February 7, 2018 | By ਸਿੱਖ ਸਿਆਸਤ ਬਿਊਰੋ
– ਸ. ਸੁਖਦੇਵ ਸਿੰਘ “ਭੌਰ”
” ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ” ਸ੍ਰੀ ਗੁਰੂ ਅਰਜਨ ਦੇਵ ਜੀ ਦੇ , ਸ੍ਰੀ ਹਰਿਮੰਦਰ ਸਾਹਿਬ , ਪ੍ਤਤੀ ਉਚਾਰੇ ਇਹ ਸ਼ਬਦ ਦਰਸਾਉਂਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਬਰਾਬਰੀ ਦੁਨੀਆਂ ਦਾ ਕੋਈ ਵੀ ਅਸਥਾਨ ਨਹੀਂ ਕਰ ਸਕਦਾ। ”ਗੁਰੂ ਸਾਹਿਬ ਨੇ ” ਰਾਮ ਦਾਸ ਪੁਰ “ਨੂੰ ਵਸਾਉਣ ਲੱਗਿਆਂ ਜਿੱਥੇ ,ਮਨੁੱਖਤਾ ਦੇ ਸਰਬ ਸਾਂਝੇ ਅਸਥਾਨ ਦੀ ਧਾਰਮਿਕ ਅਤੇ ਸਮਾਜਕ ਉਚੱਤਾ ਦਾ ਵਿਸ਼ੇਸ਼ ਧਿਆਨ ਰੱਖਿਆ , ਉੱਥੇ, ਮਨੁੱਖੀ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ, ਵੱਖ ਵੱਖ ਕਿੱਤਿਆਂ ਨਾਲ ਜੁੜੇ ਕਿਰਤੀਆਂ ਨੂੰ ਇਸ ਪਾਵਨ ਅਸਥਾਨ ਦੇ ਨਜ਼ਦੀਕ ਵਸਾ ਕੇ , ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਹੁਕਮ ” ਕਿਰਤ ਕਰੋ , ਨਾਮ ਜਪੋ ਅਤੇ ਵੰਡ ਕੇ ਛਕੋ ” ਨੂੰ ਭੀ ਬਾਖੂਬੀ ਉਜਾਗਰ ਕੀਤਾ। ਵੱਖ ਵੱਖ ਕਿੱਤਿਆਂ ਨਾਲ ਸੰਬੰਧਤ ਬਾਜ਼ਾਰ ਅੱਜ ਭੀ ਇਸ ਕਾਰਜ ਦੀ ਗਵਾਹੀ ਭਰਦੇ ਹਨ ਭਾਵੇਂ ਸੁੰਦਰਤਾ ਦੇ ਨਾਉਂ ਤੇ ਅਜੋਕੇ ਹਾਕਮਾਂ ਨੇ ਇਨ੍ਹਾਂ ਬਾਜ਼ਾਰਾਂ ਦੀ ਮਹੱਤਤਾ ਦੇ ਸੰਕਲਪ ਨੂੰ ਕਾਫੀ ਸੱਟ ਭੀ ਮਾਰੀ ਹੈ।
ਸ੍ਰੀ ਹਰਿਮੰਦਰ ਸਾਹਿਬ ਖਾਲਸਾ ਪੰਥ ਦੇ ਕੇਂਦਰੀ ਧਾਰਮਿਕ ਅਸਥਾਨ ਦਾ ਰੁਤਬਾ ਰੱਖਦਾ ਹੈ। 1604 , ਜਦੋਂ ਤੋਂ ਗੁਰੂ ਸਾਹਿਬ ਜੀ ਨੇ ” ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ” ਦਾ ਪਹਿਲਾ ਪ੍ਰਕਾਸ਼ ਇਸ ਪਵਿੱਤਰ ਅਸਥਾਨ ਤੇ ਖੁੱਦ ਕਰਵਾਇਆ ਹੈ ਇਹ ਪਵਿੱਤਰ ਅਸਥਾਨ ਸਿੱਖ ਪੰਥ ਲਈ ਸ਼ਰਧਾ, ਦ੍ਰਿੜ੍ਹਤਾ ,ਸੇਵਾ -ਸਿਮਰਨ ਅਤੇ ਪੰਥ ਪਿਆਰ ਵਿੱਚ ਮਰ ਮਿੱਟਣ ਦੀ ਪ੍ਰੇਰਨਾਂ ਦਾ ਸਰੋਤ ਰਿਹਾ ਹੈ।
ਮਾਲਵੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਹੂ ਬ ਹੂ ਨਕਲ ਕਰ ਕੇ ਇੱਕ ਧਾਰਮਿਕ ਅਸਥਾਨ ਬਣਾਉਣ ਦੀ ਹਿਮਾਕਤ ਨੇ ਹਰ ਸ਼ਰਧਾਵਾਨ ਸਿੱਖ ਦੀ ਮਾਨਸਿਕਤਾ ਨੂੰ ਬਿਨਾਂ ਸ਼ੱਕ ਪ੍ਰਭਾਵਤ ਕੀਤਾ ਹੈ , ਜਿਸ ਦਾ ਨੋਟਿਸ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੌਮਣੀ ਕਮੇਟੀ ਨੇ ਭੀ ਵਕਤ-ਵ-ਵਕਤ ਲਿਆ ਤਾਂ ਹੈ ਪਰ ਕਾਰਵਾਈ ਕੋਈ ਨਹੀਂ ਕੀਤੀ। ਕਈ ਸਾਲਾਂ ਤੋਂ ਸਬ ਕਮੇਟੀਆਂ ਹੀ ਬਣੀ ਜਾਂਦੀਆਂ ਹਨ।