December 13, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਖਿਲਾਫ ਬੀਤੇ 24 ਸਾਲਾਂ ਤੋਂ ਕੇਸ ਲੜ ਰਹੀ ਅਮਰ ਕੌਰ ਦੀ ਨਿਆਂ ਦੀ ਉਡੀਕ ਵਿਚ ਕੱਲ੍ਹ (12 ਦਸੰਬਰ, 2017) ਮੌਤ ਹੋ ਗਈ। ਉਹ 100 ਸਾਲਾਂ ਦੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ 15 ਮਾਰਚ 1994 ਨੂੰ ਉਸ ਦੇ ਪੁੱਤਰ ਵਿਨੋਦ ਕੁਮਾਰ, ਜਵਾਈ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖਤਿਆਰ ਸਿੰਘ ਨੂੰ ਲੁਧਿਆਣਾ ਅਤੇ ਚੰਡੀਗੜ੍ਹ ਤੋਂ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਕਦੇ ਕਿਸੇ ਨੂੰ ਨਹੀਂ ਦਿਸੇ। ਅਮਰ ਕੌਰ ਬੀਤੇ ਦਹਾਕੇ ਤੋਂ ਬ੍ਰੇਨ ਸਟਰੋਕ ਕਾਰਨ ਮੰਜੇ ‘ਤੇ ਪਈ ਸੀ। ਇਹ ਜਾਣਕਾਰੀ ਉਸ ਦੇ ਪੁੱਤਰ ਆਸ਼ੀਸ਼ ਕੁਮਾਰ ਨੇ ਮੀਡੀਆ ਨੂੰ ਦਿੱਤੀ। ਅਮਰ ਕੌਰ ਦਾ ਅੰਤਮ ਸਸਕਾਰ ਅੱਜ (13 ਦਸੰਬਰ, 2017) ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
ਲਗਭਗ ਇਕ ਦਹਾਕੇ ਤੋਂ ਵ੍ਹੀਲ ਚੇਅਰ ‘ਤੇ ਹੋਣ ਦੇ ਬਾਵਜੂਦ ਅਮਰ ਕੌਰ ਨੇ ਦਿੱਲੀ ਦੀ ਅਦਾਲਤ ‘ਚ ਸੁਮੇਧ ਸੈਣੀ ਖਿਲਾਫ ਗਵਾਹੀ ਵੀ ਦਿੱਤੀ ਸੀ। ਉਸ ਨੇ ਮੂਲਚੰਦ ਹਸਪਤਾਲ ‘ਚ ਚੱਲ ਰਹੇ ਆਪਣੇ ਇਲਾਜ ਦੌਰਾਨ ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਨੂੰ 8 ਜੁਲਾਈ 2011 ਨੂੰ ਟੈਲੀਗ੍ਰਾਮ ਭੇਜੀ ਸੀ, ਜਿਸ ਵਿਚ ਉਸਨੇ ਮਾਮਲੇ ਦੀ ਸੁਣਵਾਈ ਤੇਜ਼ੀ ਨਾਲ ਕਰਨ ਅਤੇ ਰੋਜ਼ਾਨਾ ਸੁਣਵਾਈ ਦੀ ਅਪੀਲ ਕੀਤੀ ਸੀ ਤਾਂ ਜੋ ਉਸ ਨੂੰ ਉਸ ਦੇ ਜੀਵਨ ਵਿਚ ਨਿਆਂ ਮਿਲ ਸਕੇ। ਪੁੱਤਰ ਆਸ਼ੀਸ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਸ ਦੀ ਮਾਂ ਨੂੰ ਆਪਣੇ ਜੀਵਨ ਵਿਚ ਨਿਆਂ ਨਹੀਂ ਮਿਲਿਆ। ਨਿਆਂ ਵਿਵਸਥਾ ਨੂੰ ਕਿਸੇ ਮਾਮਲੇ ਨੂੰ ਇੰਨਾ ਲੰਮਾ ਨਹੀਂ ਖਿੱਚਿਆ ਜਾਣਾ ਚਾਹੀਦਾ ਕਿ ਨਿਆਂ ਦੀ ਉਮੀਦ ਹੀ ਮਰ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ 24 ਮਾਰਚ, 1994 ਨੂੰ ਸੁਮੇਧ ਸੈਣੀ ਤੇ ਹੋਰਨਾਂ ਖਿਲਾਫ ਸੀਬੀਆਈ ਵਲੋਂ ਕੇਸ ਦਰਜ ਕੀਤਾ ਗਿਆ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Lived for over 100 years, Amar Kaur Dies Awaiting Justice in Killings Case Against Sumedh Saini …
Related Topics: CBI, Enforced Disappearance, Human Rights Violation in India, Indian Judiciary, Indian Politics, Indian Satae, Punjab Police, Punjab Police Atrocities, Punjab Politics, SCI, Sumedh Saini