April 2, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਥਾਣਾ ਖਰੜ ਦੀ ਪੁਲਿਸ ਨੇ ਭਾਈ ਹਵਾਰਾ ‘ਤੇ 15/6/2005 ਨੂੰ ਐਫ.ਆਈ.ਆਰ. ਨੰ: 144 ਤਹਿਤ ਇਕ ਕੇਸ ਦਰਜ ਕੀਤਾ ਸੀ। ਇਸ ਕੇਸ ਵਿਚ ਅਸਲਾ ਐਕਟ ਦੀ ਧਾਰਾ 25, ਧਮਾਕਾਖੇਜ਼ ਸਮੱਗਰੀ (ਬਰੂਦ) ਦੀ ਧਾਰਾ 4/5 ਲਈ ਗਈ ਸੀ। ਪਰ ਕੇਸ ਦਰਜ ਹੋਣ ਤੋਂ ਬਾਅਦ ਨਾ ਭਾਈ ਹਵਾਰਾ ਨੂੰ ਇਸ ਕੇਸ ਵਿਚ ਕਦੇ ਗ੍ਰਿਫਤਾਰ ਕੀਤਾ ਗਿਆ ਨਾ ਹੀ ਕਦੇ ਇਸ ਕੇਸ ‘ਚ ਭਾਈ ਹਵਾਰਾ ਦੀ ਕੋਈ ਅਦਾਲਤੀ ਕਾਰਵਾਈ ਹੋਈ। ਇਸ ਕੇਸ ਵਿਚ 4 ਹੋਰ ਸਿੱਖਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਤੋਂ ਅਲਾਵਾ ਪਰਮਿੰਦਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ ਰਾਣਾ ਅਤੇ ਪਰਮਜੀਤ ਸਿੰਘ ਦੇ ਨਾਂ ਹਨ। 5/8/2005 ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਵਾਉਣ ਲਈ ਪ੍ਰੋਡਕਸ਼ਨ ਵਾਰੰਟ ਸਬੰਧਤ ਅਦਾਲਤ ਵਲੋਂ ਲਏ ਗਏ ਸਨ ਪਰ ਭਾਈ ਹਵਾਰਾ ਨੂੰ ਇਸ ਕੇਸ ਵਿਚ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਅਦਾਲਤ ਵਿਚ ਪੇਸ਼ ਕੀਤਾ ਗਿਆ।
ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ 1 ਮਾਰਚ, 2017 ਨੂੰ ਇਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਲੋੜ ਹੈ ਜਾਂ ਨਹੀਂ ਜਾਣਨ ਲਈ ਅਦਾਲਤ ਵਿਚ ਅਰਜ਼ੀ ਲਾਈ ਸੀ। ਅਦਾਲਤ ਵਲੋਂ ਥਾਣਾ ਖਰੜ ਦੀ ਪੁਲਿਸ ਨੂੰ ਇਸ ਕੇਸ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦੇਣ ‘ਤੇ 1 ਅਪ੍ਰੈਲ, 2017 ਨੂੰ ਐਸ.ਐਚ.ਓ. ਖਰੜ ਵਲੋਂ ਰਿਪੋਰਟ ਕੀਤੀ ਗਈ ਕਿ ਉਕਤ ਮੁਕੱਦਮਾ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਲੋੜ ਹੈ ਅਤੇ ਰਿਪੋਰਟ ਮੁਤਾਬਕ ਪੁਲਿਸ ਵਲੋਂ ਸਬ ਡਵੀਜ਼ਨ ਜੁਡੀਸ਼ਲ ਮੈਜਿਸਟ੍ਰੇਟ ਖਰੜ ਏਕਤਾ ਉੱਪਲ ਨੂੰ ਭਾਈ ਹਵਾਰਾ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਉਕਤ ਕੇਸ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ।
ਸਬੰਧਤ ਖ਼ਬਰ:
ਭਾਈ ਜਗਤਾਰ ਸਿੰਘ ਹਵਾਰਾ ਦੇ ਲੱਭੇ ਨਵੇਂ ਕੇਸਾਂ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ …
Related Topics: Bhai Jagtar Singh Hawara, Jaspal Singh Manjhpur (Advocate), Political Sikh Prisoners, Punjab Police