September 7, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ਸਿੱਖਾਂ ਬਾਰੇ ਨਫ਼ਰਤੀ ਸ਼ਬਦ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ।
ਐਨਬੀਸੀ ਦੀ ਰਿਪੋਰਟ ਮੁਤਾਬਕ ਇਕ ਚਸ਼ਮਦੀਦ ਨੇ ਇਹ ਨਫਰਤੀ ਸ਼ਬਦ ਲਿਖਣ ਵਾਲੇ ਦਾ ਵਿਰੋਧ ਕੀਤਾ ਅਤੇ ਉਸ ਦੀ ਮੋਬਾਈਲ ਫੋਨ ’ਤੇ ਵੀਡੀਓ ਬਣਾ ਲਈ। ਚਸ਼ਮਦੀਦ ਕਰਨਾ ਰੇਅ ਨੇ ਦੱਸਿਆ, ‘ਮੈਂ ਕਿਹਾ, ਮੈਂ ਪੁਲਿਸ ਨੂੰ ਫੋਨ ਕਰਨ ਜਾ ਰਿਹਾ ਹਾਂ ਤਾਂ ਉਸ ਨੇ ਕਿਹਾ ਕਿ ਉਸ ਨੂੰ ਡਰ ਲੱਗ ਰਿਹਾ ਹੈ ਪਰ ਬਾਅਦ ਵਿੱਚ ਕਹਿੰਦਾ ਮੈਂ, ਤੇਰਾ ਗਲ ਵੱਢ ਦੇਵਾਂਗਾ।’ ਹਾਲੀਵੁੱਡ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਿਊਯਾਰਕ ਦਾ ਰਹਿਣ ਵਾਲਾ ਕਰਨਾ ਰੇਅ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਜਦੋਂ ਉਸ ਨੇ ਇਕ ਬੰਦੇ ਨੂੰ ਗੁਰਦੁਆਰੇ ਦੀ ਚਿੱਟੀ ਕੰਧ ’ਤੇ ਕਾਲੇ ਰੰਗ ਨਾਲ ਇਹ ਨਫਰਤੀ ਸ਼ਬਦ ਲਿਖਦੇ ਦੇਖਿਆ ਅਤੇ ਉਸ ਨੇ ਆਪਣੇ ਮੋਬਾਈਲ ਫੋਨ ’ਤੇ ਉਸ ਦੀ ਰਿਕਾਰਡਿੰਗ ਕਰ ਲਈ।
ਇਸ ਤੋਂ ਬਾਅਦ ਉਸ ਨੇ ਇਹ ਵੀਡੀਓ ਫੇਸਬੁੱਕ ’ਤੇ ਅਪਲੋਡ ਕਰ ਦਿੱਤੀ, ਜਿਸ ’ਤੇ ਹਜ਼ਾਰਾਂ ਟਿੱਪਣੀਆਂ ਆਈਆਂ। ਰੇਅ ਦੀ ਫੇਸਬੁੱਕ ਪੋਸਟ ਮੁਤਾਬਕ ਉਸ ਵੱਲੋਂ ਪੁਲਿਸ ਬੁਲਾਉਣ ਦੀ ਗੱਲ ਕਹਿਣ ’ਤੇ ਨਫਰਤੀ ਸ਼ਬਦ ਲਿਖਣ ਵਾਲੇ ਨੇ ਉਸ ਨੂੰ ਬਲੇਡ ਦਿਖਾ ਕੇ ਧਮਕਾਇਆ। ਇਸ ਗੁਰਦੁਆਰੇ ਦੇ ਇਕ ਮੈਂਬਰ ਸਰਬ ਗਿੱਲ ਨੇ ਕਿਹਾ, ‘ਮੈਂ ਇਹ ਸੰਦੇਸ਼ ਲਿਖਣ ਵਾਲੇ ਵਿਅਕਤੀ ਨੂੰ ਗੁਰਦੁਆਰੇ ਸੱਦਣਾ ਚਾਹਾਂਗਾ ਅਤੇ ਉਸ ਨੂੰ ਦਿਖਾਵਾਂਗਾ ਕਿ ਸਿੱਖ ਭਾਈਚਾਰਾ ਕਿਸ ਚੀਜ਼ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਹ ਕੀ ਗੁਆ ਰਿਹਾ ਹੈ।’ ਕੈਲੀਫੋਰਨੀਆ ਸਿੱਖ ਕੌਂਸਲ ਦੇ ਨਿਰੰਜਣ ਸਿੰਘ ਖਾਲਸਾ ਵੱਲੋਂ ਇਸ ਮਾਮਲੇ ਸਬੰਧੀ ਲਾਸ ਏਂਜਲਸ ਪੁਲਿਸ ਮਹਿਕਮੇ ਨਾਲ ਤਾਲਮੇਲ ਬਣਾਇਆ ਹੋਇਆ ਹੈ।
Related Topics: Racism in America, racism in california, Racism in USA, Sikhs in America, Sikhs in California, Sikhs in Untied States