ਇਕ ਪੜ੍ਹਤਾਲੀਆ ਕਮੇਟੀ ਵਿੱਚ ਦਾਸ ਭੀ ਸ਼ਾਮਿਲ ਸੀ, ਸ੍ਰ. ਰੂਪ ਸਿੰਘ ਮੌਜੂਦਾ ਮੁਖ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਕੁੱਝ ਹੋਰ ਪ੍ਰਮੁੱਖ ਮੈਂਬਰ ਭੀ ਸ਼ਾਮਿਲ ਸਨ , ਅਸੀਂ ਮੌਕਾ ਦੇਖਣ ਉਪਰੰਤ ਵਿਵਾਦਤ ਢਾਂਚੇ ਨੂੰ ਗਿਰਾਉਣ ਦੀ ਸਿਫਾਰਸ਼ ਕੀਤੀ ਸੀ। ਇਹ ਘਟਨਾਂ ਸ਼ਾਇਦ ਦਸ ਸਾਲ ਪਹਿਲਾਂ ਦੀ ਹੈ। ਕੋਈ ਕਾਰਵਾਈ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ।
ਹੁਣ ਜਦੋਂ ਸ੍ਰ. ਪੁਰਸ਼ੋਤਮ ਸਿੰਘ ” ਫੱਗੂਵਾਲਾ ” ਨੇ ਲੰਮੇ ਸਮੇ ਦੀ ਉਡੀਕ ਤੋਂ ਬਾਅਦ “ਮਰਨ ਵਰਤ ” ਰੱਖ ਕੇ ਇਸ ਮੁੱਦੇ ਵੱਲ ਇੱਕ ਵਾਰ ਫਿਰ , ਕੌਮ ਦਾ ਧਿਆਨ ਖਿੱਚਿਆ ਹੈ ਤਾਂ ਪ੍ਰਧਾਨ ਸ਼ਿਰੋਮਣੀ ਕਮੇਟੀ ਨੇ ਇੱਕ ਹੋਰ ਸਬ ਕਮੇਟੀ ਦਾ ਗਠਨ ਕਰ ਕੇ ਮਸਲੇ ਨੂੰ ਹੋਰ ਲਮਕਾਉਣ ਦੀ ਗੰਭੀਰ ਸਾਜਿਸ਼ ਰਚ ਦਿੱਤੀ ਹੈ। ਸਬ ਕਮੇਟੀ ਤਾਂ ਇਸ ਲਈ ਬਣਨੀ ਚਾਹੀਦੀ ਹੈ ਕਿ ਹੁਣ ਤੱਕ ਕੋਈ ਕਾਰਵਾਈ ਨਾਂ ਹੋਣ ਪਿੱਛੇ ਕੌਣ ਕੌਣ ਸ਼ਾਮਿਲ ਹੈ। ਕੀ ਮਜਬੂਰੀ ਹੈ ਕਿ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਤੇ ਨਾਂ ਹੀ ਤਖ਼ਤ ਸ੍ਰੀ ਦਮਦਮਾਂ ਸਾਹਿਬ ਦਾ ਜਥੇਦਾਰ ਇਸ ਮਸਲੇ ਵੱਲ ਕੋਈ ਧਿਆਨ ਦੇ ਰਹੇ ਹਨ। ਪ੍ਰਧਾਨ ਸ਼ਿਰੋਮਣੀ ਕਮੇਟੀ ਦਾ ਆਪਣਾ ਹਲਕਾ ਹੈ ਜਿੱਥੇ ਇਹ ਸਭ ਕੁੱਝ ਪਿੱਛਲੇ ਲੰਮੇ ਸਮੇ ਤੋਂ ਵਾਪਰ ਰਿਹਾ ਹੈ ਅਜੇਹੀ ਕਿਹੜੀ ਗੱਲ ਹੈ ਜਿਸ ਦਾ ਪ੍ਰਧਾਨ ਸਾਹਿਬ ਨੂੰ ਗਿਆਨ ਨਹੀਂ ਫਿਰ ਖੁੱਦ ਕਾਰਵਾਈ ਕਰਨ ਦੀ ਵਜਾਇ ,ਸਬ ਕਮੇਟੀਆਂ ਦਾ ਗਠਨ ਕੀ ਦਰਸਾਉਂਦਾ ਹੈ ?
ਅੱਜ ਹਰਿਮੰਦਰ ਸਾਹਿਬ ਦੀ ਹੂ ਬ ਹੂ ਨਕਲ ਕਰ ਕੇ “ਮਾਲਵੇ ਦਾ ਹਰਿਮੰਦਰ ਸਾਹਿਬ ” ਉਸਾਰ ਦਿੱਤਾ ਗਿਆ ਹੈ ਕੱਲ ਨੂੰ ਕੋਈ ਸ੍ਰੀ ਅਕਾਲ ਤਖ਼ਤ ਦੀ ਨਕਲ ਬਣਾ ਕੇ ” ਮਾਲਵੇ ਦਾ ਅਕਾਲ ਤਖ਼ਤ “ਭੀ ਉਸਾਰ ਸਕਦਾ ਹੈ।
ਸਾਜਿਸ਼ੀ ਚੁੱਪ ਟੁੱਟਣੀ ਚਾਹੀਦੀ ਹੈ ਅਤੇ ਫੌਰੀ ਕਾਰਵਾਈ ਕਰ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ , ਹਰ ਮਸਲੇ ਤੇ ਕੌਮ ਦੇ ਸਬਰ ਦੀ ਪਰਖ ਨਹੀਂ ਕੀਤੀ ਜਾਣੀ ਚਾਹੀਦੀ।
Related Topics: Giani Gurbachan Singh, Gobind Singh Longowal, Shiromani Gurdwara Parbandhak Committee (SGPC), Sri Darbar Sahib, Sukhdev SIngh Bhaur