ਸਿਆਸੀ ਖਬਰਾਂ

ਕੇਜਰੀਵਾਲ ਖੁਦ ਲੰਬੀ ਤੋਂ ਚੋਣ ਲੜ ਕੇ ਦੇਖ ਲਵੇ, ਜ਼ਮਾਨਤ ਜ਼ਬਤ ਹੋਵੇਗੀ: ਹਰਸਿਮਰਤ ਬਾਦਲ

December 28, 2016 | By

ਲੁਧਿਆਣਾ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਮੰਗਲਵਾਰ ਲੁਧਿਆਣਾ ਵਿਖੇ ਕਿਹਾ ਕਿ ਲੰਬੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਭਾਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਚੋਣ ਲੜ ਲੈਣ, ਉਸਦੀ ਜ਼ਮਾਨਤ ਲਾਜ਼ਮੀ ਜ਼ਬਤ ਹੋਵੇਗੀ।

ਹਰਸਿਮਰਤ ਬਾਦਲ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਡਿਜੀਟਲ ਪੇਮੈਂਟ ਦੀ ਪ੍ਰਮੋਸ਼ਨ ਲਈ ਲੱਗੇ ਮੇਲੇ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਦਸਫਾਸ਼ ਹੋ ਚੁੱਕਿਆ ਹੈ ਅਤੇ ਇਸਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੈੱਬਸਾਈਟ ’ਤੇ ਪਾਰਦਰਸ਼ੀ ਢੰਗ ਨਾਲ ਫੰਡ ਲੈਣ ਦੇ ਵੱਡੇ ਦਾਅਵੇ ਕੀਤੇ ਸਨ ਪਰ ਹੁਣ ਇਸ ਪਾਰਟੀ ਨੇ ਉਹ ਵੈੱਬਸਾਈਟ ਹੀ ਉਡਾ ਦਿੱਤੀ ਹੈ।

ਲੁਧਿਆਣਾ ਵਿੱਚ ਡਿਜੀਧਨ ਮੇਲੇ ਦੌਰਾਨ ਹਰਸਿਮਰਤ ਬਾਦਲ ਡੀਏਵੀ ਸਕੂਲ ਦੀ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ

ਲੁਧਿਆਣਾ ਵਿੱਚ ਡਿਜੀਧਨ ਮੇਲੇ ਦੌਰਾਨ ਹਰਸਿਮਰਤ ਬਾਦਲ ਡੀਏਵੀ ਸਕੂਲ ਦੀ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ

ਉਨ੍ਹਾਂ ‘ਆਪ’ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਦਿਆਂ ਕਿਹਾ ਕਿ ਇਹ ਪਾਰਟੀ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਉਠੀ ਸੀ ਅਤੇ ਅੱਜ ਖੁਦ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਈ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਵਿਚਾਲੇ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਦੱਸਣ ਲਈ ਕਿਹਾ।

ਇਸ ਮੌਕੇ ਮੌਜੂਦ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਭਾਜਪਾ 23 ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ ਅਤੇ ਉਮੀਦਵਾਰਾਂ ਦੀ ਸੂਚੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਭਾਜਪਾ ਚੋਣ ਕਮੇਟੀ ਨੇ ਹਰ ਸੀਟ ਤੋਂ ਤਿੰਨ-ਤਿੰਨ ਉਮੀਦਵਾਰਾਂ ਦੇ ਨਾਮ ਦਿੱਲੀ ਹਾਈਕਮਾਂਡ ਨੂੰ ਭੇਜ ਦਿੱਤੇ ਹਨ।

ਸਮਾਗਮ ਦੌਰਾਨ ਨਕਦੀ ਰਹਿਤ ਲੈਣ ਦੇਣ ਕਰਨ ਵਾਲੇ ਖਾਤਾਧਾਰਕ ਲੋਕਾਂ ਦਾ ਲੱਕੀ ਡਰਾਅ ਵੀ ਕੱਢਿਆ ਗਿਆ। ਇਸ ਮੌਕੇ ਪੂਰੀ ਤਰ੍ਹਾਂ ਨਗਦੀ ਰਹਿਤ ਕੰਮ ਕਰਨ ਵਾਲੇ ਲੁਧਿਆਣਾ ਦੇ ਦੋ ਸਕੂਲਾਂ, ਮਾਲ ਵਿਭਾਗ ਲੁਧਿਆਣਾ ਅਤੇ ਨਗਦੀ ਰਹਿਤ ਵਿਸ਼ੇ ’ਤੇ ਹੋਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,