March 19, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ (19 ਮਾਰਚ 2016): ਆਮ ਆਦਮੀ ਪਾਰਟੀ(ਆਪ) ਦੇ ਸੀਨੀਅਰ ਆਗੂ ਸੀਡੀ ਸਿੰਘ ਕੰਬੋਜ ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਤਲੁਜ ਯਮਨਾ ਲਿੰਕ ਨਹਿਰ(ਐਸਵਾਈਐਲ) ਉਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਟੈਂਡ ਸਪਸ਼ਟ ਕਰਨ ਦੀ ਮੰਗ ਕੀਤੀ ਹੈ।
ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਕਰਨਲ ਸੀਡੀ ਸਿੰਘ ਕੰਬੋਜ ਨੇ ਬਿਕਰਮ ਸਿੰਘ ਮਜੀਠੀਆ ਦੁਆਰਾ ਪੰਜਾਬ ਦੌਰੇ ਉੱਤੇ ਆਏ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਵਲੋਂ ਐਸਵਾਈਐਲ ਉੱਤੇ ਸਟੈਂਡ ਨੂੰ ਸਪੱਸ਼ਟ ਕਰਣ ਦੀ ਮੰਗ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੀ ਦੱਸੇ ਕਿ ਐਸਵਾਈਐਲ ਦੇ ਮੁੱਦੇ ਉੱਤੇ ਅਕਾਲੀ ਦਲ ਖਾਸ ਤੌਰ ‘ਤੇ ਬਾਦਲ ਪਰਿਵਾਰ ਨੇ ਪੰਜਾਬ ਅਤੇ ਦਿੱਲੀ ਵਿੱਚ ਵੱਖ – ਵੱਖ ਦੋਹਰਾ ਸਟੈਂਡ ਕਿਉਂ ਅਪਣਾਇਆ ਹੋਇਆ ਹੈ ?
ਆਪ ਆਗੂ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਉੱਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਨਿਭਾਈ ਜਾ ਰਹੀ ਪੰਜਾਬ ਵਿਰੋਧੀ ਭੂਮਿਕਾ ਨਿੰਦਣਯੋਗ ਹੈ। ਅਕਾਲੀ ਦਲ ਬਾਦਲ ਵੀ ਇਸਦੇ ਲਈ ਬਰਾਬਰ ਜ਼ਿੰਮੇਦਾਰ ਹੈ, ਜੋ ਕੇਂਦਰ ਅਤੇ ਪੰਜਾਬ ਵਿਚ ਭਾਜਪਾ ਦੇ ਨਾਲ ਸੱਤਾ ਦਾ ਸੁੱਖ ਭੋਗ ਰਿਹਾ ਹੈ। ਕਰਨਲ ਕੰਬੋਜ ਨੇ ਬਾਦਲ ਪਰਿਵਾਰ ਦੀ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਗਠਜੋੜ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿਾ ਹੈ।
ਕਰਨਲ ਸੀਡੀ ਕੰਬੋਜ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਵਰਕਰ ਤੋਂ ਲੈ ਮੋਹਰੀ ਆਗੂਆਂ ਦੀ ਇਕ ਸਹਿਮਤੀ ਹੈ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ, ਇਸ ਲਈ ‘ਆਪ’ ਐਸਵਾਈਐਲ ਦਾ ਡਟਕੇ ਵਿਰੋਧ ਕਰਦੀ ਹੈ। ਹੁਣ ਕਾਂਗਰਸ ਅਤੇ ਭਾਜਪਾ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਐਸਵਾਈਐਲ ਦੇ ਮੁੱਦੇ ਉੱਤੇ ਉਹ ਪੰਜਾਬ ਦੇ ਨਾਲ ਹਨ ਜਾਂ ਵਿਰੁੱਧ ਹਨ। ਆਪ ਨੇਤਾ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਉੱਤੇ ਦੋਸ਼ ਲਗਾਇਆ ਕਿ ਉਹ ਐਸਵਾਈਐਲ ਦੇ ਮੁੱਦੇ ਉੱਤੇ ਦੋਗਲੀ ਨੀਤੀ ਅਪਣਾਈ ਹੋਈ ਹੈ।
Related Topics: Aam Aadmi Party, Badal Dal, Bikramjit Singh Majithia, Narendra Modi, Punjab Politics, Satluj Yamuna Link Canal, SYL, Water of Punjab, ਹਰਸਿਮਰਤ ਕੌਰ ਬਾਦਲ (Harsimrat Kaur Badal)