ਖੇਤੀਬਾੜੀ » ਵੀਡੀਓ

ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਫਸਲੀ – ਚੱਕਰ ਦੀ ਕਹਾਣੀ 1949

October 16, 2020 | By

ਪੰਜਾਬ ਭਾਰਤ ਦੇ ਖੇਤਰਫਲ ਦਾ 1.53% ਹੁੰਦਿਆਂ ਹੋਇਆਂ ਕੇਂਦਰੀ ਅਨਾਜ ਭੰਡਾਰ ਵਿਚ 28 ਤੋਂ 30 ਫੀਸਦੀ ਕਣਕ ਝੋਨੇ ਦਾ ਹਿੱਸਾ ਪਾ ਰਿਹਾ ਹੈ। ਕਣਕ ਝੋਨੇ ਦੇ ਫਸਲੀ ਚੱਕਰ ਨੇ ਪੰਜਾਬ ਵਿਚਲੀ ਫਸਲੀ ਵਿਭਿੰਨਤਾ ਜੋ ਸਦੀਆਂ ਤੋਂ ਤੁਰੀ ਆ ਰਹੀ ਸੀ ਨੂੰ ਖਤਮ ਕਰ ਦਿੱਤਾ ਹੈ। ਫਸਲੀ ਵਿਭਿੰਨਤਾ ਦੇ ਖਾਤਮੇ ਨੇ ਲੰਬੇ ਦੌਰ ਵਿਚ ਪੰਜਾਬ ਦੀ ਆਰਥਿਕਤਾ ਤੇ ਵਾਤਾਵਰਣ ਤੇ ਗੰਭੀਰ ਸੱਟ ਮਾਰੀ ਹੈ। ਭੁੱਖ ਨਾਲ ਤ੍ਰਾਹ ਤ੍ਰਾਹ ਕਰ ਰਹੇ ਭਾਰਤ ਨੇ ਹਰੀ ਕ੍ਰਾਂਤੀ ਲਿਆਉਣ ਲਈ ਪੰਜਾਬ ਚੁਣਿਆ। ਵੰਡ ਕਾਰਨ ਉਜੜੀ ਸਿੱਖ ਕਿਸਾਨੀ ਅਜੇ ਪੈਰਾਂ ਤੇ ਖੜ੍ਹੀ ਹੋ ਰਹੀ ਸੀ ਤਾਂ ਵਿਦੇਸ਼ਾਂ ਤੋਂ ਬੀਜ ਤੇ ਖਾਦ ਮੰਗਵਾ ਕੇ ਇਹਨਾਂ ਕਿਸਾਨਾਂ ਨੂੰ ਹਰੀ ਕ੍ਰਾਂਤੀ ਵੱਲ ਧੱਕ ਦਿੱਤਾ ਗਿਆ।

ਹਾਕਮ ਜਾਣਦਾ ਸੀ ਕਿ ਬਾਰ, ਲਾਇਲਪੁਰ, ਹਨੂੰਮਾਨਗੜ੍ਹ, ਗੰਗਾਨਗਰ ਆਦਿ ਉਜਾੜਾਂ ਭਰੇ ਖਿੱਤਿਆਂ ਨੂੰ ਸਮਤਲ ਕਰਨ ਚ ਮਾਹਰ ਸਿੱਖ ਕਿਸਾਨੀ ਹੀ ਹਰੀ ਕ੍ਰਾਂਤੀ ਦਾ ਭਾਰ ਝੱਲ ਸਕੇਗੀ। ਇਕ ਦਮ ਝਾੜ ਅਤੇ ਕੀਮਤਾਂ ਚ ਵਾਧਾ ਪੰਜਾਬ ਦੇ ਕਿਸਾਨਾਂ ਲਈ ਲੁਭਾਉਣਾ ਸੀ। ਸਰਕਾਰ ਨੇ ਕਿਸਾਨਾਂ ਦੀ ਆਮਦਨ ਨਿਸ਼ਚਿਤ ਕਰਨ ਹਿਤ ਘੱਟੋ ਘੱਟ ਸਮਰਥਨ ਮੁੱਲ ਤਹਿ ਕਰਕੇ ਮੰਡੀ ਸਿਸਟਮ ਅਤੇ ਭਾਰਤੀ ਖਾਧ ਨਿਗਮ ਬਣਾਇਆ। ਪਰ ਇਹ ਆਮਦਨ ਜਿਆਦਾ ਦੇਰ ਟਿਕਣ ਵਾਲੀ ਨਹੀਂ ਸੀ। ਪੰਜਾਬ ਦੇ ਨੀਤੀਘਾੜੇ ਦਿੱਲੀ ਦੀ ਚਲਾਕੀ ਸਮਝਣ ਚ ਨਾਕਾਮਯਾਬ ਰਹੇ।

