April 14, 2011 | By ਸਿੱਖ ਸਿਆਸਤ ਬਿਊਰੋ
ਹੇਠਲੀ ਲਿਖਤ ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ (ਕੈਨੇਡਾ) ਵਿਚੋਂ ਲਈ ਗਈ ਹੈ …
ਖਾਲਸਾ ਪੰਥ ਦੇ ਜਨਮ ਦੀ 312ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਮੂਹ ਸਿੱਖ ਜਗਤ ਨੂੰ ਜਿੱਥੇ ਅਸੀਂ ‘ਖਾਲਸਾ ਸਾਜਨਾ ਦਿਵਸ ਮੁਬਾਰਕ’ ਕਹਿਣ ਦੀ ਖੁਸ਼ੀ ਲੈ ਰਹੇ ਹਾਂ, ਉਥੇ ਖਾਲਸਾ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਨਿਸ਼ਾਨਿਆਂ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਬੇਨਤੀ ਕਰਦੇ ਹਾਂ। 1699 ਈਸਵੀ (ਨਾਨਕਸ਼ਾਹੀ ਸੰਮਤ 230-1756 ਬਿਕਰਮੀ) ਦੀ ਵਿਸਾਖੀ ਨੂੰ ਖੰਡੇਧਾਰ ਤੋਂ ਪ੍ਰਗਟ ਕੀਤਾ ‘ਖਾਲਸਾ’, ਆਪਣੇ ਸਿਰਜਣਾ ਦਿਵਸ ਤੋਂ ਹੀ ਮੁਸ਼ਕਿਲਾਂ-ਮੁਸੀਬਤਾਂ ਦੇ ਕਈ ਪੈਂਡੇ ਤਹਿ ਕਰਕੇ ਅੱਜ ਇਤਿਹਾਸ ਦੇ ਅਤਿ ਬਿਖੜੇ ਦੌਰ ’ਚੋਂ ਗੁਜ਼ਰ ਰਿਹਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਮੁਖਾਰਬਿੰਦ ’ਚੋਂ ਨਿਕਲੇ ਇਹ ਸ਼ਬਦ ਕਿ ‘ਮੈਨੂੰ ਕਿਰਪਾਨ ਦੀ ਧਾਰ ਤੋਂ ਕੁਰਬਾਨ ਹੋਣ ਲਈ ਇੱਕ ਸਿੱਖ ਚਾਹੀਦਾ ਹੈ’, 80 ਹਜ਼ਾਰ ਦੇ ਇਕੱਠ ਵਿੱਚ ਇੱਕ ਜ਼ਬਰਦਸਤ ਸੰਨਾਟਾ ਛੱਡ ਗਏ ਸਨ। ਪਰ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਵਜੂਦ ਵਿੱਚ ਆਈ ਤੇ ਬਾਕੀ ਅੱਠ ਗੁਰੂ ਸਾਹਿਬਾਨ ਵਲੋਂ ਵਰੋਸਾਈ ਸਿੱਖ ਸੰਗਤ ’ਚੋਂ, ਗੁਰੂ ਚਰਨਾਂ ਦੇ ਭੌਰੇ ਪੰਜ ਪ੍ਰੇਮੀਆਂ ਨੇ ਆਪਣਾ ਸੀਸ ਗੁਰੂ ਕ੍ਰਿਪਾਨ ਦੀ ਧਾਰ ਹੇਠ ਆ ਧਰਿਆ ਸੀ ਤੇ ਗੁਰੂ ਸਾਹਿਬ ਤੋਂ ਮਾਣ ਵਡਿਆਈ ਵਾਲਾ ‘ਪਿਆਰੇ’ ਦਾ ਖਿਤਾਬ ਹਾਸਲ ਕੀਤਾ ਸੀ। ਗੁਰੂ ਚਰਨਾਂ ਵਿੱਚ ਜੁੜੇ ਇਨ੍ਹਾਂ ਪ੍ਰੇਮੀ ਭੌਰਿਆਂ ਨੇ ‘ਅੰਮ੍ਰਿਤ’ ਦੀ ਦਾਤ ਹਾਸਲ ਕਰਕੇ ‘ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ’ ਦੇ ਰੱਬੀ ਹੁਕਮਨਾਮੇ ਅਨੁਸਾਰ, ਮਰਜੀਵੜੇ ਦੇ ਪਰਮਪਦ ਦੀ ਪ੍ਰਾਪਤੀ ਕੀਤੀ ਸੀ। ਦੋ-ਧਾਰੇ ਖੰਡੇ ਦੀ ਛੋਹ ਨਾਲ ਤਿਆਰ ਅੰਮ੍ਰਿਤ ਨੇ, ਮੀਰੀ-ਪੀਰੀ ਦੇ ਗੁਰਮਤ ਸਿਧਾਂਤ ਨੂੰ ਸਿੱਖੀ ਜੀਵਨ ਵਿੱਚ ਹਮੇਸ਼ਾਂ ਲਈ ਗਾਡੀਰਾਹ ਵਜੋਂ ਐਲਾਨਿਆ ਸੀ।
ਖਾਲਸਾ ਪੰਥ ਦਾ ਪਿਛਲੇ 312 ਵਰ੍ਹਿਆਂ ਦਾ ਇਤਿਹਾਸ ਗਵਾਹ ਹੈ ਕਿ ਖਾਲਸੇ ਨੇ ਡਰ ਜਾਂ ਲਾਲਚ ਵਿੱਚ ਆ ਕੇ ਆਪਣੇ ਨਿਸ਼ਾਨੇ ਤੋਂ ਥਿੜਕਾਹਟ ਨਹੀਂ ਵਿਖਾਈ। ਭਾਵੇਂ ਘੱਲੂਘਾਰਿਆਂ ਦੇ ਖੂਨੀ ਦੌਰ ਵੀ ਆਏ ਪਰ ਖਾਲਸਾ ਆਪਣੀ ਮੰਜ਼ਿਲੇ ਮਕਸੂਦ-ਪੂਰਣ ਪ੍ਰਭਸੱਤਾ ਸੰਪਨਤਾ ਵੱਲ ਮਜ਼ਬੂਤ ਕਦਮਾਂ ਨਾਲ ਵਧਦਾ ਹੀ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ, ਭਾਵੇਂ ਉਹ ਥੋੜਚਿਰਾ ਹੀ ਸੀ ਪਰ ਖਾਲਸੇ ਨੇ ਆਪਣੇ ‘ਮੁਕੰਮਲ ਆਜ਼ਾਦ’ ਹੋਣ ਦਾ ਸਬੂਤ ਸਥਾਪਤ ਕਰ ਦਿੱਤਾ ਸੀ। ਆਪਣੇ ਹੀ ਭਰਾਵਾਂ ਦੇ ਸਾਥ ਛੱਡ ਜਾਣ ਕਰਕੇ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਤੇ ਫੇਰ ਸ਼ਹੀਦੀ ਹੋਈ। ਬਾਬਾ ਬੰਦਾ ਸਿੰਘ ਬਹਾਦਰ ਦੇ ਤਿੰਨ ਸਾਲਾਂ ਦੇ ਸਪੁੱਤਰ ਨੂੰ, ਕਸਾਈ ਨੇ ਉਨ੍ਹਾਂ ਦੀ ਗੋਦ ਵਿੱਚ ਹੀ ਕੋਹਿਆ ਤੇ ਫਿਰ ਉਸ ਮਾਸੂਮ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ, ਸਿੱਖਾਂ ਦੇ ਥਾਪੇ ਗਏ ਪਹਿਲੇ ਜਰਨੈਲ ਨੇ ਸਿੱਖੀ ਸਿਦਕ ਕੇਸਾਂ-ਸਵਾਸਾਂ ਨਾਲ ਨਿਭਾਇਆ। ਇਹ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ ਅੱਠ ਸਾਲ ਬਾਅਦ ਦਾ ਸੀ ਅਤੇ ਇਹ ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਖਾਲਸੇ ਦੀ ਪਹਿਲੀ ਪ੍ਰੀਖਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਲਗਭਗ ਸੱਤ ਸੌ ਸਿੰਘਾਂ ਨੇ ਹੱਸ-ਹੱਸ ਕੇ ਸ਼ਹੀਦੀਆਂ ਪਾਈਆਂ, ਕਿਸੇ ਨੇ ਸਿੱਖੀ ਨੂੰ ਲਾਜ ਨਹੀਂ ਲਵਾਈ। ਇਹ ਬਦਕਿਸਮਤੀ ਦੀ ਗੱਲ ਹੈ ਕਿ ਅਸੀਂ ਉਸ ਵੇਲੇ ਦੀ ਮੁਗਲੀਆ ਸਰਕਾਰ ਦੀਆਂ ਅਫਵਾਹਾਂ ਅਤੇ ਆਪਣੀ ਕੌਮ ਦੇ ਈਰਖਾਲੂਆਂ ਦੀ ਵਜ੍ਹਾ ਕਰਕੇ ਕਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨਾਲ ਇਨਸਾਫ਼ ਨਹੀਂ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ’ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਲਗਭਗ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਖਾਲਸਾ, ਦਿੱਲੀ ਦੇ ਮੁਗਲ ਹਾਕਮਾਂ ਅਤੇ ਅਫਗਾਨ ਧਾੜਵੀਆਂ ਦੇ ਖਿਲਾਫ ਲਹੂ-ਡੋਲਵੀਂ ਗੁਰੀਲਾ ਜੰਗ ਲੜਦਾ ਰਿਹਾ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਅਤੇ ਸਾਰੇ ਪੰਜਾਬ ਅੰਦਰ ਸਿੱਖਾਂ ਦਾ ਸ਼ਿਕਾਰ ਹੋਣ ਲੱਗਾ। ਸਿੰਘਾਂ ਨੇ ਮਾਰੂਥਲਾਂ ਤੇ ਜੰਗਲਾਂ ਨੂੰ ਜਾ ਭਾਗ ਲਾਏ ਪਰ ‘ਅਕਾਲ-ਅਕਾਲ’ ਦੀ ਸਦ ਮੱਠੀ ਨਾ ਹੋਣ ਦਿੱਤੀ। ‘ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ’ ਦਾ ਸੰਕਲਪ ਦੋ ਵੇਲੇ ਅਰਦਾਸ ਵਿੱਚ ਦੁਹਰਾਇਆ ਜਾਂਦਾ ਸੀ ਤੇ ਇਸ ਅਰਦਾਸ ਨਾਲ ਸਿੱਖ ਕੌਮ, ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਪੂਰਣ ਅਜ਼ਾਦੀ ਦੇ ਨਾਹਰੇ ਨੂੰ ਦੋਹਰਾਉਂਦੀ ਸੀ। ਕਦੇ ਕਿਸੇ ਸਿੱਖ ਨੇ ਮਿੰਨਤ ਤਰਲਾ ਕਰਕੇ ਜਾਂ ਤਲਾਸ਼ੀਆਂ ਦੇ ਕੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਜੇ ਦਰਸ਼ਨ ਇਸ਼ਨਾਨ ਕੀਤੇ ਤਾਂ ਲਲਕਾਰ ਕੇ, ਭਾਵੇਂ ਇਸ ਬਦਲੇ ਸ਼ਹੀਦੀ ਵੀ ਕਿਉਂ ਨਾ ਪਾਉਣੀ ਪਈ। ਪੁਰਾਤਨ ਸਿੰਘਾਂ ਦੀ ਇਸ ਦ੍ਰਿੜਤਾ ਸਦਕਾ, ਸਤਿਗੁਰੂ ਪਾਤਸ਼ਾਹ ਨੇ ਰਾਜ ਭਾਗ ਪੰਥ ਦੀ ਝੋਲੀ ਪਾਇਆ। ਖਾਲਸਾ ਪੰਥ ਖੂਨੀ ਨਦੀ ਨੂੰ ਪਾਰ ਕਰਕੇ ਹੁਣ ਉਸ ਧਰਤੀ ਦਾ ‘ਬਾਦਸ਼ਾਹ’ ਸੀ, ਜਿਸ ਧਰਤੀ ਨੂੰ ਕਦੀ ਜਾਬਰਾਂ ਨੇ ਖਾਲਸੇ ਦੇ ਲਹੂ ਨਾਲ ਲਾਲ ਕੀਤਾ ਸੀ। ਜਮਰੌਦ ਤੋਂ ਲੈ ਕੇ ਕਾਂਗ਼ੜੇ ਤੱਕ ਅਤੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੱਕ ਖਾਲਸੇ ਦੇ ਕੇਸਰੀ ਪਰਚਮ ਝੂਲਦੇ ਸਨ।
ਡੋਗਰਿਆਂ-ਮਿਸ਼ਰਾਂ ਦੀ ਨਮਕ ਹਰਾਮੀ ਤੇ ਸਿੱਖ ਸਰਦਾਰਾਂ ਦੀ ਲਾਲਚ-ਈਰਖਾ-ਹਊਮੈ ਦੀ ਬਦੌਲਤ ਫਿਰੰਗੀ ਪੰਜਾਬ ’ਤੇ ਕਾਬਜ਼ ਹੋ ਗਏ। ਖਾਲਸੇ ਦੀ ਆਜ਼ਾਦੀ ਲਈ ਪਹਿਲੀ ਹੂਕ ਭਾਈ ਮਹਾਰਾਜ ਸਿੰਘ ਨੌਰੰਗਾਬਾਦੀ ਨੇ ਮਾਰੀ। ਕੁਝ ਵਰ੍ਹਿਆਂ ਬਾਅਦ ਬਾਬਾ ਰਾਮ ਸਿੰਘ ਨਾਮਧਾਰੀ ਨੇ ਫਿਰੰਗੀ ਰਾਜ ਦੇ ਖਿਲਾਫ ਜ਼ੋਰਦਾਰ ‘ਕੂਕਾ ਲਹਿਰ’ ਆਰੰਭੀ। ‘ਰਹਿਣ ਨਾ ਦੇਵੋ ਹਿੰਦ ਵਿੱਚ ਰਾਜ ਫਿਰੰਗੀ ਦਾ’ ਇਸ ਚੈ¦ਜ ਨੂੰ ਕਬੂਲਦਿਆਂ ਲਗਭਗ ਸੌ ਸਾਲ ਸਿੱਖ ਕੌਮ ਨੇ ਸ਼ਹੀਦੀਆਂ ਦੀ ਝੜੀ ਲਾਈ। ਕਿਨ੍ਹਾਂ ਕਿਨ੍ਹਾਂ ਆਜਾਦੀ ਘੁਲਾਟੀਆਂ ਨੂੰ ਅੱਜ ਦੇ ਦਿਨ ਯਾਦ ਕਰੀਏ – ਅਸਲ ਵਿੱਚ ਫਿਰੰਗੀ ਤੋਂ ਭਾਰਤ ਦੀ ਆਜ਼ਾਦੀ ਦੀ ਤਵਾਰੀਖ, ਸਿੱਖ ਤਵਾਰੀਖ ਹੀ ਹੈ ਭਾਵੇਂ ਇਸ ਦਾ ਸਿਲਾ ਚੁਗਿਆ-ਅਕ੍ਰਿਤਘਣ ਬਹੁਗਿਣਤੀ ਨੇ, ਜਿਨ੍ਹਾਂ ਦੇ ਲੀਡਰ ਗਾਂਧੀ ਤੇ ਨਹਿਰੂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਨਿਰੰਕਾਰ ਦੀ ਕਚਹਿਰੀ ਵਿੱਚ ਨਰਕਗਾਮੀ ਹੋ ਨਿੱਬੜੇ।
