April 4, 2018 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਸ਼੍ਰੋਮਣੀ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਹੋਈਆਂ ਭਰਤੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ 523 ਦੇ ਕਰੀਬ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਨਾਲ ਰੋਸ ਲਹਿਰ ਉਠ ਖੜੀ ਹੋਈ ਹੈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਅਤੇ ਫਾਰਗ ਕੀਤੇ ਮੁਲਾਜ਼ਮਾਂ ਦੇ ਹੱਕ ਵਿਚ ਖੜ੍ਹਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ਼ਾਰੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਸਬੰਧੀ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦੀ ਕਾਰਵਾਈ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ ਹੈ।
ਸ. ਮਾਨ ਨੇ ਆਪਣੇ ਲਿਖਤੀ ਬਿਆਨ ਵਿਚ ਸਖਤ ਸ਼ਬਦਾਂ ਦੀ ਵਰਤੋ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ ਦਸ ਹਜ਼ਾਰ ਰੁਪਏ ਤਕ ਦੇ ਮੁਲਾਜ਼ਮਾਂ ਨੂੰ ਲੋੜ ਅਨੁਸਾਰ ਭਰਤੀ ਕੀਤਾ ਜਾਣਾ ਸ਼੍ਰੋਮਣੀ ਕਮੇਟੀ ਦੇ ਐਕਟ ਅਧੀਨ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਾਰੀ ਪ੍ਰਕਿਰਿਆ ਪੂਰੇ ਕੀਤੇ ਜਾਣ ਮਗਰੋਂ ਹੀ ਮੁਲਾਜ਼ਮ ਭਰਤੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਘਰ ਦੀਆਂ ਗੋਲਕਾਂ ‘ਚ ਚੜ੍ਹਦੇ ਦਸਵੰਧ ਨਾਲ ਚੱਲਦੀ ਹੈ, ਪਰ ਬਾਦਲਾਂ ਵੱਲੋਂ ਗੋਲਕਾਂ ਦਾ ਚੜਾਵਾ ਆਪਣੀ ਪਰਿਵਾਰਕ, ਮਾਲੀ ਅਤੇ ਸਿਆਸੀ ਪੈਠ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਬੇਸਹਾਰਾ, ਲੋੜਵੰਦਾਂ ਅਤੇ ਗਰੀਬ ਗੁਰਬਿਆਂ ਦੀ ਸਹਾਇਤਾ ਕਰਨ ਦਾ ਦਾਅਵਾ ਕਰਦੀ ਹੈ, ਪਰ ਦੂਜੇ ਪਾਸੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰ ਦੇਣਾ ਚੰਗੀ ਗੱਲ ਨਹੀਂ ਹੈ।
ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ ਭਰਤੀ ਪ੍ਰਕਿਰਿਆ ਪਾਰਦਰਸ਼ਤਾ ਨਾਲ ਹੋਵੇ ਅਸੀਂ ਇਸ ਦੇ ਹੱਕ ‘ਚ ਹਾਂ, ਪਰ ਹੋਈ ਭਰਤੀ ਨੂੰ ਹੁਣ ਬੇਨਿਯਮੀਆਂ ਦਾ ਨਾਂ ਦੇ ਕੇ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਪੂਰੀ ਤਰ੍ਹਾਂ ਫਾਰਗ ਮੁਲਾਜ਼ਮਾਂ ਨਾਲ ਖੜਿਆ ਹੈ ਅਤੇ ਹਮੇਸ਼ਾ ਖੜਾ ਰਹੇਗਾ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦਾ ਫੈਸਲਾ ਬਾਦਲਾਂ ਦੇ ਦਬਾਅ ‘ਚ ਆ ਕੇ ਲਿਆ ਹੈ, ਜੋ ਕਿ ਖ਼ੁਦ ਸ਼੍ਰੋਮਣੀ ਕਮੇਟੀ ਦੇ ਐਕਟ ਨੂੰ ਨਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਐਕਟ ਪੜ੍ਹਿਆ ਹੇ। ਉਨ੍ਹਾਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਬਾਦਲਾਂ ਦਾ ਹੱਥ ਠੋਕਾ ਬਣਨ ਦੀ ਬਜਾਏ ਫਾਰਗ ਮੁਲਾਜ਼ਮਾਂ ਵਿਰੁੱਧ ਲਿਆ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪੰਥ ਹਿਤੈਸ਼ੀ ਹਨ ਤਾਂ ਉਹ ਜਲਦ ਤੋਂ ਜਲਦ ਫਾਰਗ ਕੀਤੇ ਗਏ 523 ਮੁਲਾਜ਼ਮਾਂ ਦੇ ਫੈਸਲੇ ਨੂੰ ਵਾਪਸ ਲੈਣ।
ਸ. ਮਾਨ ਨੇ ਚਿਤਾਵਨੀ ਭਰੇ ਸ਼ਬਦਾਂ ‘ਚ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ (ਅ) ਸਖਤ ਅਤੇ ਫੈਸਲਾਕੁੰਨ ਐਕਸ਼ਨ ਲੈਣ ਲਈ ਮਜ਼ਬੂਰ ਹੋਵੇਗਾ। ਸ. ਮਾਨ ਨੇ ਪ੍ਰੋ. ਬਡੂੰਗਰ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਤਿੰਨ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ, ਜਿਨ੍ਹਾਂ ਨੇ ਪੰਥ ਦੇ ਹਿੱਤ ‘ਚ ਇਤਿਹਾਸਕ ਫੈਸਲੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਨੇ ਆਪਣੇ ਕਾਰਜਕਾਲ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ, ਧਰਮ ਪ੍ਰਚਾਰ ਮੁਹਿੰਮ, ਖਾਲਸਾਈ ਖੇਡਾਂ ਅਤੇ ਲੋੜਵੰਦਾਂ ਦੀ ਮਦਦ ਕਰਕੇ ਚੰਗੇ ਫੈਸਲੇ ਲਏ ਹਨ, ਜਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ। ਸ. ਮਾਨ ਨੇ ਕਿਹਾ ਕਿ ਸ. ਬਾਦਲ ਨੇ ਕਦੇ ਵੀ ਪ੍ਰੋ. ਬਡੂੰਗਰ ਦੇ ਰੁਤਬੇ ਅਤੇ ਸਤਿਕਾਰ ਘੱਟ ਨਹੀਂ ਸੀਂ ਹੋਣ ਦਿੱਤਾ, ਪਰ ਹੁਣ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਵੱਕਾਰ ਅਤੇ ਪ੍ਰੋ. ਬਡੂੰਗਰ ਦੇ ਅਕਸ ਨੂੰ ਖਰਾਬ ਕਰਨ ‘ਤੇ ਤੁਲਿਆ ਹੋਇਆ ਹੈ।
ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ, ਕੁਲਦੀਪ ਸਿੰਘ ਭਲਵਾਨ, ਧਰਮ ਸਿੰਘ ਕਲੌੜ, ਸਵਰਨ ਸਿੰਘ ਫਾਟਕਮਾਜਰੀ, ਮਾਸਟਰ ਕੁਲਦੀਪ ਸਿੰਘ ਹੁਸ਼ਿਆਰਪੁਰ, ਹਰਜੀਤ ਸਿੰਘ ਗੱਗੜਵਾਲ, ਹਰਭਜਨ ਸਿੰਘ ਕਸ਼ਮੀਰੀ, ਸਦਰ ਏ ਖਾਲਿਸਤਾਨ ਸ. ਸੁਰਿੰਦਰ ਸਿੰਘ ਅਕਾਲਗੜ੍ਹ ਆਦਿ ਹਾਜ਼ਰ ਸਨ।
Related Topics: Shiromani Akali Dal Amritsar (Mann), Shiromani Gurdwara Parbandhak Committee (SGPC), Simranjeet Singh Mann