ਏਨੀ ਵੱਡੀ ਗਿਣਤੀ ਚ ਲੋਕਾਂ ਦਾ ਢਿੱਡ ਭਰਨ ਲਈ ਕਣਕ ਝੋਨੇ ਦੀ ਜਰੂਰਤ ਸੀ। ਸਰਕਾਰ ਨੇ ਇਹਨਾਂ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਦੀ ਖਰੀਦ ਤੋਂ ਹੱਥ ਪਿੱਛੇ ਖਿੱਚ ਲਿਆ। ਪੰਜਾਬ ਦੇ ਕਿਸਾਨ ਪੂਰੀ ਤਰ੍ਹਾਂ ਕਣਕ ਝੋਨੇ ਤੇ ਨਿਰਭਰ ਹੋ ਕੇ ਆਪਣੀਆਂ ਰਵਾਇਤੀ ਫਸਲਾਂ ਛੱਡ ਬੈਠੇ। ਇਸ ਲੇਖ ਰਾਹੀਂ ਪੰਜਾਬ ਵਿੱਚ ਰਵਾਇਤੀ ਫਸਲਾਂ ਹੇਠ ਸੁੰਗੜੇ ਰਕਬੇ ਬਾਰੇ ਪ੍ਰਤੀਸ਼ਤ ਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਗਈ ਹੈ।

1965-66 ਵਿਚ ਪੰਜਾਬ ਦਾ ਕੁੱਲ ਖੇਤੀਬਾੜੀ ਰਕਬਾ 41,79,300 ਹੈਕਟੇਅਰ ਸੀ ਜੋ ਅੱਜ ਵਧ ਕੇ 71,00,000 ਹੈਕਟੇਅਰ ਹੋ ਗਿਆ ਹੈ।

1966-67 ਪੰਜਾਬ ਵਿੱਚ ਵੱਖ ਵੱਖ ਫਸਲਾਂ ਅਧੀਨ ਰਕਬੇ :

ਕਣਕ = 38.6% ਝੋਨਾ = 6.82%
ਬਾਕੀ ਦਾ 54% ਰਕਬਾ ਹੇਠ ਲਿਖੀਆਂ ਫਸਲਾਂ ਅਧੀਨ ਸੀ:
ਛੋਲੇ= 15.16% ਕਪਾਹ= 10.34%
ਬਾਜਰਾ= 4.40% ਮੱਕੀ= 10.62%
ਮੂੰਗਫਲੀ = 4.35%
ਸਰੋਂ, ਗੰਨਾ ਅਤੇ ਜੌਂ ਦੀ ਕਾਸ਼ਤ ਕੁੱਲ 9% ਰਕਬੇ ਤੇ ਹੁੰਦੀ ਸੀ।

ਦਾਲਾਂ, ਤਿਲ, ਅਲਸੀ, ਚਰੀ, ਜਵੀ ਆਦਿ 0.68% ਰਕਬੇ ਤੇ ਉਗਾਏ ਜਾਂਦੇ ਸਨ।

ਸਾਲ 1985-86
ਕਣਕ = 50.53% ਝੋਨਾ = 27.83%
ਬਾਕੀ ਦਾ 22% ਰਕਬਾ ਹੇਠ ਲਿਖੀਆਂ ਫਸਲਾਂ ਅਧੀਨ ਸੀ:
ਛੋਲੇ= 1.75% ਕਪਾਹ= 9.09%
ਬਾਜਰਾ= 0.50% ਮੱਕੀ= 4.22%
ਮੂੰਗਫਲੀ = 0.73%
ਸਰੋਂ, ਗੰਨਾ ਅਤੇ ਜੌਂ ਦੀ ਕਾਸ਼ਤ ਘੱਟ ਕੇ ਕੁੱਲ 4% ਰਕਬੇ ਤੇ ਰਹਿ ਗਈ।

