ਕਲਮਬੱਧ ਕੀਤੇ ਜਾ ਰਹੇ ਹਨ ਪਰ ਅਜਿਹੇ ਕਈ ਹਨ ਜੋ ਇਸ ਦਿਨ ਦੀ ਉਡੀਕ ਵਿੱਚ ਹੀ ਜਹਾਨੋਂ ਚਲੇ ਗਏ। ਬਾਪੂ ਚਮਨ ਲਾਲ ਦੇ ਪੁੱਤਰ ਨੂੰ ਵੀ ਪੰਜਾਬ ਪੁਲਿਸ ਨੇ ਚੁੱਕ ਕੇ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ। 1947 ਦੀ ਵੰਡ ਵਿੱਚ ਆਪਣੇ ਪਰਵਾਰ ਦੇ ਕਈ ਜੀਅ ਗਵਾਉਣ ਵਾਲਾ ਬਾਪੂ ਚਮਨ ਲਾਲ ਆਪਣੀ ਜਿੰਦਗੀ ਦੇ ਅਖੀਰਲੇ ਦਹਾਕੇ ਤੱਕ ਆਪਣੇ ਪੁੱਤਰ ਲਈ ਇਨਸਾਫ ਲੈਣ ਤੇ ਆਪਣੇ ਬਿਆਨ ਭਾਰਤੀ ਅਦਾਲਤਾਂ ਵਿੱਚ ਕਲਮਬੱਧ ਕਰਵਾਉਣ ਲਈ ਜੱਦੋਜਹਿਦ ਕਰਦਾ ਰਿਹਾ ਤੇ ਅਖੀਰ ਸੌ ਸਾਲ ਤੋਂ ਵਧੀਕ ਉਮਰ ਭੋਗ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ ਪਰ ਭਾਰਤੀ ਅਦਾਲਤਾਂ ਨੇ ਉਸ ਨੂੰ ਅਜਿਹੇ ਚੱਕਰਾਂ ਵਿੱਚ ਉਲਝਾਈ ਰੱਖਿਆ ਕਿ ਉਸ ਦੇ ਬਿਆਨ ਦਰਜ਼ ਹੀ ਨਾ ਕੀਤੇ। (ਬਾਪੂ ਚਮਨ ਲਾਲ ਦੇ ਮਾਮਲੇ ਬਾਰੇ ਹੋਰ ਵਧੇਰੇ ਜਾਣੋ)।
ਅਦਾਲਤੀ ਕਾਰਵਾਈ ਵੀ ਬੱਸ ਕੁਝ ਕੁ ਮਾਮਲਿਆਂ ਵਿੱਚ ਹੀ ਹੋ ਰਹੀ ਹੈ:
1980-90ਵਿਆਂ ਦੌਰਾਨ ਪੰਜਾਬ ਵਿੱਚ ਬੜੇ ਵੱਡੇ ਪੱਧਰ ‘ਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਜਿਸ ਵਿੱਚ ਭਾਰਤ ਦੇ ਫੌਜੀ ਤੇ ਨੀਮਫੌਜੀ ਦਸਤਿਆਂ ਅਤੇ ਪੁਲਿਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹਜ਼ਾਰਾਂ ਸਿੱਖਾਂ ਨੂੰ ਚੁੱਕ ਕੇ ਜ਼ਬਰੀ ਲਾਪਤਾ ਕਰ ਦਿੱਤਾ ਗਿਆ ਅਤੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ। ਇਨ੍ਹਾਂ ਵਿਚੋਂ ਬਹੁਤ ਥੋੜ੍ਹੇ ਮਾਮਲੇ ਹਨ ਜਿਹਨਾਂ ਵਿੱਚ ਸੀ.ਬੀ.ਆਈ. ਦੀ ਜਾਂਚ ਹੋਈ ਹੈ ਤੇ ਜਿਹਨਾਂ ਵਿੱਚ ਹੁਣ ਤਕਰੀਬਨ ਡੇਢ-ਦੋ ਦਹਾਕੇ ਬਾਅਦ ਅਦਾਲਤੀ ਕਾਰਵਾਈ ਹੋ ਰਹੀ ਹੈ। ਬਹੁਤੇ ਮਾਮਲੇ ਅਜਿਹੇ ਹਨ ਜਿਹਨਾਂ ਵਿੱਚ ਕਦੇ ਵੀ ਕੋਈ ਕਾਰਵਾਈ ਸ਼ੁਰੂ ਹੀ ਨਹੀਂ ਹੋਈ।
Related Topics: Bapu Chaman Lal (Tarn Taran), CBI, Human Rights Violation in India, Human Rights Violation in Punjab, Mata Satwant Kaur, Punjab Police Atrocities, ਪੰਜਾਬ ਪੁਲਿਸ (Punjab Police)