March 15, 2011 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ (15 ਮਾਰਚ, 2011): ਦਲ ਖ਼ਾਲਸਾ ਨੇ ਆਉਂਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਪੰਜਾਬ ਦੇ ਸਿੱਖ ਵੋਟਰਾਂ ਨੂੰ ਇਕ ਵੱਡੀ ਤਬਦੀਲੀ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਨਿਘਾਰ ਤੋਂ ਬਚਾਉਣ ਲਈ ਇਕ ਪਾਰਟੀ ਦੀ ਇਜ਼ਾਰੇਦਾਰੀ ਨੂੰ ਤੋੜਨਾ ਸਮੇਂ ਦੀ ਮੰਗ ਹੈ। ਜਥੇਬੰਦੀ ਨੇ ਕਿਹਾ ਕਿ ਬਦਲਾਅ ਲਈ ਸੁਹਿਰਦ ਪੰਥਕ ਸੋਚ ਵਾਲੀਆਂ ਸੰਸਥਾਵਾਂ ਨੂੰ ਸਾਂਝੇ ਝੰਡੇ ਹੇਠ ਆ ਕੇ ਚੋਣਾਂ ਲੜਣੀਆਂ ਚਾਹੀਦੀਆਂ ਹਨ। ਦਲ ਖ਼ਾਲਸਾ ਦੇ ਕਾਰਜਕਰਤਾਵਾਂ ਵੱਲੋਂ ਸਿੱਖ ਜਰਨੈਲ ਅਤੇ ਅਣਖੀਲੇ ਯੋਧੇ ਬਾਬਾ ਬਘੇਲ ਸਿੰਘ ਦੇ ਲਾਲ ਕਿਲ੍ਹੇ ਉਤੇ ਕੇਸਰੀ ਝੰਡਾ ਲਹਿਰਾਉਣ ਦੀ ਵਰ੍ਹੇਗੰਢ ਮੌਕੇ ਸਿੱਖ ਨੌਜਵਾਨਾਂ ਅੰਦਰ ਖ਼ਾਲਸਾ ਰਾਜ ਦੀ ਭਾਵਨਾ ਪ੍ਰਚੰਡ ਕਰਨ ਲਈ ਇਕ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ‘ਦਿੱਲੀ ਫਤਿਹ ਮਾਰਚ’ ਦੇ ਬੈਨਰ ਹੇਠ ਕੀਤੇ ਗਏ ਇਸ ਮਾਰਚ ਦੀ ਅਗਵਾਈ ਜਥੇਬੰਦੀ ਦੇ ਪ੍ਰਧਾਨ ਸ: ਹਰਚਰਨਜੀਤ ਸਿੰਘ ਧਾਮੀ ਨੇ ਕੀਤੀ।
ਮਾਰਚ ਦੀ ਆਰੰਭਤਾ ਤੋਂ ਪਹਿਲਾ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਸ: ਧਾਮੀ ਨੇ ਖਾਲਸਾ ਰਾਜ ਦੇ ਸੰਕਲਪ ਬਾਰੇ ਚਾਨਣਾ ਪਾਇਆ। ਉਨ੍ਹਾਂ ਬਾਬਾ ਬਘੇਲ ਸਿੰਘ ਦੇ ਜੀਵਨ ਤੇ ਕਾਰਨਾਮਿਆਂ ਦੀ ਸਿਫਤ ਸਲਾਹ ਕਰਦਿਆਂ ਕਿਹਾ ਕਿ ਅਜਿਹੇ ਸੂਰਮਿਆਂ ਦਾ ਜੀਵਨ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਸਤਿਨਾਮ ਸਿੰਘ ਪਾਉਂਟਾ ਸਾਹਿਬ ਤੇ ਸ: ਕੰਵਰਪਾਲ ਸਿੰਘ ਨੇ ਅਕਾਲੀ ਦਲ ਅਤੇ ਕਾਂਗਰਸ ਉਤੇ ਪੰਜਾਬ ਦਾ ਅਪਰਾਧੀਕਰਨ ਅਤੇ ਵਪਾਰੀਕਰਨ ਕਰਨ ਦਾ ਦੋਸ਼ ਲਾਇਆ। ਮਾਰਚ ਵਿਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਜਨਰਲ ਸਕੱਤਰ ਡਾ. ਮਨਜਿੰਦਰ ਸਿੰਘ , ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕੱਟ , ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸਿੰਗੜੀਵਾਲਾ, ਸਰਵਣ ਸਿੰਘ ਰੰਧਾਵਾ, ਸਿੱਖ ਯੂਥ ਆਫ ਪੰਜਾਬ ਦੇ ਸਲਾਹਕਾਰ ਰਣਬੀਰ ਸਿੰਘ , ਪ੍ਰਧਾਨ ਗੁਰਪ੍ਰੀਤ ਸਿੰਘ ਮਾਨ, ਮੀਤ ਪ੍ਰਧਾਨ ਨੋਬਲਜੀਤ ਸਿੰਘ, ਜਨਰਲ ਸਕੱਤਰ ਤਰਜਿੰਦਰ ਸਿੰਘ, ਪਰਮਜੀਤ ਸਿੰਘ, ਸਰਵਕਾਰ ਸਿੰਘ, ਜਰਨੈਲ ਸਿੰਘ, ਹਰਿਕੰਵਲ ਸਿੰਘ, ਵਰਿੰਦਰਜੀਤ ਸਿੰਘ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
Related Topics: Dal Khalsa International