1947 ਤੋਂ ਬਾਅਦ, ਪਿਛਲੇ ਲਗਭਗ 64 ਵਰ੍ਹੇ ਬ੍ਰਾਹਮਣਵਾਦੀ ਵਿਤਕਰਿਆਂ ਤੇ ਜ਼ੁਲਮਾਂ ਦੀ ¦ਬੀ ਦਾਸਤਾਨ ਹੀ ਹਨ। 13 ਅਪ੍ਰੈਲ, 1978 ਦੀ ਵਿਸਾਖੀ ਨੂੰ ਸ਼ਹੀਦ ਭਾਈ ਫੌਜਾ ਸਿੰਘ ਸਮੇਤ 13 ਗੁਰੂ ਕੇ ਪਿਆਰੇ ਅੰਮ੍ਰਿਤਧਾਰੀ ਸਿੰਘ, ਸਰਕਾਰੀ ਨੀਤੀ ਨਾਲ, ਨਰਕਧਾਰੀਆਂ ਵਲੋਂ ਸ਼ਹੀਦ ਕੀਤੇ ਗਏ। ਜੂਨ 1984 ਦਾ ਘੱਲੂਘਾਰਾ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਮਾਰ ਮੁਕਾਉਣ ਲਈ ਸਰਕਾਰ ਵਲੋਂ ਕੀਤੇ ਗਏ ਅੱਡ-ਅੱਡ ਫੌਜੀ ਐਕਸ਼ਨ ਡੇਢ ਲੱਖ ਤੋਂ ਜ਼ਿਆਦਾ ਸਿੰਘ, ਸਿੰਘਣੀਆਂ, ਭੁਝੰਗੀਆਂ, ਭੁਝੰਗਣਾਂ ਦੀ ਕੁਰਬਾਨੀ ਲੈ ਚੁੱਕੇ ਹਨ। ਜ਼ੁਲਮ ਦੀ ਕਾਲੀ ਬੋਲੀ ਰਾਤ ਸਿੱਖ ਪੰਥ ਦੇ ਸਿਰ ’ਤੇ ਹੈ। ਸਿੱਖ ਕੌਮ ਦੇ ਸਰਵਨਾਸ਼ ਲਈ ਬ੍ਰਾਹਮਣਵਾਦੀ ਸਾਮਰਾਜ ਹੁਣ ਇੱਕ ਪੱਗੜੀਧਾਰੀ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਕਮਾਂਡ ਹੇਠ ਤਰ੍ਹਾਂ-ਤਰ੍ਹਾਂ ਦੀਆਂ ਸਿੱਖ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ। ਸਾਡੇ ਹੀ ਕਈ ਸਿੱਖ ਭਰਾ ਕਾਂਗਰਸ-ਅਕਾਲੀ ਆਦਿ ਪਾਰਟੀਆਂ ਦੇ ਆਗੂਆਂ ਦੇ ਰੂਪ ਵਿੱਚ ਬ੍ਰਾਹਮਣਵਾਦੀਆਂ ਦੇ ਇਸ ਕੁਹਾੜੇ ਦਾ ਦਸਤਾ ਬਣੇ ਹੋਏ ਹਨ। ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਮਹਾਨ ਸੰਤ-ਸਿਪਾਹੀ ਦੇ ਪਵਿੱਤਰ ਬਚਨਾਂ ਕਿ ‘ਜਿਸ ਦਿਨ ਹਰਿਮੰਦਰ ਸਾਹਿਬ ਦੀ ਹਦੂਦ ਵਿੱਚ ਜ਼ਾਲਮ ਫੌਜ ਨੇ ਆਪਣੇ ਗੰਦੇ ਪੈਰ ਪਾਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਤੋਂ ਪ੍ਰੇਰਨਾ ਲੈ ਕੇ ਖਾਲਸੇ ਦੇ ਲੱਖਾਂ ਗੱਭਰੂ-ਪੰਥਕ ਘਰ-ਖਾਲਿਸਤਾਨ ਦੀ ਉਸਾਰੀ ਵਿੱਚ ਪਾਣੀ ਦੀ ਥਾਂ ਲਹੂ ਅਤੇ ਇੱਟਾਂ-ਚੂਨੇ ਦੀ ਥਾਂ ਆਪਣੇ ਹੱਡਾਂ ਦਾ ਚੂਰਾ ਪਾ ਕੇ ਗੁਰੂ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਜਾ ਬਿਰਾਜੇ ਹਨ। ਖਾਲਸਾ ਸਿਰਜਣਾ ਦਿਵਸ ਦੇ ਪਵਿੱਤਰ ਦਿਹਾੜੇ ’ਤੇ ਅਸੀਂ ਸਮੂਹ ਖਾਲਿਸਤਾਨ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਵਲੋਂ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਦੋਹਰਾਈਏ।
ਜਥੇਬੰਦੀਆਂ ਵਿੱਚ ਵਿਚਾਰਧਾਰਕ ਮੱਤਭੇਦ ਵੀ ਹੁੰਦੇ ਆਏ ਹਨ ਅਤੇ ਕਈ ਵਾਰ ਚੰਦਰੀ ਫੁੱਟ ਵੀ ਪੰਥ ਦੇ ਵਿਹੜੇ ਆਣ ਵੜਦੀ ਰਹੀ ਹੈ। ਪਰ ਇਹ ਸਭ ਸਾਡੇ ਨਿਸ਼ਾਨੇ ਤੋਂ ਥਿੜਕਣ ਦਾ ਬਹਾਨਾ ਨਹੀਂ ਹੋਣਾ ਚਾਹੀਦਾ। ਦੂਸਰਿਆਂ ਦੇ ਔਗਣਾਂ ਨੂੰ ਅੱਖੋਂ ਪਰੋਖੇ ਕਰਕੇ, ਆਪਸੀ ਤਾਲਮੇਲ ਬਣਾਉਣਾ ਅਤੇ ‘ਸਾਂਝੀ ਤਾਕਤ’ ਦਾ ਬਾਨਣੂੰ ਬੰਨ੍ਹਣਾ, ਇਸ ਵੇਲੇ ਸਮੇਂ ਦੀ ਲੋੜ ਹੈ। ਪੁਰਾਤਨ ਸਿੰਘ ਵੀ ਕਈ ਵਾਰ ਇਸ ਕਿਸਮ ਦੀ ਕਸ਼ਮਕਸ਼ ’ਚੋਂ ਗੁਜ਼ਰਦੇ ਸਨ ਪਰ ਉਹ ਇਸ ਵਜ੍ਹਾ ਕਰਕੇ ਮੁਕੰਮਲ ਆਜ਼ਾਦੀ ਲਈ ਲੜਾਈ ਤੋਂ ਮੁਨਕਰ ਨਹੀਂ ਸਨ ਹੁੰਦੇ। ਆਓ! ਅੱਜ ਦੇ ਦਿਨ ’ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਤਨ, ਮਨ ਤੇ ਧਨ ਗੁਰਬਾਨ ਕਰਨ ਦੇ ਆਪਣੇ ਇਰਾਦੇ ਦਾ ਪ੍ਰਗਟਾਵਾ ਕਰੀਏ। ਪੁਰਾਤਨ ਸਿੰਘਾਂ ਦਾ ਵਿਸ਼ਵਾਸ਼ (ਜਿਸ ਵਿਸ਼ਵਾਸ਼ ਹੇਠ ਸਿੰਘਾਂ ਨੇ 17 ਵਾਰ ਦਿੱਲੀ ਨੂੰ ਆਪਣੇ ਪੈਰਾਂ ਹੇਠ ਮਧੋਲਿਆ ਸੀ) ਜੋ ਕਿ ਸਾਡੇ ਅਜੋਕੇ ਦੋ ਦਹਾਕਿਆਂ ਦੇ ਸ਼ਹੀਦ ਜੁਝਾਰੂ ਸਿੰਘਾਂ-ਸਿੰਘਣੀਆਂ ਦਾ ਵਿਸ਼ਵਾਸ਼ ਸੀ, ਬੁ¦ਦ ਆਵਾਜ਼ ਵਿੱਚ ਦੋਹਰਾਈਏ-
‘ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ। ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ।’