July 19, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ(18 ਜੁਲਾਈ, 2015): ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿੱਚ ਪਈ ਫੁੱਟ ਅਤੇ ਬਗਾਵਤ ਤੋਂ ਬਾਅਦ ਪਾਰਟੀ ਦੀ ਪੰਜਾਬ ਇਕਾਈ ਵਿੱਚ ਉੱਠੀਆਂ ਬਗਾਵਤੀ ਸੁਰਾਂ ਹੋਰ ਉੱਚੀਆਂ ਹੁੰਦੀਆਂ ਜਾ ਰਹੀਆਂ ਹਨ। ਪਾਰਟੀ ਦੀ ਪੰਜਾਬੀ ਇਕਾਈ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਅਤੇ ਪੰਜਾਬ ਇਕਾਈ ਦੇ ਮਾਮਲਿਆਂ ਦੇ ਇਨਚਾਰਜ਼ ਸੰਜ਼ੇ ਸਿੰਘ ਦੀ ਕਾਰਜ਼ਸ਼ੈਲੀ ‘ਤੇ ਕਿੰਤੂ ਕਰਨ ਵਾਲੇ ਡਾ. ਦਲਜੀਤ ਸਿੰਘ ਨੂੰ ਪਾਰਟੀ ਨੇ ਬਾਅਦ ਦਾ ਰਾਹ ਵਿਖਾ ਦਿੱਤਾ ਹੈ।
ਪਾਰਟੀ ਦੇ ਇਸ ਫੈਸਲੇ ਦਾ ਫਤਿਹਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਮੈਭਰ ਲੋਕ ਸਭਾ ਸ੍ਰ. ਹਰਿੰਦਰ ਸਿੰਘ ਖਾਲਸਾ ਤੋਂ ਬਾਅਦ ਪਟਿਆਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਆਪਣੀ ਹੀ ਪਾਰਟੀ ਦੇ ਕੌਮੀ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਗੰਭੀਰ ਦੋਸ਼ ਲਾਇਆ ਹੈ ਕਿ ਉਹ ਤਾਨਾਸ਼ਾਹ ਬਣ ਬੈਠੇ ਹਨ ।
ਉਨ੍ਹਾਂ ਦੇ ਪੀ.ਏ. ਸ੍ਰੀ ਅਟਿਲ ਬਹਾਦਰ ਰਾਹੀਂ ਟੈਲੀਫੋਨ ‘ਤੇ ਕਰਵਾਈ ਗਈ ਗੱਲਬਾਤ ਦੌਰਾਨ ਡਾਕਟਰ ਗਾਂਧੀ ਨੇ ਵਿਚਾਰ ਪ੍ਰਗਟ ਕੀਤਾ ਕਿ ਕੇਜਰੀਵਾਲ ‘ਆਪ’ ‘ਚੋਂ ਲੋਕ ਰਾਜ ਦੀ ਆਵਾਜ਼ ਨੂੰ ਕੁਚਲਣ ਵਾਲੇ ਪਾਸੇ ਤੁਰ ਪਏ ਹਨ।
ਉਨ੍ਹਾਂ ਕਿਹਾ ਕਿ ਡਾਕਟਰ ਦਲਜੀਤ ਸਿੰਘ ਨੂੰ ‘ਆਪ’ ਪੰਜਾਬ ਦੀ ਡਸਿਪਲਨਰੀ ਐਕਸ਼ਨ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਕੇ ਜੋ ਅਪਮਾਨਿਤ ਕੀਤਾ ਗਿਆ ਉਹ ਨਿੰਦਣਯੋਗ ਹੀ ਨਹੀਂ, ਬਲਕਿ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ।
ਡਾਕਟਰ ਗਾਂਧੀ ਨੇ ਮੰਗ ਕੀਤੀ ਕਿ ਕੇਜਰੀਵਾਲ ਡਾ: ਦਲਜੀਤ ਸਿੰਘ ਬਾਰੇ ਕੀਤੇ ਫ਼ੈਸਲੇ ‘ਤੇ ਨਜ਼ਰਸਾਨੀ ਕਰਨ ।
ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰ ਦਲਜੀਤ ਸਿੰਘ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਕਿਹਾ ਕਿ ਸ: ਸੁੱਚਾ ਸਿੰਘ ਛੋਟੇਪੁਰ ਸਿਆਸੀ ਤੌਰ ‘ਤੇ ਮੌਕਾ ਪ੍ਰਸਤ ਹਨ ਤੇ ਉਨ੍ਹਾਂ ‘ਚ ਪਾਰਟੀ ਦੀ ਕਮਾਂਡ ਸੰਭਾਲਣ ਦੀ ਸਮਰੱਥਾ ਨਹੀ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿਸ ਪਾਸੇ ਵੱਲ ਤੁਰ ਪਏ ਹਨ ਉਹ ਰਸਤਾ ‘ਆਪ’ ਨੂੰ ਬਰਬਾਦੀ ਵੱਲ ਲੈ ਜਾਏਗਾ ।ਉਨ੍ਹਾਂ ਦਾਅਵਾ ਕੀਤਾ ਕਿ ਮੈਂ ਹੁਣ ਵੀ ‘ਆਪ’ ਦੇ ਵਿਚਾਰਾਂ ਨਾਲ ਖੜ੍ਹਾ ਹਾਂ ਤੇ ਆਖਰੀ ਦਮ ਤੱਕ ਪਾਰਟੀ ਦਾ ਸਾਥ ਨਿਭਾਵਾਂਗਾ।
Related Topics: Aam Aadmi Party, Arvind Kejriwal, Dr. Daljeet Singh, Dr. Dharamveer Gandhi, Punjab Poltics