ਦਾਲਾਂ, ਤਿਲ, ਅਲਸੀ, ਚਰੀ, ਜਵੀ ਆਦਿ 0.89% ਰਕਬੇ ਤੇ ਉਗਾਏ ਜਾਂਦੇ ਸਨ।

ਇਹਨਾਂ ਵੀਹ ਸਾਲਾਂ ਵਿੱਚ ਝੋਨੇ ਹੇਠ 4.5 ਗੁਣਾ ਵਧ ਗਿਆ ਜਿਸ ਦਾ ਸਿੱਧਾ ਅਸਰ ਸਾਉਣੀ ਦੀਆਂ ਫ਼ਸਲਾਂ ਜਿਵੇ ਮੱਕੀ, ਮੂੰਗਫਲੀ, ਕਪਾਹ, ਆਦਿ ਤੇ ਪਿਆ। ਕਣਕ ਦੀ ਬੌਣੀ ਕਿਸਮ ਨੇ ਛੋਲਿਆਂ ਹੇਠ ਰਕਬਾ ਲਗਭਗ ਖਤਮ ਕਰ ਦਿੱਤਾ ਤੇ ਸਰੋਂ ਤੇ ਵੀ ਅਸਰ ਪਾਇਆ।

ਸਾਲ 2000-01
ਕਣਕ = 49.26% ਝੋਨਾ = 37.74%
ਬਾਕੀ ਦੀਆਂ ਫਸਲਾਂ ਹੇਠ ਸਿਰਫ 13% ਰਕਬਾ ਰਹਿ ਗਿਆ।
ਕਪਾਹ(6.85%), ਮੱਕੀ (2.38%) ਅਤੇ ਗੰਨੇ (1.75%) ਨੂੰ ਛੱਡ ਬਾਕੀ ਸਭ ਫਸਲਾਂ ਸਿਫਰ ਤੋਂ ਇਕ ਫੀਸਦੀ ਵਿਚਕਾਰ ਸਿਮਟ ਗਈਆਂ।

ਸਾਲ 2014-15
ਕਣਕ= 49.37% ਝੋਨਾ= 40.76%
ਨਾ ਮਾਤਰ ਮੱਕੀ, ਗੰਨਾ ਅਤੇ ਨਰਮੇ ਨੂੰ ਛੱਡ ਬਾਕੀ ਸਭ ਫਸਲਾਂ ਪੰਜਾਬ ਦੇ ਖੇਤਾਂ ਚੋਂ ਗਾਇਬ ਹੋ ਗਈਆਂ।

ਇਹਨਾਂ ਛੇ ਦਹਾਕਿਆਂ ਦੌਰਾਨ ਝੋਨੇ ਹੇਠ ਰਕਬਾ 2,85,000 ਹੈਕਟੇਅਰ ਤੋਂ ਵੱਧ ਕੇ 28,94,000 ਹੈਕਟੇਅਰ ਹੋ ਗਿਆ ਜੋ ਲਗਭਗ ਦਸ ਗੁਣਾ ਬਣਦਾ ਹੈ।

ਫਸਲੀ ਪਰਿਵਰਤਨ ਦੇ ਅਸਰ:
ਦੋ ਫਸਲਾਂ ਦੇ ਚੱਕਰ ਨੇ ਪੰਜਾਬ ਦਾ ਜਮੀਨ ਹੇਠਲਾ ਪਾਣੀ ਤਬਾਹ ਕਰ ਦਿੱਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲਾਈ।

ਪੰਜਾਬ ਦੇ ਕਿਸਾਨ ਪੂਰੀ ਤਰ੍ਹਾਂ ਮੰਡੀ ਅਤੇ ਘੱਟੋ ਘੱਟ ਸਮਰਥਨ ਮੁੱਲ ‘ਤੇ ਨਿਰਭਰ ਹੋ ਗਏ।

ਉਹਨਾਂ ਆਪਣੀ ਘਰੇਲੂ ਲੋੜ ਦੀਆਂ ਵਸਤਾਂ ਵੀ ਉਗਾਉਣੀਆਂ ਬੰਦ ਕਰ ਦਿੱਤੀਆਂ।

ਕੈਮੀਕਲ ਖੇਤੀ ਨੇ ਪੰਜਾਬੀਆਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ।

ਦਾਨੀ ਪੰਜਾਬ ਅੱਜ ਕੈਸ਼ ਕ੍ਰੈਡਿਟ ਲਿਮਟ ਰੂਪੀ ਭੀਖ ਲਈ ਸੜਕਾਂ ‘ਤੇ ਲੜਾਈ ਲੜ ਰਿਹਾ ਹੈ। ਮੱਧ ਪੂਰਬ ਤੱਕ ਵਪਾਰ ਕਰਨ ਵਾਲਾ ਪੰਜਾਬ ਯਮੁਨਾ ਪਾਰ ਬੈਠੇ ਹਾਕਮ ਦੇ ਹੱਥਾਂ ਵਲ ਦੇਖ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,