ਸਿੱਖ ਖਬਰਾਂ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਮੰਤਰੀ ਮਲੂਕਾ ਨੂੰ ਗ੍ਰਿਫਤਾਰ ਕਰਨ ਦੀ ਮੰਗ

December 30, 2016 | By

ਤਰਨ ਤਾਰਨ: ਬਾਦਲ ਦੀ ਸਰਕਾਰ ਦੌਰਾਨ ਸਿੱਖੀ ਉੱਪਰ ਕੀਤੇ ਜਾ ਰਹੇ ਹਮਲੇ ਸਿੱਖ ਪੰਥ ਦੀ ਬਰਦਾਸ਼ਤ ਤੋਂ ਬਾਹਰ ਹਨ ਅਤੇ ਸਿੰਕਦਰ ਸਿੰਘ ਮਲੂਕੇ ਵੱਲੋਂ ਅਰਦਾਸ ਦੀ ਬੇਅਦਬੀ ਕਰਕੇ ਸਿੱਖ ਪੰਥ ਨੂੰ ਨਵੀਂ ਵੰਗਾਰ ਪਾਈ ਹੈ। ਖਾਲੜਾ ਮਿਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਕਾਲੀ ਮੰਤਰੀ ਮਲੂਕਾ ਨੇ ਨਾ-ਮਾਫੀਯੋਗ ਅਪਰਾਧ ਕੀਤਾ ਹੈ ਅਤੇ ਇਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖੀ ਉਪਰ ਬੋਲਿਆ ਗਿਆ ਇਹ ਹਮਲਾ ਨਿਰੰਕਾਰੀਆਂ ਅਤੇ ਸਿਰਸੇ ਵਾਲੇ ਸਾਧ ਵਲੋਂ ਕੀਤੇ ਹਮਲੇ ਨਾਲੋਂ ਵੀ ਵੱਡਾ ਹਮਲਾ ਹੈ।

ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਜਿਸ ਦੇ ਦਫਤਰ ਦੇ ਉਦਘਾਟਨ ਸਮੇਂ ਸਿੱਖ ਅਰਦਾਸ ਦੀ ਨਕਲ ਕੀਤੀ ਗਈ

ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਜਿਸ ਦੇ ਦਫਤਰ ਦੇ ਉਦਘਾਟਨ ਸਮੇਂ ਸਿੱਖ ਅਰਦਾਸ ਦੀ ਨਕਲ ਕੀਤੀ ਗਈ

ਆਗੂਆਂ ਨੇ ਕਿਹਾ ਮਲੂਕਾ ਵਲੋਂ ਮਾਫੀ ਦਾ ਨਾਟਕ ਰਚ ਕੇ “ਅਹਿਸਾਨ” ਕੀਤਾ ਜਾ ਰਿਹਾ ਹੈ। ਖਾਲੜਾ ਮਿਸ਼ਨ ਦੇ ਆਗੂਆਂ ਨੇ ਕਿਹਾ ਕਿ ਬਾਦਲਕਿਆਂ ਦਾ ਇਹ ਹਮਲਾ ਨਾ ਪਹਿਲਾ ਹੈ ਅਤੇ ਨਾ ਆਖਰੀ। ਪਹਿਲਾਂ ਵੀ ਬਾਦਲ ਦਲ ਅਕਾਲ ਤਖ਼ਤ ਸਾਹਿਬ ਉੱਪਰ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਰਿਹਾ ਹੈ। ਕੇ.ਪੀ.ਐਸ. ਗਿੱਲ ਨਾਲ ਰਲ ਕੇ ਸਿੱਖ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਇਆ ਅਤੇ ਸਮੁੱਚੀ ਨਸਲਕੁਸ਼ੀ ਉੱਪਰ ਪਰਦਾ ਪਾਇਆ, ਨਿਰੰਕਾਰੀ ਕਾਂਡ ਸਮੇਂ ਵੀ ਨਿਰੰਕਾਰੀਆਂ ਦੇ ਹੱਕ ਵਿੱਚ ਭੁਗਤੇ, ਸਿਰਸੇ ਵਾਲੇ ਮਸਲੇ ‘ਚ ਵੀ ਸਿੱਖ ਵਿਰੋਧੀਆਂ ਦੇ ਹੱਕ ਵਿੱਚ ਭੁਗਤੇ। ਸਿੱਖ ਜਵਾਨੀ ਦਾ ਨਸ਼ਿਆਂ ਵਿੱਚ ਅਤੇ ਸਿੱਖ ਕਿਸਾਨੀ ਦਾ ਖੁਦਕੁਸ਼ੀਆਂ ਰਾਹੀਂ ਘਾਣ ਕਰਵਾਇਆ।

ਬਾਦਲ-ਭਾਜਪਾ ਅਤੇ ਕਾਂਗਰਸ-ਆਪ ਮਾਲਾ ਮਾਲ ਹੋ ਗਏ ਅਤੇ ਪੰਜਾਬ ਨੂੰ ਬੁਰੀ ਤਰ੍ਹਾਂ ਉਜਾੜਿਆ। ਆਗੂਆਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਐਸ.ਐਸ. ਦੀ ਜਕੜ ਵਿਚ ਹਨ ਇਸੇ ਕਾਰਨ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਚਾਉਣ ਵਾਲੇ ਅਕਾਲ ਤਖਤ ਸਾਹਿਬ ਤੋਂ ਫਖਰ-ਏ-ਕੌਮ ਵੱਜੋਂ ਸਨਮਾਨਿਤ ਹੋ ਰਹੇ ਹਨ ਅਤੇ ਗੁਜਰਾਤ ਅੰਦਰ 2002 ਵਿੱਚ ਨਿਰੋਦਸ਼ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੇ ਸਿਰੋਪਾਉ ਨਾਲ ਸਨਮਾਨਿਤ ਹੋ ਰਹੇ ਹਨ। ਸਿੱਖ ਅਰਦਾਸ ਦੀ ਨਕਲ ਕਰਨ ਵਾਲੀ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵਲੋਂ ਕਾਇਮ ਕੀਤੀ ਗਈ ਕਮੇਟੀ ਦੀ ਤੁਲਨਾ ਉਨ੍ਹਾਂ “ਜਿਹੋ ਜਿਹੇ ਮਰਨ ਵਾਲੇ ਉਹੋ ਜਿਹੇ ਫੂਕਣ ਵਾਲੇ” ਕਹਾਵਤ ਨਾਲ ਕੀਤੀ।

ਸਬੰਧਤ ਖ਼ਬਰ:

ਸਿੱਖ ਜਥੇਬੰਦੀਆਂ ਵਲੋਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਖਿਲਾਫ ਮੋਹਾਲੀ ਵਿਖੇ ਰੋਸ ਮੁਜਾਹਰਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,